ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸਸਪੈਂਡ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਬਣੇ ਨਵੇਂ ਮੇਅਰ

Thursday, Nov 25, 2021 - 08:13 PM (IST)

ਪਟਿਆਲਾ (ਮਨਦੀਪ ਸਿੰਘ ਜੋਸਨ) : ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਉਤਾਰਨ ਲਈ ਸੱਦਿਆ ਗਿਆ ਨਗਰ ਨਿਗਮ ਦਾ ਜਨਰਲ ਹਾਊਸ ਅੱਜ ਪੂਰੀ ਤਰ੍ਹਾਂ ਜੰਗ ਦਾ ਮੈਦਾਨ ਬਣ ਗਿਆ। ਰਾਮ ਰੌਲੇ, ਝਗੜੇ, ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਲੋਕਲ ਬਾਡੀ ਮੰਤਰੀ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਸਸਪੈਂਡ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਬਣਾ ਦਿੱਤਾ ਹੈ। ਇਸ ਮੌਕੇ ਕਈ ਜ਼ਿਲ੍ਹਿਆਂ ਦੀ ਪੁਲਸ ਸਖਤ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤੀ ਹੋਈ ਸੀ ਤੇ ਨਿਗਮ ਤੋਂ ਦੂਰ-ਦੂਰ ਤੱਕ ਪੂਰੀ ਤਰ੍ਹਾ ਬੈਰੀਕੇਟ ਲਗਾ ਕੇ ਕਿਲ੍ਹਾਬੰਦੀ ਕੀਤੀ ਹੋਈ ਸੀ।
ਜਨਰਲ ਹਾਊਸ ’ਚ ਕੁਲ 60 ਕੌਂਸਲਰ ਹਨ। ਪਟਿਆਲਾ ਸ਼ਹਿਰੀ ਦੇ ਵਿਧਾਇਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਦਿਹਾਤੀ ਦੇ ਵਿਧਾਇਕ ਲੋਕਲ ਬਾਡੀ ਮੰਤਰੀ ਅਤੇ ਹਲਕਾ ਘਨੌਰ ਦੇ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਦੀਆਂ ਤਿੰਨ ਵੋਟਾਂ ਸਮੇਤ 63 ਮੈਂਬਰ ਬਣਦੇ ਸਨ, ਜਿਨ੍ਹਾਂ ’ਚੋਂ ਇੱਕ ਕੌਂਸਲਰ ਦੇ ਗੈਰ-ਹਾਜ਼ਰ ਰਹਿਣ ਤੋਂ ਬਾਅਦ 62 ਮੈਂਬਰ ਹਾਜ਼ਰ ਹੋਏ। ਅੱਧਾ ਘੰਟਾ ਚੱਲੀ ਜੰਗ ਤੋਂ ਬਾਅਦ ਲੋਕਲ ਬਾਡੀ ਮੰਤਰੀ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਬਹੁਮਤ ਪਾਸ ਕਰਨ ਦਾ ਸੱਦਾ ਦਿੱਤਾ। ਉੱਥੇ ਹੀ ਬੈਠੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਡਟਵਾਂ ਵਿਰੋਧ ਕਰਦਿਆਂ ਆਖਿਆ ਕਿ ਤੁਸੀਂ ਬੇਭਰੋਸਗੀ ਮਤਾ ਲਿਆਉਣਾ ਹੈ, ਇਸ ਲਈ ਆਪਣੇ 42 ਕੌਂਸਲਰ ਦਿਖਾਓ। ਜ਼ਿੱਦ-ਬਹਿਸ ਤੋਂ ਬਾਅਦ ਵੋਟਿੰਗ ਹੋ ਗਈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ 25 ਵੋਟਾਂ ਪਈਆਂ, ਜਦਕਿ ਲੋਕਲ ਬਾਡੀ ਮੰਤਰੀ ਦੀ ਅਗਵਾਈ ’ਚ ਆਏ ਕਾਂਗਰਸੀ ਕੌਂਸਲਰ 36 ਮੈਂਬਰ ਭੁਗਤਾ ਸਕੇ। ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਆਪਣੀ ਵੋਟ ਨਹੀਂ ਪਾਈ ਪਰ ਅਕਾਲੀ ਕੌਂਸਲਰ ਨੇ ਆਪਣੀ ਵੋਟ ਭੁਗਤਾ ਦਿੱਤੀ ਤੇ ਇਹ ਭੇਤ ਬਣਿਆ ਰਿਹਾ ਕਿ ਉਹ ਕਿਸ ਦੇ ਹੱਕ ਵਿਚ ਡਟੇ।

