ਵਿਦਿਆਰਥੀਆਂ ਦੀ ਪੜ੍ਹਾਈ ’ਚ ਸੁਧਾਰ ਲਿਆਉਣ ਲਈ ਮਾਪੇ-ਅਧਿਆਪਕ ਮੀਟਿੰਗ 29 ਤੇ 30 ਸਤੰਬਰ ਨੂੰ

09/24/2021 5:26:08 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ’ਚ ਸੁਧਾਰ ਲਿਆਉਣ ਲਈ 29 ਅਤੇ 30 ਸਤੰਬਰ ਨੂੰ ਮਾਪੇ-ਅਧਿਆਪਕ ਮੀਟਿੰਗਾਂ ਕਰਨ ਦੇ ਹੁਕਮ ਦਿੱਤੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਐਸ. ਸੀ. ਈ. ਆਰ. ਟੀ. ਦੇ ਡਾਇਰੈਕਟਰ ਜਰਨੈਲ ਸਿੰਘ ਵੱਲੋਂ ਇਸ ਸਬੰਧ ਵਿਚ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਘਾਟਾਂ ਕਮਜ਼ੋਰੀਆਂ ਪਤਾ ਲਗਾ ਕੇ ਇਸ ਕਾਰਜ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

ਇਸ ਦਾ ਉਦੇਸ਼ ਮਾਪਿਆਂ ਨਾਲ ਮੀਟਿੰਗ ਕਰਕੇ ਬੱਚਿਆਂ ਦੀ ਅਗਲੇਰੀ ਪੜ੍ਹਾਈ ਨੂੰ ਰੂਪ ਦੇਣਾ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਹੋਰ ਵੀ ਵਧੇਰੇ ਯੋਜਨਾਬੱਧ ਬਨਾਉਣਾ ਹੈ। ਮੀਟਿੰਗ ਦੌਰਾਨ ਬੱਚਿਆਂ ਬਾਰੇ ਉਨ੍ਹਾਂ ਦੇ ਮਾਪਿਆਂ ਨਾਲ ਸਾਰੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ, ਉਨ੍ਹਾਂ ਦੀ ਸਿਹਤ ਸੰਭਾਲ ਬਾਰੇ ਚਰਚਾ ਕਰਨ ਅਤੇ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਵਿਚ ਕਾਰਗੁਜ਼ਾਰੀ ਬਾਰੇ ਸੂਚਿਤ ਕਰਨ ਲਈ ਆਖਿਆ ਗਿਆ ਹੈ। ਇਸ ਦੌਰਾਨ ਅਧਿਆਪਕਾਂ ਨੂੰ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ।


Gurminder Singh

Content Editor

Related News