ਮਲੋਟ ’ਚ ਡੇਂਗੂ ਦਾ ਕਹਿਰ, ਸੈਂਕੜੇ ਮਰੀਜ਼ ਨਿੱਜੀ ਹਸਪਤਾਲਾਂ ’ਚ ਦਾਖ਼ਲ

Sunday, Nov 10, 2024 - 07:38 AM (IST)

ਮਲੋਟ ’ਚ ਡੇਂਗੂ ਦਾ ਕਹਿਰ, ਸੈਂਕੜੇ ਮਰੀਜ਼ ਨਿੱਜੀ ਹਸਪਤਾਲਾਂ ’ਚ ਦਾਖ਼ਲ

ਮਲੋਟ (ਜੁਨੇਜਾ) : ਪੰਜਾਬ ਦੇ ਬਾਕੀ ਹਿੱਸਿਆਂ ਵਾਂਗ ਮਲੋਟ ’ਚ ਵੀ ਡੇਂਗੂ ਦਾ ਕਹਿਰ ਜ਼ੋਰਾਂ ’ਤੇ ਹੈ। ਸਰਕਾਰੀ ਤੌਰ ’ਤੇ ਅੰਕੜਾ ਭਾਵੇਂ ਥੋੜ੍ਹਾ ਹੈ ਪਰ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ ’ਚ ਡੇਂਗੂ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਮਲੋਟ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ’ਚ ਸੈਂਕੜੇ ਮਰੀਜ਼ ਇਲਾਜ ਕਰਾ ਰਹੇ ਹਨ ਜਦਕਿ ਜ਼ਿਲ੍ਹੇ ਅੰਦਰ ਇਕ ਅੰਕੜਾ ਹੋਰ ਵੱਡਾ ਹੈ। ਉਧਰ 2 ਦਿਨ ਪਹਿਲਾਂ ਮਲੋਟ ਵਿਖੇ ਹੋਈ ਇਕ ਨੌਜਵਾਨ ਦੀ ਡੇਂਗੂ ਨਾਲ ਮੌਤ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ, ਪਰ ਡੇਂਗੂ ਦੀ ਬੀਮਾਰੀ ਦੇ ਕਹਿਰ ਨੇ ਸਿਵਲ ਸਰਜਨ ਤੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦੀ ਅਗਵਾਈ ਹੇਠ ਡੇਂਗੂ ਵਿਰੁੱਧ ਮੁਹਿੰਮ ਦੀਆਂ ਖਬਰਾਂ ਨਾਲ ਵਿਭਾਗੀ ਖਾਨਾਪੂਰਤੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਮਲੋਟ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਸੈਂਕੜੇ ਲੋਕ ਡੇਂਗੂ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਵੱਲੋਂ ਆਪਣੇ ਤੌਰ ’ਤੇ ਟੈਸਟ ਕਰਵਾ ਕੇ ਪ੍ਰਾਈਵੇਟ ਇਲਾਜ ਕਰਵਾਇਆ ਜਾ ਰਿਹਾ ਹੈ। ਮਲੋਟ ਸ਼ਹਿਰੀ ਖੇਤਰ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਰਿਕਾਰਡ ਅਨੁਸਾਰ ਅਕਤੂਬਰ ’ਚ ਡੇਢ ਦਰਜਨ ਦੇ ਕਰੀਬ ਮਰੀਜ਼ ਆਏ ਸਨ, ਜਦਕਿ ਨਵੰਬਰ ਦੇ ਪਹਿਲੇ ਹਫ਼ਤੇ ਤੱਕ 30 ਤੋਂ ਵੱਧ ਮਰੀਜ਼ਾਂ ਦੀ ਡੇਂਗੂ ਪਾਜ਼ੇਟਿਵ ਵਜੋਂ ਪੁਸ਼ਟੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਜਿਮ ਮਾਲਕ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਇਸ ਬਦਨਾਮ ਗੈਂਗਸਟਰ ਦੇ ਨਾਂ ਤੋਂ ਆਈ ਕਾਲ

ਮਲੋਟ ਵਿਖੇ 27 ਸਾਲਾਂ ਦੇ ਨੌਜਵਾਨ ਅਕਾਸ਼ ਸਿਡਾਨਾ ਦੀ ਇਕ ਨਿੱਜੀ ਹਸਪਤਾਲ ’ਚ ਡੇਂਗੂ ਨਾਲ ਮੌਤ ਦੀ ਵੀ ਸਿਹਤ ਵਿਭਾਗ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਵਿਭਾਗ ਅਨੁਸਾਰ ਉਨ੍ਹਾਂ ਕੋਲ ਇਸ ਮਰੀਜ਼ ਦੇ ਪਾਜ਼ੇਟਿਵ ਹੋਣ ਜਾਂ ਮੌਤ ਹੋਣ ਦੀ ਕੋਈ ਸਰਕਾਰੀ ਸੂਚਨਾ ਨਹੀਂ। ਉਧਰ, ਜਿਸ ਪ੍ਰਾਈਵੇਟ ਹਸਪਤਾਲ ’ਚ ਡੇਂਗੂ ਨਾਲ ਮੌਤ ਹੋਣ ਦੀ ਖਬਰ ਹੈ, ਉਸ ਵੱਲੋਂ ਵੀ ਮਰੀਜ਼ ਸਬੰਧੀ ਕੋਈ ਜਾਣਕਾਰੀ ਸਰਕਾਰੀ ਹਸਪਤਾਲ ਨਾਲ ਸਾਂਝੀ ਨਹੀਂ ਕੀਤੀ ਗਈ।

