ਮੋਹਾਲੀ ਜ਼ਿਲ੍ਹੇ 'ਚ 'ਡੇਂਗੂ' ਦਾ ਕਹਿਰ, ਪਿੰਡ ਮਟੌਰ 'ਚ 10 ਦਿਨਾਂ ਅੰਦਰ 4 ਬੱਚਿਆਂ ਦੀ ਮੌਤ (ਤਸਵੀਰਾਂ)

10/12/2021 12:01:58 PM

ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਪਿੰਡ ਮਟੌਰ 'ਚ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ, ਜਿਸ ਕਾਰਨ ਇੱਥੇ ਦਰਜਨਾਂ ਦੀ ਗਿਣਤੀ 'ਚ ਲੋਕ ਬੀਮਾਰ ਹੋ ਗਏ ਹਨ। ਇਸ ਦੇ ਕਾਰਨ ਪਿਛਲੇ 10 ਦਿਨਾਂ 'ਚ 4 ਤੋਂ 8 ਸਾਲ ਦੀ ਉਮਰ ਦੇ 4 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਨਗਰ ਨਿਗਮ ਦੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਦੋਸ਼ ਲਾਇਆ ਹੈ ਕਿ ਪਿੰਡ ਮਟੌਰ 'ਚ ਮੱਛਰ ਮਾਰਨ ਦੀ ਦਵਾਈ ਦਾ ਛਿੜਕਾਅ ਨਾ ਕੀਤੇ ਜਾਣ ਅਤੇ ਸਫਾਈ ਵਿਵਸਥਾ ਉਚਿਤ ਨਾ ਹੋਣ ਕਾਰਨ ਹੀ ਮਲੇਰੀਆ ਅਤੇ ਡੇਂਗੂ ਦੀ ਬੀਮਾਰੀ ਫੈਲੀ ਹੈ। ਉਨ੍ਹਾਂ ਨੇ ਨਗਰ ਨਿਗਮ 'ਤੇ ਇਸ ਸਭ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ ਹੈ। ਚੰਨਾ ਨੇ ਦੋਸ਼ ਲਾਇਆ ਕਿ ਪਿੰਡ ਮਟੌਰ ਦਾ ਸੀਵਰੇਜ ਸਿਸਟਮ ਬੰਦ ਹੋ ਗਿਆ ਸੀ, ਜਿਸ ਨੂੰ ਖੋਲ੍ਹਣ ਲਈ ਨਗਰ ਨਿਗਮ ਦੇ ਮੇਅਰ ਨੂੰ ਇਕ ਹਫ਼ਤਾ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਕਰੀਬ ਇਕ ਹਫ਼ਤੇ ਬਾਅਦ ਸੀਵਰੇਜ ਠੀਕ ਕਰਨ ਲਈ ਮਸ਼ੀਨ ਭੇਜੀ ਗਈ। ਉਨ੍ਹਾਂ ਨੇ ਕਿਹਾ ਕਿ ਪਿੰਡ 'ਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਵੀ ਨਹੀਂ ਕਰਵਾਇਆ ਗਿਆ। ਚੰਨਾ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਨਗਰ ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣੇ ਖ਼ਰਚੇ 'ਤੇ ਮਟੌਰ 'ਚ ਮੱਛਰ ਮਾਰਨ ਦੀ ਦਵਾਈ ਦਾ ਛਿੜਕਾਅ ਕਰਨ ਲਈ ਮਸ਼ੀਨ ਭੇਜੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬਲੈਕ ਆਊਟ ਦਾ ਖ਼ਤਰਾ, CM ਚੰਨੀ ਬੋਲੇ-ਨਹੀਂ ਹੋਣ ਦੇਵਾਂਗੇ ਬੱਤੀ ਗੁੱਲ

PunjabKesari
ਕੀ ਬੋਲੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ
ਇਸ ਸਬੰਧੀ ਜਦੋਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਨਿਗਮ ਨੂੰ ਪਿੰਡ ਮਟੌਰ ਬਾਰੇ ਸਿਹਤ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪਿੰਡ ਮਟੌਰ 'ਚ ਪਾਲਤੂ ਪਸ਼ੂ ਜ਼ਿਆਦਾ ਹੋਣ ਕਾਰਨ ਉਨ੍ਹਾਂ ਦਾ ਗੋਹਾ ਸੀਵਰੇਜ 'ਚ ਚਲਾ ਜਾਂਦਾ ਹੈ, ਜਿਸ ਨਾਲ ਸੀਵਰੇਜ ਜਾਮ ਦੀ ਸਮੱਸਿਆ ਅਕਸਰ ਆਉਂਦੀ ਰਹਿੰਦੀ ਹੈ ਅਤੇ ਉਸ ਨੂੰ ਤੁਰੰਤ ਹੱਲ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ਨੂੰ ਸਿਆਸਤ ਦਾ ਮੁੱਦਾ ਨਾ ਬਣਾਉਣ ਅਤੇ ਨਿਗਮ ਦਾ ਸਹਿਯੋਗ ਕਰਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ, ਮਨਜ਼ੂਰ ਕੀਤਾ ਜਾ ਸਕਦੈ 'ਨਵਜੋਤ ਸਿੱਧੂ' ਦਾ ਅਸਤੀਫ਼ਾ

