ਜ਼ਿਲੇ ''ਚ ਡੇਂਗੂ ਨੇ ਪਸਾਰੇ ਪੈਰ

Wednesday, Apr 04, 2018 - 03:32 AM (IST)

ਅੰਮ੍ਰਿਤਸਰ, (ਦਲਜੀਤ)- ਜ਼ਿਲੇ 'ਚ ਡੇਂਗੂ ਨੇ ਪੈਰ ਪਸਾਰ ਲਏ ਹਨ। ਸਿਹਤ ਵਿਭਾਗ ਦੀ ਟੀਮ ਨੂੰ ਮਕਬੂਲਪੁਰਾ ਖੇਤਰ 'ਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਵਿਭਾਗ ਵੱਲੋਂ ਡੇਂਗੂ 'ਤੇ ਨਕੇਲ ਪਾਉਣ ਲਈ ਜਿਥੇ ਜ਼ਿਲੇ ਵਿਚ ਵਿਸ਼ੇਸ਼ ਟੀਮਾਂ ਦਾ ਹੁਣ ਤੋਂ ਹੀ ਗਠਨ ਕਰ ਦਿੱਤਾ ਹੈ, ਉਥੇ ਹੀ ਟੀਮਾਂ 'ਚ ਤਾਇਨਾਤ ਅਧਿਕਾਰੀਆਂ ਨੂੰ ਜਿਨ੍ਹਾਂ ਥਾਵਾਂ ਤੋਂ ਲਾਰਵਾ ਮਿਲ ਰਿਹਾ ਹੈ, ਦੇ ਮਾਲਕਾਂ ਦੇ ਚਲਾਨ ਕੱਟਣ ਦੇ ਹੁਕਮ ਦੇ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਡੇਂਗੂ ਨੂੰ ਲੈ ਕੇ ਕਾਫੀ ਮੁਸਤੈਦ ਹੈ। ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ, ਜਿਸ ਵਿਚ ਮਕਬੂਲਪੁਰਾ ਇਲਾਕੇ 'ਚ 4 ਥਾਵਾਂ 'ਤੇ ਡੇਂਗੂ ਦਾ ਲਾਰਵਾ ਪਾਇਆ ਗਿਆ, ਜਿਸ 'ਤੇ ਕਾਰਵਾਈ ਕਰਦਿਆਂ ਜਗਤਾਰ ਸਿੰਘ, ਗੁਰਦੇਵ ਸਿੰਘ, ਹਰਮੀਤ ਸਿੰਘ ਅਤੇ ਕਾਰਪੋਰੇਸ਼ਨ ਦੀ ਟੀਮ ਵੱਲੋਂ 4 ਚਲਾਨ ਕੀਤੇ ਗਏ। ਜ਼ਿਲਾ ਮਲੇਰੀਆ ਅਫਸਰ ਡਾ. ਮਦਨ ਮੋਹਨ ਨੇ ਕਿਹਾ ਕਿ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਦੀ ਰੋਕਥਾਮ ਲਈ ਜ਼ਿਲੇ ਵਿਚ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਟੀਮਾਂ ਦੇ ਅਧਿਕਾਰੀ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦਾ ਨਿਰੀਖਣ ਕਰ ਕੇ ਡੇਂਗੂ ਦਾ ਲਾਰਵਾ ਲੱਭ ਰਹੇ ