ਪੰਜਾਬ ਦੇ ਇਸ ਜ਼ਿਲ੍ਹੇ 'ਚ ਨੀਮ-ਹਕੀਮ ਕਰ ਰਹੇ 'ਡੇਂਗੂ' ਦਾ ਇਲਾਜ, ਵਿਗੜ ਰਹੀ ਮਰੀਜ਼ਾਂ ਦੀ ਹਾਲਤ
Saturday, Nov 05, 2022 - 10:48 AM (IST)
ਲੁਧਿਆਣਾ (ਸਹਿਗਲ) : ਮਹਾਨਗਰ ’ਚ ਡੇਂਗੂ ਦੇ ਮਾਮਲੇ ਵੱਧਣ ਤੋਂ ਬਾਅਦ ਨੀਮ-ਹਕੀਮਾਂ ਦੀਆਂ ਦੁਕਾਨਾਂ ਵੀ ਚੱਲ ਪਈਆਂ ਹਨ। ਉਹ ਧੜੱਲੇ ਨਾਲ ਹਰ ਤਰ੍ਹਾਂ ਦੇ ਮਰੀਜ਼ਾਂ ਵਾਂਗ ਡੇਂਗੂ ਦੇ ਮਰੀਜ਼ਾਂ ਦਾ ਵੀ ਇਲਾਜ ਕਰਦੇ ਦਿਖਾਈ ਦੇ ਰਹੇ ਹਨ। ਜ਼ਿਲ੍ਹੇ ਦੇ ਪੱਛੜੇ ਇਲਾਕਿਆਂ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ’ਚ ਵੀ ਬਿਨਾਂ ਡਿਗਰੀ ਦੇ ਡਾਕਟਰਾਂ ਦੀ ਭਰਮਾਰ ਹੈ। ਗਲਤ ਇਲਾਜ ਕਰਨ ਕਰ ਕੇ ਕਈ ਮਰੀਜ਼ਾਂ ਦੀ ਹਾਲਤ ਵਿਗੜ ਜਾਂਦੀ ਹੈ, ਜਿਨ੍ਹਾਂ ਨੂੰ ਸਿਵਲ ਅਤੇ ਨਿੱਜੀ ਹਸਪਤਾਲਾਂ ’ਚ ਭੇਜ ਦਿੱਤਾ ਜਾਂਦਾ ਹੈ। ਅਜਿਹੇ 'ਚ ਲੋਕਾਂ ਨੂੰ ਸਿਹਤ ਅਤੇ ਆਰਥਿਕ ਨਜ਼ਰੀਏ ਤੋਂ ਕਾਫ਼ੀ ਨੁਕਸਾਨ ਹੁੰਦਾ ਹੈ। ਸਮਾਜਿਕ ਵਰਕਰ ਦਵਿੰਦਰ ਬਿੱਟਾ ਨੇ ਦੱਸਿਆ ਕਿ ਜਨਕਪੁਰੀ, ਸ਼ੇਰਪੁਰ, ਇੰਡਸਟ੍ਰੀਅਲ ਏਰੀਆ ਵਰਗੇ ਇਲਾਕਿਆਂ ’ਚ ਬਿਨਾਂ ਡਿਗਰੀ ਦੇ ਕਾਫ਼ੀ ਗਿਣਤੀ ’ਚ ਡਾਕਟਰ ਪ੍ਰੈਕਟਿਸ ਕਰ ਰਹੇ ਹਨ ਪਰ ਸਿਹਤ ਵਿਭਾਗ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਪੁੱਤਰ ਦਾ ਵੱਡਾ ਐਲਾਨ : ਸ਼ਹੀਦ ਦਾ ਦਰਜਾ ਮਿਲਣ ਤੋਂ ਬਾਅਦ ਹੀ ਹੋਵੇਗਾ ਅੰਤਿਮ ਸੰਸਕਾਰ
ਰੋਜ਼ਾਨਾ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ’ਚ ਇਲਾਜ ਦੌਰਾਨ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ ਅਤੇ ਉਸ ਨੂੰ ਸਰਕਾਰੀ ਜਾਂ ਨਿੱਜੀ ਹਸਪਤਾਲਾਂ ’ਚ ਭੇਜ ਦਿੱਤਾ ਜਾਂਦਾ ਹੈ। ਸਿਹਤ ਅਧਿਕਾਰਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੇ ਨੀਮ-ਹਕੀਮਾਂ ਦੇ ਕੋਲ ਜਾਣ ਦੀ ਬਜਾਏ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਆਮ ਆਦਮੀ ਕਲੀਨਿਕ ’ਤੇ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਕਿਹਾ ਕਿ ਡੇਂਗੂ ਦੇ ਲੱਛਣ ਸਾਹਮਣੇ ਆਉਣ ’ਤੇ ਨੇੜੇ ਦੀ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ’ਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਰਕਾਰੀ ਹਸਪਤਾਲਾਂ ’ਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅਜਿਹੇ ਨੀਮ-ਹਕੀਮਾਂ ਬਾਰੇ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਪੜਤਾਲ ਕਰ ਕੇ ਉੱਚਿਤ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਲੰਡਾ ਨੇ ਲਈ, ਸੋਸ਼ਲ ਮੀਡੀਆ 'ਤੇ ਪਾਈ ਪੋਸਟ
ਡੇਂਗੂ ਦੇ 82 ਨਵੇਂ ਮਰੀਜ਼, 32 ਦੀ ਰਿਪੋਰਟ ਪਾਜ਼ੇਟਿਵ
ਜ਼ਿਲ੍ਹੇ ਦੇ ਪ੍ਰਮੁੱਖ ਹਸਪਤਾਲਾਂ ’ਚ ਡੇਂਗੂ ਦੇ 82 ਨਵੇਂ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ’ਚ 32 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਰੀਜ਼ਾਂ ’ਚ 17 ਜ਼ਿਲ੍ਹੇ ਦੇ, ਜਦੋਂਕਿ 15 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 29 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ, ਜਦੋਂਕਿ 21 ਸ਼ੱਕੀ ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਰਹਿਣ ਵਾਲੇ ਹਨ। ਜ਼ਿਲ੍ਹੇ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 2360 ਹੋ ਗਈ ਹੈ।
ਹੁਣ ਤੱਕ ਸਿਹਤ ਵਿਭਾਗ ਵੱਲੋਂ 907 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚ 480 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਦੀ ਟੀਮ ਨੇ ਅੱਜ 837 ਘਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੂੰ 5 ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਿਆ, ਜਦੋਂਕਿ 1155 ਵੱਖ-ਵੱਖ ਕੰਟੇਨਰਾਂ ਦੀ ਜਾਂਚ ’ਚ 8 ਥਾਵਾਂ ’ਤੇ ਡੇਂਗੂ ਦਾ ਲਾਰਵਾ ਪਾਇਆ ਗਿਆ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