ਲੁਧਿਆਣਾ ''ਚ ''ਡੇਂਗੂ'' ਦਾ ਕਹਿਰ ਜਾਰੀ, ਹੁਣ ਤੱਕ 4 ਮਰੀਜ਼ਾਂ ਦੀ ਮੌਤ
Friday, Nov 01, 2019 - 05:48 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਡੇਂਗੂ ਕਾਰਨ 4 ਸ਼ੱਕੀ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੁਤਰਾਂ ਮੁਤਾਬਕ ਇਹ ਅੰਕੜਾ 10 ਤੋਂ ਪਾਰ ਹੈ। ਲੁਧਿਆਣਾ ਦੇ ਸਿਵਲ ਹਸਪਤਾਲ 'ਚ ਹੀ ਦੋ ਦਰਜਨ ਤੋਂ ਵੱਧ ਡੇਂਗੂ ਦੇ ਮਰੀਜ਼ ਦਾਖਲ ਹਨ। ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਨੇ ਡੇਂਗੂ ਦੇ 289 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਜਦੋਂ 'ਜਗਬਾਣੀ' ਦੀ ਟੀਮ ਸਿਵਲ ਹਸਪਤਾਲ ਦੇ ਡੇਂਗੂ ਵਾਰਡ 'ਚ ਪੁੱਜੀ ਤਾਂ ਉੱਥੇ ਮਰੀਜ਼ਾਂ ਦੀ ਭਰਮਾਰ ਦੇਖਣ ਨੂੰ ਮਿਲੀ।
ਇਕ ਬੈੱਡ 'ਤੇ 2-2 ਮਰੀਜ਼ਾਂ ਨੂੰ ਪਾਇਆ ਗਿਆ ਸੀ ਕਿਉਂਕਿ ਹਸਪਤਾਲ 'ਚ ਬੈੱਡ ਘੱਟ ਅਤੇ ਮਰੀਜ਼ ਜ਼ਿਆਦਾ ਸਨ। ਜਿੱਥੇ ਹਰ ਸਾਲ ਨਗਰ ਨਿਗਮ ਅਤੇ ਸਿਹਤ ਵਿਭਾਗ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ, ਇਹ ਸਾਰੇ ਦਾਅਵੇ ਜ਼ਮੀਨੀ ਪੱਧਰ 'ਤੇ ਫੇਲ ਸਾਬਿਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਅੰਕੜਾ ਸਿਰਫ ਸਰਕਾਰੀ ਹਸਪਤਾਲਾਂ ਜਾਂ ਡਿਸਪੈਂਸਰੀਆਂ ਦਾ ਹੀ ਹੈ ਅਤੇ ਜੇਕਰ ਨਿਜੀ ਹਸਪਤਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਤੋਂ ਕਈ ਗੁਣਾ ਜ਼ਿਆਦਾ ਹੈ।