ਡੇਰਾ ਬਾਬਾ ਨਾਨਕ ਵਿਖੇ ਉਸਾਰੀ ਜਾ ਰਹੀ ਹੈ ਵਿਸ਼ਾਲ ਟੈਂਟ ਸਿਟੀ, ਜਾਣੋ ਕੀ ਹੈ ਖਾਸ

10/19/2019 5:17:37 PM

ਡੇਰਾ ਬਾਬਾ ਨਾਨਕ (ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਭਾਰੀ ਗਿਣਤੀ 'ਚ ਆਉਣ ਵਾਲੀਆ ਸੰਗਤਾਂ ਦੀ ਰਹਾਇਸ ਵਾਸਤੇ ਇਥੇ ਇਸ ਵਿਸ਼ਾਲ ਤੰਬੂ-ਸ਼ਹਿਰ (ਟੈਂਟ ਸਿਟੀ) ਉਸਰਾਇਆ ਜਾ ਰਿਹਾ ਹੈ। ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਖੁੱਲ੍ਹਣ ਵਾਲੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਗੁਰਧਾਮਾਂ ਦੇ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਪੁੱਜਣਗੀਆਂ, ਜਿਨ੍ਹਾਂ ਵਿਸ਼ਰਾਮ ਵਾਸਤੇ ਡੇਰਾ ਬਾਬਾ ਨਾਨਕ ਵਿਖੇ ਉਚੇਚੇ ਤੌਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਇਸ ਕਸਬੇ ਦੇ ਬਾਹਰਵਾਰ ਅਤੇ ਲਾਂਘੇ ਦੇ ਮੁੱਖ ਦੁਆਰ ਦੇ ਨਜ਼ਦੀਕ 40 ਏਕੜ ਜ਼ਮੀਨ 'ਤੇ ਇਕ ਵਿਸ਼ਾਲ ਟੈਂਟ ਸਿਟੀ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਤੰਬੂਆਂ ਦੇ ਇਸ ਸ਼ਹਿਰ 'ਚ 3500 ਦੇ ਕਰੀਬ ਸ਼ਰਧਾਲੂਆਂ ਦੀ ਰਹਾਇਸ਼, ਲੰਗਰ, ਪਾਰਕਿੰਗ, ਪਖਾਨਿਆਂ, ਸੁਰੱਖਿਆ ਅਤੇ ਸਹਾਇਤਾ ਕੇਂਦਰਾਂ ਦੀ ਸਹੂਲਤ ਵੀ ਉਪਲਬੱਧ ਹੋਵੇਗੀ।
PunjabKesari'ਜਗ ਬਾਣੀ' ਟੀਮ ਵੱਲੋਂ ਅੱਜ ਇਸ ਟੈਂਟ ਸਿਟੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਹੁਣ ਤੱਕ ਇਸ ਟੈਂਟ ਸਿਟੀ ਦਾ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ, ਜਦੋਂ ਕਿ ਨਿਰਮਾਣਕਰਤਾਵਾਂ ਦਾ ਕਹਿਣਾ ਹੈ ਕਿ 31 ਅਕਤੂਬਰ ਤੋਂ ਪਹਿਲਾਂ ਸਾਰੇ ਤੰਬੂਆਂ ਦੀ ਉਸਾਰੀ ਕਰ ਕੇ ਟੈਂਟ ਸਿਟੀ ਦਾ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ। ਇਸ ਸਬੰਧੀ ਟੈਂਟ ਸਿਟੀ 'ਚ ਮੌਜੂਦ ਪ੍ਰੀਤਮ ਪੋਰਵਾਲ ਨੇ ਦੱਸਿਆ ਕਿ ਅੱਜ ਤੋਂ ਟੈਂਟ ਸਿਟੀ ਦੀ ਆਨਲਾਈਨ ਅਤੇ ਆਫਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਸੰਗਤ ਟੈਂਟ ਸਿਟੀ ਵਿਚ ਸਹੂਲਤਾਂ ਲੈਣ ਲਈ ਸਰਕਾਰ ਵੱਲੋਂ ਦਿੱਤੀ ਵੈੱਬਸਾਈਟ 'ਤੇ ਅਪਲਾਈ ਕਰ ਸਕਦੀ ਹੈ।

PunjabKesariਉਨ੍ਹਾਂ ਦੱਸਿਆ ਕਿ ਇਸ ਟੈਂਟ ਸਿਟੀ ਵਿਚ ਰਹਿਣ ਵਾਲੀ ਸੰਗਤ ਨੂੰ ਇਹ ਸਹੂਲਤ ਸਰਕਾਰ ਵੱਲੋਂ ਬਿਲਕੁੱਲ ਮੁਫਤ ਦਿੱਤੀ ਜਾਵੇਗੀ। ਇਸ ਟੈਂਟ ਸਿਟੀ ਵਿਚ 660 ਟੈਂਟ ਲਾਏ ਜਾ ਰਹੇ ਹਨ, ਜਿਸ ਵਿਚ 120 ਦੇ ਕਰੀਬ ਵੀ. ਆਈ. ਪੀ. ਟੈਂਟ ਹੋਣਗੇ ਅਤੇ ਆਮ ਟੈਂਟਾਂ ਵਿਚ 2, 4 ਅਤੇ 6 ਲੋਕਾਂ ਦੀ ਰਹਿਣ ਦੀ ਸਮਰਥਾ ਹੋਵੇਗੀ ਜਦਕਿ ਵੀ. ਆਈ. ਪੀ. ਟੈਂਟਾਂ ਵਿਚ ਅਟੈਚਡ ਪਖਾਨੇ, ਵਧੀਆ ਲੱਕੜੀ ਦਾ ਫਰਚਨੀਚਰ ਅਤੇ ਵਧੀਆ ਲਾਈਟਾਂ ਦਾ ਵੀ ਪ੍ਰਬੰਧ ਹੋਵੇਗਾ ਜਦਕਿ ਟੈਂਟਾਂ ਵਿਚ ਪੱਖਿਆਂ ਆਦਿ ਦੀ ਸਹੂਲਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਟੈਂਟ ਸਿਟੀ 5 ਨਵੰਬਰ ਤੋਂ 20 ਨਵੰਬਰ ਤੱਕ ਬਣੀ ਹੈ ਪਰ ਜੇਕਰ ਸੰਗਤ ਦਾ ਇਸ ਕਸਬੇ ਵਿਚ ਵੱਡੀ ਗਿਣਤੀ ਵਿਚ ਆਉਣਾ-ਜਾਣਾ ਰਹੇਗਾ ਤਾਂ ਇਸ ਟੈਂਟ ਸਿਟੀ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਟੈਂਟ ਸਿਟੀ ਦੀ ਸੁਰੱਖਿਆ ਲਈ ਪੁਲਸ ਦਿਨ-ਰਾਤ ਡਿਊਟੀ ਦੇ ਰਹੀ ਹੈ ।


Baljeet Kaur

Content Editor

Related News