ਲੁਧਿਆਣਾ ਜ਼ਿਲ੍ਹੇ ''ਚ ਮੱਛਰਾਂ ਦਾ ਕਹਿਰ ਘਟਿਆ, ਡੇਂਗੂ ਦੇ 20 ਮਰੀਜ਼ ਆਏ ਸਾਹਮਣੇ

Friday, Dec 09, 2022 - 01:56 PM (IST)

ਲੁਧਿਆਣਾ ਜ਼ਿਲ੍ਹੇ ''ਚ ਮੱਛਰਾਂ ਦਾ ਕਹਿਰ ਘਟਿਆ, ਡੇਂਗੂ ਦੇ 20 ਮਰੀਜ਼ ਆਏ ਸਾਹਮਣੇ

ਲੁਧਿਆਣਾ (ਸਹਿਗਲ) : ਮਹਾਨਗਰ ’ਚ ਡੇਂਗੂ ਦੇ ਮੱਛਰ ਦਾ ਕਹਿਰ ਪਹਿਲਾਂ ਤੋਂ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਸਥਾਨਕ ਪ੍ਰਮੁੱਖ ਹਸਪਤਾਲਾਂ ’ਚ ਡੇਂਗੂ ਦੇ 20 ਦੇ ਲਗਭਗ ਮਰੀਜ਼ ਸਾਹਮਣੇ ਆਏ। ਇਨ੍ਹਾਂ ’ਚੋਂ 8 ਦੀ ਰਿਪੋਰਟ ਪਾਜ਼ੇਟਿਵ ਆਈ ਦੱਸੀ ਜਾਂਦੀ ਹੈ। ਪਾਜ਼ੇਟਿਵ ਮਰੀਜ਼ਾਂ ’ਚ 5 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 12 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ 1838 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ 1061 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 777 ਮਰੀਜ਼ ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ।
ਘਰ ਦੇ ਅੰਦਰ ਨਾ ਰਹਿਣ ਦਿਓ ਮੱਛਰ
ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀ ਵੱਧਣ ਕਾਰਨ ਮੱਛਰ ਦਾ ਕਹਿਰ ਪਹਿਲਾਂ ਤੋਂ ਘੱਟ ਹੋਇਆ ਹੈ ਪਰ ਬੀਤੇ ਦਿਨੀਂ ਹੋਏ ਸਰਵੇ ਦੌਰਾਨ ਇਹ ਸਾਹਮਣੇ ਆ ਚੁੱਕਾ ਹੈ ਕਿ ਸਰਦੀ ਵੱਧਣ ’ਤੇ ਮੱਛਰ ਘਰਾਂ ਦੇ ਅੰਦਰ ਸ਼ਰਨ ਲੈਂਦਾ ਹੈ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਪਾਜ਼ੇਟਿਵ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਕਾਰਨ ਹੈ ਕਿ ਸਰਦੀ ਵੱਧਣ ਦੇ ਬਾਵਜੂਦ ਡੇਂਗੂ ਦੇ ਮਰੀਜ਼ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਮੱਛਰਾਂ ਦੇ ਪ੍ਰਤੀਰੋਧਕਾਂ ਦਾ ਇਸਤੇਮਾਲ ਕਰਨ, ਮੱਛਰ ਭਜਾਉਣ ਦੇ ਉਪਕਰਨ ਲਗਾਉਣ। ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਜ਼ਿਆਦਾਤਰ ਦਿਨ ’ਚ ਕੱਟਦਾ ਹੈ ਅਤੇ ਸਵੇਰੇ ਸ਼ਾਮ ਨੂੰ ਜ਼ਿਆਦਾ ਸਰਗਰਮ ਹੁੰਦਾ ਹੈ। ਇਸ ਤੋਂ ਕੁੱਝ ਦਿਨ ਹੋਰ ਬਚਾਅ ਰੱਖਣ ਦੀ ਲੋੜ ਹੈ।


author

Babita

Content Editor

Related News