ਡੇਰਾ ਬਾਬਾ ਨਾਨਕ ’ਚ ਡੇਂਗੂ ਦਾ ਕਹਿਰ, ਮਰੀਜ਼ ਵੱਧਣ ਨਾਲ ਨਗਰ ਕੌਂਸਲ ਨੇ ਸ਼ੁਰੂ ਕਰਵਾਈ ਫੌਗਿੰਗ

Monday, Oct 12, 2020 - 01:53 AM (IST)

ਡੇਰਾ ਬਾਬਾ ਨਾਨਕ ’ਚ ਡੇਂਗੂ ਦਾ ਕਹਿਰ, ਮਰੀਜ਼ ਵੱਧਣ ਨਾਲ ਨਗਰ ਕੌਂਸਲ ਨੇ ਸ਼ੁਰੂ ਕਰਵਾਈ ਫੌਗਿੰਗ

ਡੇਰਾ ਬਾਬਾ ਨਾਨਕ, (ਵਤਨ)- ਕਸਬਾ ਡੇਰਾ ਬਾਬਾ ਨਾਨਕ ਹੁਣ ਕੋਰੋਨਾ ਦੇ ਖੌਫ ਤੋਂ ਉਭਰਨ ਉਪਰੰਤ ਹੁਣ ਡੇਂਗੂ ਦੇ ਡੰਗ ਦਾ ਸ਼ਿਕਾਰ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਕਸਬੇ ਵਿਚ ਸੈਂਕੜਿਆਂ ਤੋਂ ਵਧ ਲੋਕ ਡੇਂਗੂ ਦੇ ਢੰਗ ਤੋਂ ਪੀੜਤ ਨਜ਼ਰ ਆ ਰਹੇ ਹਨ, ਜਿਸ ਕਾਰਨ ਕਸਬੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦਿਖਾਈ ਦੇ ਰਿਹਾ ਹੈ ਅਤੇ ਲੋਕਾਂ ’ਚ ਪ੍ਰਸ਼ਾਸਨ ਅਤੇ ਸਿਹਤ ਅਮਲੇ ਸਬੰਧੀ ਭਾਰੀ ਰੋਹ ਦਿਖਾਈ ਦੇ ਰਿਹਾ ਹੈ। ਇਕੱਤਰ ਜਾਣਕਾਰੀ ਅਨੁਸਾਰ ਡੇਂਗੂ ਦਾ ਡੰਗ ਇਨ੍ਹਾਂ ਜ਼ਿਆਦਾ ਦਿਸ ਰਿਹਾ ਹੈ ਕਿ ਹਰ ਗਲੀ-ਮੁਹੱਲੇ ਵਿਚ ਡੇਂਗੂ ਬੁਖਾਰ ਹੋਣ ਦੀ ਚਰਚਾ ਹੈ ਅਤੇ ਸਭ ਤੋਂ ਪਹਿਲਾਂ ਬਜ਼ਾਰ ਉਦੇ ਚੰਦ ਤੋਂ ਸ਼ੁਰੂ ਹੋਇਆ ਇਹ ਬੁਖਾਰ ਸਮੁੱਚੇ ਕਸਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਲੋਕ ਪ੍ਰਾਇਵੇਟ ਲੈਬਾਰਟਰੀਆਂ ਵਲ ਵਹੀਰਾਂ ਘੱਤ ਕੇ ਆਪਣੇ ਪਲੇਟਲੈਟਸ (ਸੈੱਲ) ਚੈੱਕ ਕਰਵਾਉਣ ਲਈ ਜਾ ਰਹੇ ਹਨ। ਇਸ ਦੌਰਾਨ ਕਸਬੇ ’ਚ ਡੇਂਗੂ ਦੇ ਕਹਿਰ ਨੂੰ ਕਈ ਹਫਤੇ ਹੋ ਚੱਲੇ ਹਨ ਪਰ ਸਿਹਤ ਵਿਭਾਗ ਦੇ ਨਿਰਦੇਸ਼ਾਂ ਤੋਂ ਬਾਅਦ ਨਗਰ ਕੌਂਸਲ ਦੀ ਹੁਣ ਜਾ ਕੇ ਨੀਂਦ ਖੁੱਲ੍ਹੀ ਹੈ ਅਤੇ ਕਸਬੇ ਦੀਆਂ ਗਲੀਆਂ ਨਾਲੀਆਂ ਵਿਚ ਫੌਗਿੰਗ ਸ਼ੁਰੂ ਕੀਤੀ ਗਈ ਹੈ।

