ਡਿਪਟੀ ਕਮਿਸ਼ਨਰ ਵੱਲੋਂ ਸੈਕਟਰਾਂ ਅਫਸਰਾਂ ਨੂੰ ਅਨਾਜ ਮੰਡੀਆਂ ''ਤੇ ਬਾਜ਼ ਅੱਖ ਰੱਖਣ ਦੇ ਨਿਰਦੇਸ਼

Tuesday, Apr 21, 2020 - 05:15 PM (IST)

ਡਿਪਟੀ ਕਮਿਸ਼ਨਰ ਵੱਲੋਂ ਸੈਕਟਰਾਂ ਅਫਸਰਾਂ ਨੂੰ ਅਨਾਜ ਮੰਡੀਆਂ ''ਤੇ ਬਾਜ਼ ਅੱਖ ਰੱਖਣ ਦੇ ਨਿਰਦੇਸ਼

ਬਰਨਾਲਾ (ਵਿਵੇਕ ਸਿੰਧਵਾਨੀ) - ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿਚ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸੈਕਟਰ ਅਫਸਰਾਂ ਨੂੰ ਮੰਡੀਆਂ 'ਤੇ ਨੇੜਿਓਂ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਵਿਚ ਕਰੀਬ 35 ਸੈਕਟਰ ਅਫਸਰ ਤਾਇਨਾਤ ਹਨ, ਜੋ ਕੋਵਿਡ-19 ਤੋਂ ਬਚਾਅ ਦੇ ਉਪਰਾਲਿਆਂ ਤਹਿਤ ਬਾਹਰੋਂ ਆਉਣ-ਜਾਣ ਵਾਲਿਆਂ ਅਤੇ ਇਕਾਂਤਵਾਸ ਕੀਤੇ ਵਿਅਕਤੀਆਂ 'ਤੇ ਆਪਣੇ-ਆਪਣੇ ਖੇਤਰ ਅਨੁਸਾਰ ਨਜ਼ਰ ਰੱਖ ਰਹੇ ਹਨ। ਹੁਣ ਇਹ ਸੈਕਟਰ ਅਫਸਰ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਮੰਡੀਆਂ ਦੇ ਪ੍ਰਬੰਧਾਂ ਉਤੇ ਬਾਜ਼ ਅੱਖ ਰੱਖਣ 'ਚ ਵੀ ਜੁਟ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਲ ਨਾ ਆਵੇ ਅਤੇ ਮੰਡੀਆਂ ਵਿਚ ਪ੍ਰਬੰਧਾਂ ਦੀ ਅਸਲ ਰਿਪੋਰਟ ਪ੍ਰਾਪਤ ਕਰਨ ਲਈ ਸੈਕਟਰ ਅਫਸਰ ਮੰਡੀਆਂ ਵਿਚ ਡਟ ਗਏ ਹਨ। ਇਨ੍ਹਾਂ ਸੈਕਟਰ ਅਫਸਰਾਂ ਨੂੰ ਮੰਡੀਆਂ ਤੋਂ ਇਲਾਵਾ 107 ਸ਼ੈਲਰਾਂ ਦੀ ਸੂਚੀ ਮੁਹੱਈਆ ਕਰਾਈ ਗਈ ਹੈ ਤਾਂ ਜੋ ਸੈਕਟਰ ਅਫਸਰ ਆਪੋ ਆਪਣੇ ਖੇਤਰ ਅਧੀਨ ਆਉਂਦੀਆਂ ਮੰਡੀਆਂ ਵਿਚ ਰੋਜ਼ਾਨਾ ਪੱਧਰ 'ਤੇ ਗੇੜਾ ਮਾਰ ਕੇ ਅਸਲ ਰਿਪੋਰਟ ਉਨ੍ਹਾਂ ਨੂੰ ਪੇਸ਼ ਕਰ ਸਕਣ। ਉਨ੍ਹਾਂ ਦੱਸਿਆ ਕਿ ਸਾਰੇ ਸੈਕਟਰ ਅਫਸਰਾਂ ਨੂੰ ਪ੍ਰਫਾਰਮੇ ਮੁਹੱਈਆ ਕਰਾਏ ਗਏ ਹਨ, ਜਿਸ ਵਿਚ ਮੰਡੀਆਂ ਵਿਚ ਆਰਜ਼ੀ ਪਖਾਨਿਆਂ ਦੇ ਪ੍ਰਬੰਧਾਂ, ਪੀਣ ਵਾਲੇ ਪਾਣੀ ਦੇ ਪ੍ਰਬੰਧਾਂ, ਬਿਜਲੀ ਦੇ ਪ੍ਰਬੰਧਾਂ, ਗਰਿੱਡ ਲਾਈਨਾਂ ਬਣੇ ਹੋਣ, ਆੜਤੀਆਂ ਵੱਲੋਂ ਲੇਬਰ ਦੇ ਇੰਤਜ਼ਾਮ, ਆੜਤੀਆਂ ਵੱਲੋਂ ਕਣਕ ਦੀ ਸਫਾਈ ਲਈ ਮਸ਼ੀਨਾਂ ਦੇ ਇੰਤਜ਼ਾਮ, ਪਾਸ ਜਾਰੀ ਕਰਨ ਬਾਰੇ, ਠੇਕੇਦਾਰ ਕੋਲ ਲੇਬਰ ਦੇ ਇੰਤਜ਼ਾਮ ਤੇ ਮਾਸਕ ਅਤੇ ਸੈਨੇਟਾਈਜ਼ਰ ਦੇ ਪ੍ਰਬੰਧਾਂ ਦੀ ਘੋਖ ਕਰ ਕੇ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਮੰਡੀਆਂ ਵਿਚ ਕੋਈ ਵੀ ਪੇਸ਼ ਆ ਰਹੀ ਦਿੱਕਤ ਨੂੰ ਹੱਲ ਕਰਵਾਇਆ ਜਾ ਸਕੇ। 