ਇਹ ਵੀ ਪੜ੍ਹੋ : ਬਾਦਲਾਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਪਵੇਗੀ ਚੁਕਾਉਣੀ : CM ਚੰਨੀ

ਹਾਊਸ ਦੇ ਸੈਕਟਰੀ ਨੇ ਇਹ ਐਲਾਨ ਕੀਤਾ ਕਿ ਸੰਜੀਵ ਸ਼ਰਮਾ ਬਿੱਟੂ ਨੂੰ 25 ਅਤੇ ਉਨ੍ਹਾਂ ਦੇ ਵਿਰੋਧ ਵਿਚ 36 ਵੋਟਾਂ ਭੁਗਤੀਆਂ ਹਨ। ਇਸ ਤੋਂ ਬਾਅਦ ਦੋਵੇਂ ਧਿਰਾਂ ਆਪਣੇ ਸਟੈਂਡ ’ਤੇ ਕਾਇਮ ਹੋ ਗਈਆਂ। ਲੋਕਲ ਬਾਡੀ ਮੰਤਰੀ ਨੇ ਆਖਿਆ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਬਹੁਮਤ ਲਈ 31 ਕੌਂਸਲਰ ਚਾਹੀਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਤੁਹਾਨੂੰ ਬੇਭਰੋਸਗੀ ਮਤੇ ਰਾਹੀਂ ਸੰਜੀਵ ਬਿੱਟੂ ਨੂੰ ਉਤਾਰਨ ਲਈ 42 ਕੌਂਸਲਰ ਚਾਹੀਦੇ ਹਨ। ਮੁੜ ਜਨਰਲ ਹਾਊਸ ਜੰਗ ਦਾ ਮੈਦਾਨ ਬਣ ਗਿਆ। ਰਾਮ ਰੌਲੇ ’ਚ ਲੋਕਲ ਬਾਡੀ ਮੰਤਰੀ ਦੀ ਅਗਵਾਈ ਵਿਚ 36 ਕੌਂਸਲਰ ਬਾਹਰ ਨਿਕਲ ਆਏ, ਜਿਥੇ ਲੋਕਲ ਬਾਡੀ ਮੰਤਰੀ ਨੇ ਆਖਿਆ ਕਿ 36 ਵੋਟਾਂ ਸਾਨੂੰ ਪਈਆਂ ਹਨ, ਜਿਸ ਕਾਰਨ ਮੇਅਰ ਸੰਜੀਵ ਬਿੱਟੂ ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸੀਨੀਅਰ ਡਿਪਟੀ ਮੇਅਰ ਯੋਗਿਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਬਣਾਇਆ ਗਿਆ ਹੈ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗੱਲ ਤਾਂ ਬੇਭਰੋਸਗੀ ਮਤੇ ਦੀ ਸੀ ਤਾਂ ਲੋਕਲ ਬਾਡੀ ਮੰਤਰੀ ਨੇ ਆਖਿਆ ਕਿ ਮੇਅਰ ਸੰਜੀਵ ਬਿੱਟੂ ਨੇ ਹੀ ਪਹਿਲਾ ਏਜੰਡਾ ਤਿੰਨ ਦਿਨ ਪਹਿਲਾਂ ਜਾਰੀ ਕੀਤਾ ਸੀ ਕਿ ਉਹ ਭਰੋਸੇ ਦਾ ਵੋਟ ਹਾਸਲ ਕਰਨ ਲਈ ਜਨਰਲ ਹਾਊਸ ਸੱਦ ਰਹੇ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਸਪਲੀਮੈਂਟਰੀ ਏਜੰਡਾ ਜਾਰੀ ਕਰ ਦਿੱਤਾ ਕਿ ਉਨ੍ਹਾਂ ਖਿਲਾਫ ਬੇਭਰੋਸਗੀ ਮਤਾ ਲਿਆਉਣ ਲਈ ਜਨਰਲ ਹਾਊਸ ਸੱਦਿਆ ਜਾਂਦਾ ਹੈ।

ਮੇਅਰ ਸੰਜੀਵ ਬਿੱਟੂ ਵੱਲੋਂ ਜਾਰੀ ਦੋ ਏਜੰਡੇ ਕਾਰਨ ਹੋਈ ਸਭ ਤੋਂ ਵੱਧ ਲੜਾਈ
ਤਿੰਨ ਦਿਨ ਪਹਿਲਾਂ ਜਦੋਂ 40 ਦੇ ਕਰੀਬ ਕੌਂਸਲਰਾਂ ਨੇ ਮੇਅਰ ਬਿੱਟੂ ਨੂੰ ਲਿਖ ਕੇ ਦਿੱਤਾ ਕਿ ਉਹ ਆਪਣਾ ਬਹੁਮਤ ਸਾਬਤ ਕਰਨ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਪਹਿਲਾ ਏਜੰਡਾ ਜਾਰੀ ਕਰ ਦਿੱਤਾ, ਜਿਸ ’ਚ ਉਨ੍ਹਾਂ ਨੇ ਲਿਖਿਆ ਕਿ ਉਹ ਭਰੋਸੇ ਦਾ ਵੋਟ ਹਾਸਲ ਕਰਨ ਲਈ ਜਨਰਲ ਹਾਊਸ ਸੱਦਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਏਜੰਡਾ ਜਾਰੀ ਕਰ ਦਿੱਤਾ ਕਿ ਉਨ੍ਹਾਂ ਦੇ ਵਿਰੁੱਧ ਲਿਖਣ ਵਾਲੇ ਕੌਂਸਲਰ ਉਨ੍ਹਾਂ ਦੇ ਵਿਰੁੱਧ ਬੇਭਰੋਸਗੀ ਦਾ ਮਤਾ ਲੈ ਕੇ ਆਉਣ, ਜਿਸ ਨੂੰ ਲੈ ਕੇ ਅੱਜ ਹਾਊਸ ’ਚ ਪੂਰੀ ਜੰਗ ਹੋਈ।
 
ਬੇਭਰੋਸਗੀ ਮਤੇ ਲਈ ਚਾਹੀਦੀਆਂ ਸਨ 41 ਵੋਟਾਂ ਪਰ ਵਿਰੋਧ ’ਚ ਪਈਆਂ 36 ਵੋਟਾਂ
ਮੇਅਰ ਨੂੰ ਉਤਾਰਨ ਲਈ ਹਾਊਸ ’ਚ ਇਕੱਠੇ ਹੋਏ 62 ਕੌਂਸਲਰਾਂ ’ਚੋਂ 41 ਵੋਟਾਂ ਉਤਾਰਨ ਲਈ ਚਾਹੀਦੀਆਂ ਸਨ ਪਰ ਕਾਂਗਰਸੀ ਧੜੇ ਨੂੰ 36 ਵੋਟਾਂ ਪਈਆਂ, ਜਿਸ ਕਾਰਨ ਮੇਅਰ ਨੂੰ ਉਤਾਰਨ ਦੀ ਥਾਂ ਸਸਪੈਂਡ ਕਰ ਦਿੱਤਾ ਗਿਆ।

ਮੈਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ, ਮੈਂ ਕੋਰਟ ਦਾ ਸਹਾਰਾ ਲਵਾਂਗਾ : ਮੇਅਰ ਬਿੱਟੂ
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਭ ਤੋਂ ਬਾਅਦ ਨਗਰ ਨਿਗਮ ’ਚ ਸਥਿਤ ਮੇਅਰ ਦੇ ਦਫ਼ਤਰ ’ਚ ਪ੍ਰੈੱਸ ਕਾਨਫਰੰਸ ’ਚ ਆਖਿਆ ਕਿ ਉਨ੍ਹਾਂ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ, ਉਹ ਕੋਰਟ ਦਾ ਸਹਾਰਾ ਲੈਣਗੇ। ਉਨ੍ਹਾਂ ਆਖਿਆ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅੱਜ ਧੱਕੇ ਮਾਰੇ ਗਏ, ਜਿਸ ਨਾਲ ਲੋਕਤੰਤਰ ਦਾ ਵੱਡਾ ਘਾਣ ਹੋਇਆ ਹੈ। ਮੇਅਰ ਬਿੱਟੂ ਨੇ ਆਖਿਆ ਕਿ ਧੱਕੇ ਦੀ ਵੀ ਹੱਦ ਹੁੰਦੀ ਹੈ। ਲੋਕਲ ਬਾਡੀ ਮੰਤਰੀ ਨੇ ਸਾਰੀ ਹੀ ਸ਼ਰਮ ਲਾਹ ਦਿੱਤੀ। ਉਨ੍ਹਾਂ ਆਖਿਆ ਕਿ 42 ਕੌਂਸਲਰ ਉਹ ਲਿਆ ਨਹੀਂ ਸਕੇ, ਜਿਸ ਕਾਰਨ ਊਨ੍ਹਾਂ ਨੂੰ ਧੱਕੇ ਨਾਲ ਸਸਪੈਂਡ ਕਰਨ ਦਾ ਡਰਾਮਾ ਰਚਿਆ ਗਿਆ ਹੈ। ਮੇਅਰ ਬਿੱਟੂ ਨੇ ਆਖਿਆ ਕਿ ਉਹ ਲੜਾਈ ਲੜਨਗੇ ਅਤੇ ਝੁਕਣਗੇ ਨਹੀਂ। ਉਨ੍ਹਾਂ ਆਖਿਆ ਕਿ ਕਾਨੂੰਨ ਸਭ ਲਈ ਬਰਾਬਰ ਹੈ ਤੇ ਇਨ੍ਹਾਂ ਧੱਕਾ ਕਰਨ ਵਾਲਿਆਂ ਨੂੰ ਦੋ ਦਿਨਾਂ ਵਿਚ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕੀ ਕੀਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਲੋਕਲ ਬਾਡੀ ਮੰਤਰੀ ਕੋਲ ਬਹੁਮਤ ਸੀ ਤਾਂ ਉਨ੍ਹਾਂ ਨੂੰ ਉਤਾਰਨਾ ਚਾਹੀਦਾ ਸੀ ਨਾ ਕਿ ਸਸਪੈਂਡ ਕਰਨਾ। ਮੇਅਰ ਦੇ ਤੇਵਰ ਬੇਹੱਦ ਤਿੱਖੇ ਸਨ।

ਮੇਅਰ ਦੇ ਕੌਂਸਲਰਾਂ ਨੂੰ ਪੁਲਸ ਵੱਲੋਂ ਅੰਦਰੋਂ ਹੀ ਚੁੱਕਣ ਦੀ ਕੀਤੀ ਗਈ ਕੋਸ਼ਿਸ਼
ਮੇਅਰ ਸੰਜੀਵ ਸ਼ਰਮਾ ਬਿੱਟੂ ਦੇ 25 ਕੌਂਸਲਰਾਂ ’ਚੋਂ ਤਿੰਨ ਕੌਂਸਰਲਾਂ ਨੂੰ ਅੰਦਰੋਂ ਹੀ ਪੁਲਸ ਵੱਲੋਂ ਚੁੱਕਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ, ਜਦੋਂ ਮੇਅਰ ਬਿੱਟੂ ਨੇ ਇਸ ਸਬੰਧੀ ਰੌਲਾ ਪਾਇਆ ਤਾਂ ਪੁਲਸ ਨੂੰ ਇਹ ਵਾਪਸ ਦੇਣੇ ਪਏ।

ਮੈਨੂੰ ਜੋ ਸੇਵਾ ਕਾਂਗਰਸ ਸਰਕਾਰ ਨੇ ਲਗਾਈ ਹੈ, ਮੈਂ ਉਸਨੂੰ ਈਮਾਨਦਾਰੀ ਨਾਲ ਪੂਰਾ ਕਰਾਂਗਾ : ਯੋਗੀ
ਕਾਰਜਕਾਰੀ ਮੇਅਰ ਥਾਪੇ ਗਏ ਯੋਗਿੰਦਰ ਸਿੰਘ ਯੋਗੀ ਨੇ ਇਸ ਮੌਕੇ ਆਖਿਆ ਕਿ ਉਨ੍ਹਾਂ ਨੂੰ ਜੋ ਸੇਵਾ ਲਗਾਈ ਗਈ ਹੈ, ਉਸ ਨੂੰ ਉਹ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਆਖਿਆ ਕਿ ਉਹ ਕੱਲ ਵੀ ਕਾਂਗਰਸ ਪਾਰਟੀ ਨਾਲ ਖੜ੍ਹੇ ਸੀ ਤੇ ਅੱਜ ਵੀ ਕਾਂਗਰਸ ਨਾਲ ਖੜ੍ਹੇ ਹਨ ਅਤੇ ਕੱਲ ਨੂੰ ਵੀ ਕਾਂਗਰਸ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਆਖਿਆ ਕਿ ਕੋਈ ਵੀ ਧੱਕਾ ਨਹੀਂ ਹੋਇਆ। ਮੇਅਰ ਭਰੋਸੇ ਦੀ ਵੋਟ ਹਾਸਲ ਕਰਨ ’ਚ ਨਾਕਾਮ ਸਿੱਧ ਹੋਇਆ ਹੈ।

ਕੈਪਟਨ ਬੋਲੇ : ਹਾਰ ਕੇ ਵੀ ਕਰ ਰਹੇ ਹਨ ਧੱਕਾ ਕਰਨ ਦੀ ਕੋਸ਼ਿਸ਼
ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਪ੍ਰੈੱਸ ਕਾਨਫੰਰਸ ਦੌਰਾਨ ਆਖਿਆ ਕਿ ਹਾਰ ਕੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜਦੋਂ ਇਹ ਗੱਲ ਬਿਲਕੁੱਲ ਸਪੱਸ਼ਟ ਹੈ ਕਿ 41 ਕੌਂਸਲਰ ਮੇਅਰ ਨੂੰ ਉਤਾਰਨ ਲਈ ਚਾਹੀਦੇ ਸਨ ਤੇ ਇਕੱਠੇ 35 ਹੋਏ ਹਨ ਤਾਂ ਬਾਕੀ ਪਿੱਛੋਂ ਕੀ ਰਹਿ ਜਾਂਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਮੇਅਰ ਖਿਲਾਫ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕੋਰਟ ਦਾ ਸਹਾਰਾ ਲੈਣਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਧੱਕੇ ਦੀ ਵੀ ਹੱਦ ਹੁੰਦੀ ਹੈ ਪਰ ਆਉਣ ਵਾਲੇ ਸਮੇਂ ’ਚ ਦੇਖੋ ਹੁੰਦਾ ਕੀ ਹੈ।

ਆਰਮੀ ਦੇ ਕੈਪਟਨ ਵਾਂਗ ਹੀ ਡਟੇ ਰਹੇ ਅਮਰਿੰਦਰ
ਸਾਰੇ ਪੰਜਾਬ ’ਚ ਸਾਢੇ ਚਾਰ ਸਾਲ ਆਪਣਾ ਡੰਕਾ ਵਜਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਲੋਕਲ ਬਾਡੀ ਮੰਤਰੀ ਵੱਲੋਂ ਹਰ ਪਲ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੋਕਲ ਬਾਡੀ ਮੰਤਰੀ ਦੀਆਂ ਗੱਡੀਆਂ ਸਿੱਧੀਆਂ ਨਗਰ ਨਿਗਮ ਦੇ ਪੋਰਚ ’ਚ ਖੜ੍ਹੀਆਂ, ਜਦਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਗੱਡੀਆਂ ਬਹੁਤ ਦੂਰ ਰੋਕ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਪੈਦਲ ਚੱਲ ਕੇ ਆਉਣਾ ਪਿਆ। ਇਥੋਂ ਤੱਕ ਕਿ ਨਿਗਮ ਦੇ ਗੇਟ ’ਤੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਛੋਟੇ-ਛੋਟੇ ਪੁਲਸ ਦੇ ਅਧਿਕਾਰੀਆਂ ਨੇ ਖੜ੍ਹਾ ਕਰਕੇ ਰੱਖਿਆ ਪਰ ਫਿਰ ਵੀ ਕੈਪਟਨ ਫੌਜੀ ਵਾਂਗ ਡਟੇ ਰਹੇ। ਆਖਿਰ ਉਹ ਆਪਣੇ 25 ਮੈਂਬਰਾਂ ਨੂੰ ਲੈ ਕੇ ਅੰਦਰ ਗਏ। ਜਾਣਕਾਰੀ ਅਨੁਸਾਰ ਨਿਗਮ ਦੀ ਲਿਫਟ ਬੰਦ ਕਰ ਦਿੱਤੀ ਗਈ। ਅਮਰਿੰਦਰ ਨੂੰ 10 ਮਿੰਟ ਦੇ ਕਰੀਬ ਨਿਗਮ ਦੀ ਬਾਲਕੋਨੀ ’ਚ ਹੀ ਖੜ੍ਹਾ ਹੋਣਾ ਪਿਆ। ਇਸ ਤੋਂ ਬਾਅਦ ਪੌੜੀ ਰਾਹੀਂ ਕੈਪਟਨ ਅਮਰਿੰਦਰ ਸਿੰਘ ਜਨਰਲ ਹਾਊਸ ’ਚ ਗਏ ਪਰ ਅਮਰਿੰਦਰ ਦੇ ਡਟਣ ਕਾਰਨ ਹੀ ਅੱਜ ਮੇਅਰ ਨੂੰ ਉਤਾਰਿਆ ਨਹੀਂ ਜਾ ਸਕਿਆ ਪਰ ਸਸਪੈਂਡ ਕਰ ਦਿੱਤਾ ਗਿਆ।

ਬੀਬਾ ਜੈਇੰਦਰ ਅਤੇ ਭਰਤਇੰਦਰ ਚਹਿਲ ਨੂੰ ਨਹੀਂ ਵੜਨ ਦਿੱਤਾ ਗਿਆ ਅੰਦਰ
ਇਸਨੂੰ ਸਮੇਂ ਦਾ ਗੇੜ ਕਹਿ ਲਓ, ਸਾਢੇ ਚਾਰ ਸਾਲ ਪੂਰੇ ਜ਼ਿਲ੍ਹੇ ਪਟਿਆਲਾ ਵਿਚ ਅਤੇ ਪੂਰੇ ਸ਼ਹਿਰ ’ਚ ਹਰ ਕੰਮ ਨੂੰ ਚੈਕ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੂੰ ਅੱਜ ਨਗਰ ਨਿਗਮ ਦੇ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ। ਬੀਬਾ ਜੈਇੰਦਰ ਨੂੰ ਪੁਲਸ ਵੱਲੋਂ ਬਾਹਰ ਹੀ ਰੋਕ ਦਿੱਤਾ ਗਿਆ ਤੇ ਉਹ ਵੀ 3 ਘੰਟੇ ਨਿਗਮ ਬਿਲਡਿੰਗ ਦੇ ਬਾਹਰ ਹੀ ਖੜ੍ਹੇ ਰਹੇ। ਇਥੋਂ ਤੱਕ ਕਿ ਭਰਤਇੰਦਰ ਚਹਿਲ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ ਗਿਆ।


 


Manoj

Content Editor

Related News