ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਰਕਾਰੀ ਕੈਟਲ ਪੌਂਡ ਝਨੇੜੀ ਦਾ ਜਾਇਜ਼ਾ

Thursday, Apr 05, 2018 - 11:33 AM (IST)

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਰਕਾਰੀ ਕੈਟਲ ਪੌਂਡ ਝਨੇੜੀ ਦਾ ਜਾਇਜ਼ਾ

ਭਵਾਨੀਗੜ੍ਹ (ਵਿਕਾਸ) — ਜ਼ਿਲਾ ਸੰਗਰੂਰ ਦੇ ਨਿਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਜਲਦੀ ਹੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਕੇ ਠੋਸ ਕਦਮ ਪੁਟੇ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਨੇੜਲੇ ਪਿੰਡ ਝਨੇੜੀ ਵਿਖੇ ਬਣੀ ਸਰਕਾਰੀ ਕੈਟਲ ਪੌਂਡ ਦਾ ਦੌਰਾ ਕਰਕੇ ਬੇਸਹਾਰਾ ਪਸ਼ੂਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ ਗਿਆ । ਉਨ੍ਹਾਂ ਕਿਹਾ ਕਿ ਛੇਤੀ ਹੀ ਸਰਕਾਰੀ ਕੈਟਲ ਪੌਂਡ ਦਾ ਯੋਜਨਾਬੱਧ ਢੰਗ ਨਾਲ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਪਸ਼ੂਆਂ ਦੀ ਸੁਚੱਜੀ ਦੇਖਭਾਲ ਲਈ ਲੋੜੀਂਦੇ ਸੁਧਾਰ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਅਕਸਰ ਸੜਕ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਅਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ । ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਨ੍ਹਾਂ ਪਸ਼ੂਆਂ ਲਈ ਸਰਕਾਰੀ ਕੈਟਲ ਪੌਂਡ 'ਚ ਪੀਣ ਵਾਲਾ ਸਾਫ਼ ਪਾਣੀ, ਖੁਲ੍ਹੇ ਤੇ ਹਵਾਦਾਰ ਸ਼ੈਡ, ਛਾਂਦਾਰ ਬੂਟਿਆਂ ਸਮੇਤ ਹੋਰ ਸੁਵਿਧਾਵਾਂ 'ਚ ਵਾਧਾ ਕੀਤਾ ਜਾਵੇਗਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਨ੍ਹ੍ਹ੍ਹਾਂ ਪਸ਼ੂਆਂ ਲਈ ਨਿਯਮਤ ਤੌਰ 'ਤੇ ਤੂੜੀ-ਚਾਰੇ ਦਾ ਪ੍ਰਬੰਧ ਕਰਨ ਲਈ ਵੀ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਲੋੜ ਮੁਤਾਬਕ ਵਾਧੂ ਸ਼ੈਡਾਂ ਦੇ ਨਿਰਮਾਣ ਕਾਰਜ ਕਰਵਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਯਕੀਨੀ ਹੋ ਸਕੇ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਟਲ ਪੌਂਡ ਦੀ ਨਿਯਮਤ ਦੇਖਭਾਲ ਨੂੰ ਯਕੀਨੀ ਬਣਾਇਆ ਜਾਵੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ, ਐੱਸ.ਡੀ.ਐੱਮ ਭਵਾਨੀਗੜ੍ਹ ਅਮਰਿੰਦਰ ਸਿੰਘ ਟਿਵਾਣਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ ।


Related News