ਗੈਂਗਸਟਰ ਭਿਖਾਰੀਵਾਲ ਨੂੰ ਗੁਰਦਾਸਪੁਰ ਦੀ ਅਦਾਲਤ ''ਚ ਕੀਤਾ ਪੇਸ਼, ਨਾਮੀ ਪ੍ਰਾਪਰਟੀ ਡੀਲਰ ਕੋਲੋਂ ਮੰਗੀ ਸੀ ਫਿਰੌਤੀ
Tuesday, Sep 29, 2026 - 07:15 PM (IST)
ਗੁਰਦਾਸਪੁਰ, (ਵਿਨੋਦ)-ਗੈਂਗਸਟਰ ਸੁੱਖ ਭਿਖਾਰੀਵਾਲ ਜੋ ਹੁਣ ਬਠਿੰਡਾ ਦੀ ਹਾਈ ਸਕਿਉਰਟੀ ਜੇਲ ਵਿੱਚ ਬੰਦ ਹੈ, ਜਿਸਨੂੰ ਅੱਜ ਗੁਰਦਾਸਪੁਰ ਦੀ ਇੱਕ ਅਦਾਲਤ ਵਿੱਚ ਇਥੇ ਪੇਸ਼ ਕੀਤਾ ਗਿਆ। ਮਾਮਲਾ ਗੁਰਦਾਸਪੁਰ ਸ਼ਹਿਰ ਦੇ ਇੱਕ ਨਾਮੀ ਪ੍ਰਾਪਰਟੀ ਡੀਲਰ ਨੂੰ ਡੇਢ ਕਰੋੜ ਦੀ ਫਿਰੌਤੀ ਲਈ ਮਿਲੀ ਧਮਕੀ ਦਾ ਹੈ। ਜਿਸ ਦੀ ਐੱਫਆਈਆਰ ਸਾਲ 2022 ਵਿੱਚ ਥਾਣਾ ਸਿਟੀ ਗੁਰਦਾਸਪੁਰ ਵਿੱਚ ਦਰਜ ਕੀਤੀ ਗਈ ਸੀ। ਮੁਦਈ ਵੱਲੋਂ ਮਾਮਲੇ ਦੇ ਇੱਕ ਹੋਰ ਦੋਸ਼ੀ ਨੂੰ ਬੇਕਸੂਰ ਮੰਨ ਕੇ ਐੱਫ.ਆਈ. ਆਰ ਵਿੱਚੋਂ ਕੱਢਣ ਦੇ ਖਿਲਾਫ ਲਗਾਈ ਗਈ ਇੱਕ ਐਪਲੀਕੇਸ਼ਨ ਦੇ ਮਾਮਲੇ ਵਿੱਚ ਸੁੱਖ ਭਿਖਾਰੀਵਾਲ ਨੂੰ ਅਦਾਲਤ ਵੱਲੋਂ ਤਲਬ ਕੀਤਾ ਗਿਆ ਸੀ । ਭਾਰੀ ਸੁਰੱਖਿਆ ਦੇ ਵਿੱਚ ਸੁੱਖ ਭਿਖਾਰੀਵਾਲ ਨੂੰ ਬੁਲਟ ਪਰੂਫ ਗੱਡੀ ਤੇ ਅਦਾਲਤ ਕੰਪਲੈਕਸ ਵਿੱਚ ਲਿਆਂਦਾ ਗਿਆ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ।
ਭਿਖਾਰੀਵਾਲ ਦੇ ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ ਭਿਖਾਰੀਵਾਲ ਤੇ ਕੁੱਲ ਪੰਜ ਮਾਮਲੇ ਹੋਰ ਦਰਜ ਹਨ ਜਦਕਿ ਦੋ ਹੋਰ ਮਾਮਲਿਆਂ ਵਿੱਚ ਉਹ ਬਰੀ ਵੀ ਹੋ ਚੁੱਕਿਆ ਹੈ। ਜਦੋਂ ਇਹ ਫਿਰੌਤੀ ਵਾਲੀ ਵਾਰਦਾਤ ਵਾਪਰੀ ਸੀ ਉਸ ਵੇਲੇ ਵੀ ਉਹ ਜੇਲ ਵਿੱਚ ਬੰਦ ਸੀ ਅਤੇ ਹਾਈ ਸਿਕਿਉਰਟੀ ਜੇਲ ਵਿੱਚੋਂ ਕਿਵੇਂ ਕਿਸੇ ਨੂੰ ਧਮਕੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਅਗਲੀ ਤਰੀਕ 12 ਅਕਤੂਬਰ ਦਿੱਤੀ ਹੈ ਅਤੇ ਇਸ ਤਰੀਕ ਤੇ ਉਨ੍ਹਾਂ ਵੱਲੋਂ ਆਪਣਾ ਜਵਾਬ ਅਦਾਲਤ ਵਿੱਚ ਦਿੱਤਾ ਜਾਵੇਗਾ।