ਇਸ ਸਬੰਧੀ ਕਸਬੇ ਦੇ ਕਮਿਊਨਿਟੀ ਸਿਹਤ ਕੇਂਦਰ ਦੇ ਇੰਚਾਰਜ ਅਤੇ ਐੱਸ. ਐੱਮ. ਓ. ਡਾ. ਹਰਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਇਸ ਸਬੰਧੀ ਨਗਰ ਕੌਂਸਲ ਨੂੰ ਹਰ ਸ਼ਾਮ ਨੂੰ ਮੱਛਰ ਮਾਰ ਦਵਾਈਆਂ ਦੇ ਸਪਰੇਅ ਕਰਨ ਦੀ ਹਦਾਇਤ ਦਿੱਤੀ ਗਈ ਹੈ ਅਤੇ ਹਰੇਕ ਗਲੀ-ਮੁਹੱਲੇ ਵਿਚ ਸਪਰੇਅ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਲੇਟਲੈਟਸ (ਸੈੱਲਾਂ) ਦੇ ਘੱਟਣ ਦਾ ਕਾਰਣ ਡੇਂਗੂ, ਵਾਇਰਲ ਬੁਖਾਰ ਜਾਂ ਫਿਰ ਕੋਰੋਨਾ ਵੀ ਹੋ ਸਕਦਾ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆਂ ਡੇਂਗੂ ਨਾਲ ਪੀੜਤ ਲੋਕਾਂ ’ਚੋਂ 4 ਵਿਅਕਤੀਆਂ ਦੇ ਕੋਰੋਨਾ ਸਬੰਧੀ ਸੈਂਪਲਿੰਗ ਵੀ ਕੀਤੀ ਗਈ ਹੈ ਅਤੇ ਸੋਮਵਾਰ ਤੋਂ ਸਮੁੱਚੇ ਕਸਬੇ ਵਿਚ ਸਿਹਤ ਵਿਭਾਗ ਸਰਵੇ ਕਰਨ ਜਾ ਰਿਹਾ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਲੋਕ ਕਿਸ ਬੀਮਾਰੀ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਘਰ-ਘਰ ਜਾ ਕੇ ਸਰਵੇ ਕਰ ਕੇ ਲੋਕਾਂ ਦੇ ਬੁਖਾਰ ਸਬੰਧੀ ਸੈਂਪਲਿੰਗ ਕਰ ਕੇ ਲੋਕਾਂ ਨੂੰ ਇਸ ਬੀਮਾਰੀ ਤੋਂ ਮੁਕਤ ਕਰਵਾਏਗਾ।

ਵਿਕਾਸ ਕਾਰਜਾਂ ਕਾਰਣ ਵੀ ਗੰਦੇ ਪਾਣੀ ਦੀ ਨਿਕਾਸੀ ਹੋਈ ਪ੍ਰਭਾਵਿਤ

ਦੂਸਰੇ ਪਾਸੇ ਕਸਬੇ ਵਿਚ ਵਿਕਾਸ ਕਾਰਜਾਂ ਕਾਰਣ ਥਾਂ-ਥਾਂ ’ਤੇ ਗਲੀਆਂ ਪੁੱਟੀਆਂ ਗਈਆਂ ਹਨ, ਜਿਸ ਕਾਰਣ ਵੀ ਕੁਝ ਨਾਲੀਆਂ ਬੰਦ ਹੋ ਗਈਆਂ ਹਨ ਅਤੇ ਉਥੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਈ ਹੈ। ਕਸਬੇ ਦੇ ਮੇਨ ਬਜ਼ਾਰ ’ਚੋਂ ਗੁਰਦੁਆਰਾ ਸਾਹਿਬ ਕੋਲ ਠੇਕੇਦਾਰ ਵੱਲੋਂ ਕਈ ਦਿਨ ਪਹਿਲਾਂ ਪਾਣੀ ਦੀ ਪਾਇਪ ਪਾਉਣ ਤੋਂ ਬਾਅਦ ਬਜ਼ਾਰ ਨੂੰ ਅਜੇ ਤੱਕ ਸਮਤਲ ਨਹੀਂ ਕੀਤਾ ਗਿਆ, ਜਿਸ ਕਾਰਣ ਲੋਕ ਬੜੀ ਮੁਸ਼ਕਲ ਨਾਲ ਇਥੋਂ ਲੰਘਦੇ ਹਨ ਅਤੇ ਉਡਦੀ ਮਿੱਟੀ ਤੋਂ ਦੁਕਾਨਦਾਰ ਕਾਫੀ ਪ੍ਰੇਸ਼ਾਨ ਹਨ, ਜਿਸ ਕਾਰਣ ਅੱਜ ਦੁਕਾਨਦਾਰਾਂ ਨੇ ਸਬੰਧਤ ਠੇਕੇਦਾਰ ਨੂੰ ਘੇਰ ਕੇ ਚੰਗੀ ਲਾਹ ਪਾਹ ਕੀਤੀ ਅਤੇ ਠੇਕੇਦਾਰ ਨੇ ਜਲਦੀ ਹੀ ਇਸ ਨੂੰ ਠੀਕ ਕਰਵਾਉਣ ਦਾ ਭਰੋਸਾ ਦਿਵਾਇਆ।


author

Bharat Thapa

Content Editor

Related News