ਡੇਰਾ ਬਾਬਾ ਨਾਨਕ ਵਿਖੇ ਮੁੱਖ ਮੰਤਰੀ ਦਾ ਦਿਖਾਵੇ ਦਾ ਦੌਰਾ ਪਿਆ ਪੁੱਠਾ : ਮਜੀਠਿਆ
Friday, Sep 20, 2019 - 12:27 AM (IST)
ਚੰਡੀਗੜ੍ਹ,(ਅਸ਼ਵਨੀ): ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਦਾ ਡੇਰਾ ਬਾਬਾ ਨਾਨਕ ਵਿਖੇ ਦਿਖਾਵੇ ਦਾ ਦੌਰਾ ਅੱਜ ਪੁੱਠਾ ਪੈ ਗਿਆ ਕਿਉਂਕਿ ਇਸ ਮੌਕੇ ਸ਼ਤਾਬਦੀ ਸਮਾਗਮਾਂ 'ਚ ਸੂਬਾ ਸਰਕਾਰ ਵਲੋਂ ਪਾਏ ਜਾ ਰਹੇ ਯੋਗਦਾਨ ਜਾਂ ਕਿਸੇ ਪ੍ਰਾਜੈਕਟ ਬਾਰੇ ਦੱਸਣ ਦੀ ਬਜਾਏ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਚੱਲ ਰਹੇ ਪ੍ਰਾਜੈਕਟਾਂ ਨਾਲ ਹੀ ਫੋਟੋਆਂ ਖਿਚਵਾਉਣੀਆਂ ਪਈਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਕੋਲੋਂ ਇਨ੍ਹਾਂ ਸ਼ਤਾਬਦੀ ਜ਼ਸ਼ਨਾਂ ਦੇ ਇਸ ਪਵਿੱਤਰ ਤੇ ਇਤਿਹਾਸਕ ਮੌਕੇ ਉਪਰ ਵਧੇਰੇ ਪ੍ਰਤੀਬੱਧਤਾ ਤੇ ਸੰਜੀਦਗੀ ਦਿਖਾਉਣ ਦੀ ਆਸ ਰੱਖੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਸਮਾਂ ਹੈ, ਜਦੋਂ ਸਰਕਾਰਾਂ ਅਤੇ ਸਿਆਸਤਦਾਨਾਂ ਨੂੰ ਸੰਜੀਦਗੀ ਅਤੇ ਸੁਹਿਰਦਤਾ ਦਿਖਾਉਣੀ ਚਾਹੀਦੀ ਹੈ ਅਤੇ ਸਸਤੀ ਸ਼ੋਹਰਤ ਜਾਂ ਸਿਹਰਾ ਲੈਣ ਦੀ ਫਜ਼ੂਲ ਦੌੜ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਖਾਸ ਕਰ ਕੇ ਜਦੋਂ ਉਹ ਇਸ ਦੇ ਹੱਕਦਾਰ ਨਾ ਹੋਣ। ਅਸੀਂ ਸੂਬਾ ਸਰਕਾਰ ਵਲੋਂ ਇਸ ਪਾਵਨ ਮੌਕੇ 'ਤੇ ਚੁੱਕੇ ਗਏ ਨੇਕ ਅਤੇ ਲੋੜੀਂਦੇ ਕਦਮਾਂ ਦਾ ਸਵਾਗਤ ਕਰਾਂਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਵਲੋਂ ਪਾਏ ਕਿਸੇ ਇਕ ਵੀ ਯੋਗਦਾਨ 'ਤੇ ਉਂਗਲ ਰੱਖਣੀ ਮੁਸ਼ਕਿਲ ਹੋ ਰਹੀ ਹੈ, ਜਿਸ 'ਤੇ ਉਹ ਮਾਣ ਕਰ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਦੌਰੇ ਸਮੇਂ ਮੁੱਖ ਮੰਤਰੀ ਵੀ ਪ੍ਰੇਸ਼ਾਨ ਜਾਪਦਾ ਸੀ ਅਤੇ ਉਸ ਨੇ ਆਪਣੀ ਸਰਕਾਰ ਦੀ ਇਸ ਨਾਕਾਮੀ ਨੂੰ ਆਖਰੀ ਸਮੇਂ ਉੱਤੇ ਕੁੱਝ ਐਲਾਨ ਕਰਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਮੌਕੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਘੱਟੋ ਘੱਟ ਇੰਨਾ ਕਰ ਸਕਦੀ ਸੀ ਕਿ ਐੱਨ. ਡੀ. ਏ. ਸਰਕਾਰ ਵਲੋਂ ਕਰਤਾਰਪੁਰ ਲਾਂਘੇ ਲਈ ਸ਼ਾਨਦਾਰ ਪ੍ਰਾਜੈਕਟਾਂ ਦੇ ਰੂਪ ਵਿਚ ਪਾਏ ਯੋਗਦਾਨ ਦੀ ਈਮਾਨਦਾਰੀ ਨਾਲ ਤਾਰੀਫ਼ ਕਰਦੀ। ਇਨ੍ਹਾਂ 'ਚੋਂ ਜ਼ਿਆਦਾਤਰ ਪ੍ਰਾਜੈਕਟ ਰਿਕਾਰਡ ਸਮੇਂ ਅੰਦਰ ਮੁਕੰਮਲ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਨਿਸ਼ਚਿਤ ਸਮੇਂ 'ਤੇ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ।