ਕਪੂਰਥਲਾ ਡੀ. ਸੀ. ਨੇ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਨੂੰ ਲੈ ਕੇ ਲੋਕਾਂ ਨੂੰ ਕੀਤੀ ਇਹ ਅਪੀਲ

07/31/2022 4:25:33 PM

ਕਪੂਰਥਲਾ (ਵਿਪਨ ਮਹਾਜਨ)- ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਅੰਦਰ ਬਿਆਸ ਦਰਿਆ ਦੇ ਕੈਚਮੈਂਟ ਖੇਤਰ ਅੰਦਰ ਮੀਂਹ ਕਾਰਨ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਮੰਡ ਖ਼ੇਤਰ ਦੇ ਐਂਡਵਾਂਸ ਬੰਨ੍ਹ ਅੰਦਰ ਦੇ ਪਿੰਡਾਂ, ਡੇਰਿਆਂ ਅਤੇ ਨੀਵੇਂ ਖ਼ੇਤਰਾਂ ਦੇ ਵਸਨੀਕਾਂ ਨੂੰ ਇਹਤਿਆਤ ਵਰਤਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਖਤਰੇ ਵਾਲੀ ਕੋਈ ਸਥਿਤੀ ਨਹੀਂ ਹੈ ਪਰ ਇਹਤਿਆਤ ਵਜੋਂ ਮੰਡ ਖ਼ੇਤਰ ਦੇ ਐਂਡਵਾਂਸ ਬੰਨ ਦੇ ਅੰਦਰਲੇ ਪਾਸੇ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜੱਠਿਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਦਰਿਆ ਵਿੱਚ ਆਇਆ ਪਾਣੀ ਆਸਾਨੀ ਨਾਲ ਪਾਸ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ: ਕਿਸਾਨਾਂ ਦਾ ਪੰਜਾਬ ’ਚ ‘ਰੇਲ ਰੋਕੋ ਅੰਦੋਲਨ’, ਰੇਲਵੇ ਟਰੈਕ ਜਾਮ ਕਰਕੇ ਕੱਢੀ ਕੇਂਦਰ ਸਰਕਾਰ ਖ਼ਿਲਾਫ਼ ਭੜਾਸ

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਕੰਮੇਵਾਲ, ਬਾਘੂਆਣਾ, ਰਾਜੇਵਾਲ, ਅੰਮ੍ਰਿਤਪੁਰ, ਪੱਤੀ ਸਫਦਰਪੁਰ, ਬਾਊਪੁਰ ਟਾਪੂ, ਸਰਦੁੱਲਾਪੁਰ, ਆਹਲੀ ਖੁਰਦ, ਆਹਲੀ ਕਲਾਂ, ਹੁਸੈਨਪੁਰ ਬੂਲੇ, ਕਰਮੂੰਵਾਲਾ ਪੱਤਣ, ਹਜ਼ਾਰਾ ਅਤੇ ਚੱਕ ਪੱਤੀ ਦੇ ਲੋਕਾਂ ਨੂੰ ਇਹਤਿਆਤ ਵਰਤਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਢਿਲਵਾਂ ਖ਼ੇਤਰ ਅੰਦਰ ਵੀ ਸੰਭਾਵੀ ਤੌਰ ’ਤੇ ਪ੍ਰਭਾਵਿਤ ਹੋ ਸਕਣ ਵਾਲੇ ਪਿੰਡਾਂ ਵਿਚ ਚਕੋਕੀ, ਮੰਡ ਚਕੋਕੀ, ਮੰਡ ਬੁਤਾਲਾ, ਮੰਡ ਢਿਲਵਾਂ, ਧਾਲੀਵਾਲ ਬੇਟ, ਮੰਡ ਢਿਲਵਾਂ ਬੇਟ, ਗੁਰਮੁਖ ਸਿੰਘ ਵਾਲਾ, ਮੰਡ ਰਾਮਪੁਰ, ਟੁਕੜਾ ਨੰਬਰ 3, ਮੰਡ ਭੰਡਾਲ, ਸੰਗੋਜਲਾ, ਮੰਡ ਸੰਗੋਜਲਾ, ਨਬੀ ਬਖਸ ਵਾਲਾ ਪਿੰਡਾਂ ਦੇ ਲੋਕਾਂ ਲਈ ਵੀ ਇਹਤਿਆਤ ਵਰਤਣ  ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅੰਦਰ ਦਰਿਆ ਬਿਆਸ ਦੇ ਖ਼ੇਤਰ ਅੰਦਰ ਅਤੇ ਚੱਕੀ ਦਰਿਆ ਵਿਚ ਭਾਰੀ ਮੀਂਹ ਕਾਰਨ ਦਰਿਆ ਬਿਆਸ ਅੰਦਰ ਪਾਣੀ ਦੀ ਪੱਧਰ ਵਧ ਰਿਹਾ ਹੈ,  ਜਿਸ ਦੇ ਮੱਦੇਨਜ਼ਰ ਹੇਠਲੇ ਇਲਾਕਿਆਂ ਅਤੇ ਵਿਸ਼ੇਸ਼ ਕਰਕੇ ਬਿਆਸ ਦਰਿਆ ਦੇ ਕਿਨਾਰੇ ਐਡਵਾਂਸ ਬੰਨ੍ਹ ਅੰਦਰ ਵਸਦੇ ਲੋਕ ਚੇਤੰਨ ਰਹਿਣ। 

ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਮੂਹ ਅਧਿਕਾਰੀਆਂ ਅਤੇ ਵਿਸ਼ੇਸ ਕਰਕੇ ਸੁਲਤਾਨਪੁਰ ਲੋਧੀ ਅਤੇ ਭੁਲੱਥ ਹਲਕੇ ਦੇ ਐੱਸ. ਡੀ. ਐਮਜ਼, ਮਾਲ ਮਹਿਕਮੇ ਦੇ ਅਧਿਕਾਰੀਆਂ, ਪੇਂਡੂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਥਿਤੀ ’ਤੇ 24 ਘੰਟੇ ਨਿੱਜੀ ਤੌਰ ’ਤੇ ਨਿਗਰਾਨੀ ਰੱਖਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮੰਡ ਖ਼ੇਤਰ ਦੇ ਲਗਭਗ 27 ਪਿੰਡਾਂ ਅੰਦਰ ਸਰਪੰਚਾਂ, ਨੰਬਰਦਾਰਾਂ ਤੇ ਹੋਰ ਮੋਹਤਬਰ ਲੋਕਾਂ ਨਾਲ ਸੰਪਰਕ ਕਰਕੇ ਪਿੰਡਾਂ ਅੰਦਰ ਅਨਾਉਸਮੈਂਟਾਂ ਕਰਕੇ ਲੋਕਾਂ ਨੂੰ ਪਾਣੀ ਦੇ ਪੱਧਰ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਨੰਬਰਦਾਰਾਂ, ਸਰਪੰਚਾਂ, ਪੰਚਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਬਣਾਏ ਗਏ ਵਟਸਐਪ ਗਰੁੱਪਾਂ ਰਾਹੀਂ ਵੀ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਦਰਿਆ ਦੇ ਵਹਿਣ ਨੇੜੇ ਨਾ ਜਾਣ ਦੀ ਅਪੀਲ ਵੀ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਨਸ਼ੇ ’ਚ ਡੁੱਬ ਰਿਹਾ ਪੰਜਾਬ ਦਾ ਭਵਿੱਖ: ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। 
ਉਨ੍ਹਾਂ ਕਿਹਾ ਕਿ ਲੋਕ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਫਲੱਡ ਕੰਟਰੋਲ ਰੂਮ ਨੰਬਰਾਂ ’ਤੇ ਵੀ ਲੋੜ ਅਨੁਸਾਰ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ 24 ਘੰਟੇ ਕੰਮ ਕਰਨ ਵਾਲਾ ਕੇਂਦਰੀਕਿ੍ਰਤ ਫਲੱਡ ਕੰਟਰੋਲ ਰੂਮ 98823-17651 ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮਾਲ ਅਫ਼ਸਰ ਮੇਜਰ ਜੀ. ਪੀ. ਸਿੰਘ ਬੈਨੀਪਾਲ ਅਤੇ ਡਰੇਨਜ਼ ਮਹਿਕਮੇ ਦੇ ਐੱਸ. ਡੀ. ਓ. ਗੁਰਚਰਨ ਸਿੰਘ ਪੰਨੂ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਸੁਲਤਾਨਪੁਰ ਲੋਧੀ ਲਈ ਫਲੱਡ ਕੰਟਰੋਲ ਰੂਮ ਨੰਬਰ 01828-222169, ਭੁਲੱਥ ਹਲਕੇ ਲਈ 01822-271829 ਅਤੇ ਫਗਵਾੜਾ ਲਈ 01824-260794 ਸਥਾਪਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ, ਪੁਲਸ ਦੇ ਵੱਡੇ ਅਫ਼ਸਰਾਂ ਨੇ ਵੀ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News