ਦਿਹਾਤੀ ਖੇਤਰ ਵਿਚ ਖੁਸ਼ਹਾਲੀ ਦੇ ਰਾਖੇ ਕਰ ਰਹੇ ਹਨ ਪ੍ਰਬੰਧਾਂ ਦੀ ਰਾਖੀ 

ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਵਿਚ ਅਨਾਜ ਮੰਡੀਆਂ, ਖਰੀਦ ਕੇਂਦਰਾਂ ਤੇ ਸ਼ੈਲਰਾਂ ਵਿਚ 44 ਜੀ.ਓ.ਜੀ. (ਖੁਸ਼ਹਾਲੀ ਦੇ ਰਾਖੇ) ਕਣਕ ਦੇ ਖਰੀਦ ਪ੍ਰਬੰਧਾਂ ਦੀ ਰਾਖੀ ਕਰ ਰਹੇ ਹਨ ਅਤੇ ਰੋਜ਼ਾਨਾ ਪੱਧਰ 'ਤੇ ਪਿੰਡਾਂ ਵਿਚ ਸਥਿਤੀ ਬਾਰੇ ਰਿਪੋਰਟ ਕਰ ਰਹੇ ਹਨ। ਜੀ.ਓ.ਜੀ. ਸਮਾਜਿਕ ਦੂਰੀ ਦੇ ਸੁਨੇਹੇ ਤੋਂ ਲੈ ਕੇ ਕਣਕ ਦੀ ਖਰੀਦ, ਭਰਾਈ, ਲਿਫਟਿੰਗ, ਮੰਡੀਆਂ 'ਚ ਸਿਹਤ ਜਾਂਚ, ਤੋਲ ਚੈਕਿੰਗ ਤੱਕ 'ਤੇ ਨੇੜਿਓ ਨਜ਼ਰ ਰੱਖ ਰਹੇ ਹਨ।


author

Harinder Kaur

Content Editor

Related News