ਨਫ਼ਰਤ ਭਰੀਆਂ ਪੋਸਟਾਂ ਪਾਉਣ ਵਾਲਿਆਂ ’ਤੇ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਦਾ ਬਿਆਨ ਆਇਆ ਸਾਹਮਣੇ
Friday, Aug 27, 2021 - 12:00 PM (IST)
ਜਲੰਧਰ/ਨਕੋਦਰ (ਪਾਲੀ)– ਪੰਜਾਬੀ ਗਾਇਕ ਗੁਰਦਾਸ ਮਾਨ ਦੇ ਵਿਵਾਦ ਦੇ ਚਲਦਿਆਂ ਸੋਸ਼ਲ ਮੀਡੀਆ ’ਤੇ ਲੋਕ ਦੋ ਧੜਿਆਂ ’ਚ ਵੰਡੇ ਗਏ ਹਨ। ਜਿਥੇ ਲੋਕ ਗੁਰਦਾਸ ਮਾਨ ਦਾ ਤਿੱਖਾ ਵਿਰੋਧ ਕਰ ਰਹੇ ਹਨ, ਉਥੇ ਕੁਝ ਅਜਿਹੇ ਲੋਕ ਵੀ ਹਨ ਜੋ ਗੁਰਦਾਸ ਮਾਨ ਦੇ ਹੱਕ ’ਚ ਨਿੱਤਰੇ ਹਨ।
ਇਸ ਸਭ ਦੇ ਚਲਦਿਆਂ ਸੋਸ਼ਲ ਮੀਡੀਆ ’ਤੇ ਲੋਕਾਂ ਵਿਚਾਲੇ ਬਹਿਸਬਾਜ਼ੀ ਵੀ ਦੇਖੀ ਜਾ ਰਹੀ ਹੈ। ਦੱਸ ਦੇਈਏ ਕਿ ਡੇਰਾ ਬਾਬਾ ਮੁਰਾਦ ਸ਼ਾਹ, ਨਕੋਦਰ ਵਿਖੇ ਹੋਏ ਆਪਣੇ ਹਾਲ ਹੀ ਦੇ ਪ੍ਰੋਗਰਾਮ ’ਚ ਗੁਰਦਾਸ ਮਾਨ ਨੇ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸ ਦਿੱਤਾ ਸੀ। ਗੁਰਦਾਸ ਮਾਨ ਨੂੰ ਇਸ ਬਿਆਨ ’ਤੇ ਮੁਆਫ਼ੀ ਵੀ ਮੰਗਣੀ ਪਈ ਸੀ ਤੇ ਬੀਤੇ ਦਿਨੀਂ ਉਨ੍ਹਾਂ ’ਤੇ ਪਰਚਾ ਦਰਜ ਵੀ ਹੋਇਆ ਹੈ। ਇਸ ਦੇ ਚਲਦਿਆਂ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਤੇ ਗੁਰਦਾਸ ਮਾਨ ਖ਼ਿਲਾਫ਼ ਪਰਚਾ ਦਰਜ
ਇਸ ਬਿਆਨ ’ਚ ਲਿਖਿਆ ਹੈ, ‘ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਵਲੋਂ ਸਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਸੋਸ਼ਲ ਮੀਡੀਆ ’ਤੇ ਗਲਤ ਤੇ ਇਕ-ਦੂਜੇ ਪ੍ਰਤੀ ਨਫ਼ਰਤ ਭਰੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ, ਉਨ੍ਹਾਂ ’ਤੇ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਵੇ। ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਵਲੋਂ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਦੀ ਅਪੀਲ ਨਹੀਂ ਕੀਤੀ ਗਈ ਹੈ। ਜਿਹੜੇ ਵੀ ਲੋਕ ਆਪਣੇ ਆਪ ਨੂੰ ਸਾਈਂ ਜੀ ਦਾ ਭਗਤ ਜਾਂ ਸੇਵਕ ਦੱਸ ਕੇ ਨਫ਼ਰਤ ਭਰੀਆਂ ਪੋਸਟਾਂ ਸੋਸ਼ਲ ਮੀਡੀਆ ’ਤੇ ਪਾ ਰਹੇ ਹਨ, ਉਨ੍ਹਾਂ ਵਿਅਕਤੀਆਂ ਨਾਲ ਦਰਬਾਰ ਦਾ ਕੋਈ ਸਬੰਧ ਨਹੀਂ ਹੈ।’
ਇਸ ਪ੍ਰੈੱਸ ਨੋਟ ’ਚ ਅੱਗੇ ਲਿਖਿਆ ਹੈ, ‘ਇਸ ਸਾਰੇ ਲੋਕ ਆਪਣੇ-ਆਪਣੇ ਨਿੱਜੀ ਸੁਆਰਥ ਲਈ ਆਪਣੇ ਆਪ ਨੂੰ ਸਾਈਂ ਜੀ ਦਾ ਭਗਤ ਦੱਸ ਕੇ ਇਸ ਤਰ੍ਹਾਂ ਦੀਆਂ ਗਲਤ ਅਫਵਾਹਾਂ ਸੋਸ਼ਲ ਮੀਡੀਆ ’ਤੇ ਫੈਲਾ ਰਹੇ ਹਨ। ਸਾਈਂ ਜੀ ਨੇ ਹਮੇਸ਼ਾ ਆਪਸ ’ਚ ਭਾਈਚਾਰੇ ਤੇ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੱਤਾ ਹੈ ਤੇ ਇਸ ਦੇ ਨਾਲ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਸਭ ਧਰਮਾਂ ਦਾ ਸਤਿਕਾਰ ਕਰੋ। ਇਸ ਕਰਕੇ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਵਲੋਂ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਕਿਸਮ ਦੀ ਗਲਤ ਬਿਆਨਬਾਜ਼ੀ ਕਰਕੇ ਸਮਾਜ ਦੇ ਅਟੁੱਟ ਭਾਈਚਾਰੇ ’ਚ ਫਰਕ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।’
ਨੋਟ– ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।