ਸਿਵਲ ਸਰਜਨ ਨੇ ਨਹੀਂ ਚੁੱਕਿਆ ਫੋਨ
ਇਸ ਮਾਮਲੇ ਸਬੰਧੀ ਜਦੋਂ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮੇਸ਼ਾ ਵਾਂਗ 2 ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ। ਜ਼ਿਕਰਯੋਗ ਹੈ ਕਿ ਪ੍ਰਸ਼ਾਸ਼ਨ ਵੱਲੋਂ ਸਾਰੇ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤ ਕੀਤੀ ਗਈ ਹੈ ਕਿ ਕਿਸੇ ਸਰਕਾਰੀ ਮੁਲਾਜ਼ਮ ਦਾ ਫੋਨ ਛੁੱਟੀ ਵਾਲੇ ਦਿਨ ਵੀ ਬੰਦ ਨਹੀਂ ਹੋਣਾ ਚਾਹੀਦਾ।

ਇਸ ਮਾਮਲੇ ’ਤੇ ਮਲੋਟ ਦੇ ਐੱਸ. ਐੱਮ. ਓ. ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਸਰਕਾਰੀ ਹਸਪਾਲ ’ਚ ਜਾਂ ਮਨਜ਼ੂਰ ਲੈਬਾਂ ’ਚ ਈਲੀਜ਼ਾ ਟੈਸਟ ਨੂੰ ਪ੍ਰਮਾਣਿਤ ਸਮਝਿਆ ਜਾਂਦਾ ਹੈ ਜਦਕਿ ਵਧੇਰੇ ਕਰਕੇ ਕਾਰਡ ਟੈਸਟ ਹੁੰਦੇ ਹਨ, ਜਿਸ ਦੀ ਰਿਪੋਰਟ ਨੂੰ ਪ੍ਰਮਾਣਿਕ ਨਹੀਂ ਮੰਨਿਆ ਜਾਂਦਾ।

ਇਹ ਵੀ ਪੜ੍ਹੋ : ਕ੍ਰਿਸ਼ਨ ਵਿਹਾਰ 'ਚ ਵੱਡਾ ਹਾਦਸਾ, ਸਿਲੰਡਰ ਫਟਣ ਨਾਲ ਡਿੱਗਿਆ ਘਰ ਦਾ ਅੱਧਾ ਹਿੱਸਾ, ਔਰਤ ਦੀ ਮੌਤ

ਮਲੋਟ ਵਿਖੇ ਨਿੱਜੀ ਹਸਪਤਾਲ ’ਚ ਮੌਤ ਦੀ ਖਬਰ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਡੇਂਗੂ ਨਾਲ ਮੌਤ ਦੀ ਕੋਈ ਅਧਿਕਾਰਿਤ ਜਾਣਕਾਰੀ ਨਹੀਂ। ਜੇਕਰ ਕਿਸੇ ਲੈਬ ਕੋਲ ਡੇਂਗੂ ਮਰੀਜ਼ ਪਾਜ਼ੇਟਿਵ ਦੀ ਪੱਕੀ ਰਿਪੋਰਟ ਹੈ ਜਾਂ ਪ੍ਰਾਈਵੇਟ ਹਸਪਤਾਲ ’ਚ ਕੋਈ ਮਾਮਲਾ ਆਉਂਦਾ ਤਾਂ ਉਨ੍ਹਾਂ ਦੇ ਧਿਆਨ ’ਚ ਲਿਆਉਣਾ ਚਾਹੀਦਾ ਹੈ। ਮਲੋਟ ਦੇ ਜਿਸ ਪ੍ਰਾਈਵੇਟ ਹਸਪਤਾਲ ’ਚ ਡੇਂਗੂ ਨਾਲ ਨੌਜਵਾਨ ਦੀ ਮੌਤ ਦੀ ਖਬਰ ਹੈ, ਉਸ ਨੇ ਸਰਕਾਰੀ ਹਸਪਤਾਲ ਨਾਲ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਸਬੰਧੀ ਕੋਈ ਜਾਣਕਾਰੀ ਜਨਤਕ ਕਰਨ ਤੋਂ ਸਰਕਾਰੀ ਹਸਪਤਾਲਾਂ ਨੂੰ ਮਨਾਹੀ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News