PunjabKesari
ਪਿੰਡ ਦੇ 11 ਘਰਾਂ 'ਚ ਮਿਲਿਆ ਡੇਂਗੂ ਦਾ ਲਾਰਵਾ
ਇਸ ਦੌਰਾਨ ਸਿਹਤ ਵਿਭਾਗ ਨੇ ਅੱਜ ਸਿਵਲ ਸਰਜਨ ਡਾ. ਆਦਰਸ਼ ਪਾਲ ਕੌਰ ਦੀ ਅਗਵਾਈ 'ਚ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ। ਜਾਂਚ ਦੌਰਾਨ 11 ਘਰਾਂ 'ਚ ਇਹ ਲਾਰਵਾ ਪਾਇਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਵਿਕਰਾਂਤ ਨਾਗਰਾ ਨਾਲ ਖ਼ੁਦ ਮੋਹਾਲੀ ਦੇ ਫੇਜ਼-10 ਅਤੇ 11 ਦੇ ਨਾਲ-ਨਾਲ ਪਿੰਡ ਫਤਿਹਉੱਲਾਪੁਰ 'ਚ ਜਾ ਕੇ ਘਰਾਂ 'ਚ ਗਮਲਿਆਂ ਅਤੇ ਖ਼ਾਲੀ ਪਏ ਟਾਇਰਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਦੱਸਿਆ ਕਿ ਫੇਜ਼-10 ਦੇ 5 ਘਰਾਂ 'ਚ, ਫੇਜ਼-11 ਦੇ ਇਕ ਘਰ 'ਚ ਅਤੇ ਪਿੰਡ ਫਤਿਹਉੱਲਾਪੁਰ 'ਚ 5 ਘਰਾਂ 'ਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਟੀਮਾਂ ਨੇ ਕੁੱਲ 6 ਚਲਾਨ ਕੀਤੇ, ਜਦੋਂ ਕਿ ਪਹਿਲੀ ਵਾਰ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਨੂੰ ਐਕਸਚੇਂਜ ਦੇ 16 ਰੁਪਏ ਦੇ ਮੁਕਾਬਲੇ 'ਟਾਟਾ' ਦੇਵੇਗਾ 5.50 ਰੁਪਏ ਪ੍ਰਤੀ ਯੂਨਿਟ ਬਿਜਲੀ

PunjabKesari
ਮੱਛਰਾਂ ਦੇ ਖ਼ਤਰੇ ਨੂੰ ਰੋਕਣ ਲਈ ਸ਼ਾਮ ਵੇਲੇ ਸਰਗਰਮੀ ਨਾਲ ਫੌਗਿੰਗ ਮੁਹਿੰਮ ਚਲਾਓ : ਡਿਪਟੀ ਕਮਿਸ਼ਨਰ 
ਕਿਸੇ ਵੀ ਸਥਿਤੀ ਵਿੱਚ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਖ਼ਾਤਮੇ ਲਈ ਚੱਲ ਰਹੀ ਲੜਾਈ ਵਿੱਚ ਕੋਈ ਢਿੱਲ ਨਾ ਦਿੱਤੀ ਜਾਵੇ। ਇਹ ਗੱਲ ਆਖਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਿਲ੍ਹਾ ਸਿਹਤ ਵਿਭਾਗ, ਨਗਰ ਨਿਗਮ ਅਤੇ ਨਗਰ ਕੌਂਸਲਾਂ ਨੂੰ 'ਮੱਛਰਾਂ ਦੇ ਖ਼ਤਰੇ ਨੂੰ ਰੋਕਣ ਲਈ ਸਰਗਰਮੀ ਨਾਲ ਫੌਗਿੰਗ ਮੁਹਿੰਮ ਚਲਾਉਣ' ਦੇ ਨਿਰਦੇਸ਼ ਦਿੱਤੇ।
 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਸਮ ਵਿੱਚ ਬਦਲਾਅ ਨਾਲ ਮੱਛਰਾਂ ਦਾ ਖ਼ਤਰਾ ਵੱਧ ਰਿਹਾ ਹੈ। ਇਸ ਲਈ ਉਨ੍ਹਾਂ ਘਰਾਂ ਦੀ ਚਲਾਨਿੰਗ ਦੇ ਨਾਲ ਫੌਗਿੰਗ ਅਤੇ ਘਰ-ਘਰ ਕੰਟੇਨਰ ਸਰਵੇਖਣ ਤੇਜ਼ ਕੀਤਾ ਜਾਵੇ, ਜਿੱਥੇ ਮੱਛਰਾਂ ਦਾ ਲਾਰਵਾ ਪਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਾਲੀਆਂ ਦੇ ਨੇੜੇ ਮੈਡੀਸਨਲ ਪਾਊਡਰ ਦਾ ਛਿੜਕਾਅ ਕੀਤਾ ਜਾਵੇ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ, ਝੁੱਗੀਆਂ ਅਤੇ ਤੰਗ ਗਲੀਆਂ ਵਿੱਚ ਲਗਾਤਾਰ ਰੋਗਾਣੂ ਮੁਕਤ ਕਰਨ ਲਈ ਛਿੜਕਾਅ ਮੁਹਿੰਮ ਚਲਾਈ ਜਾਵੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News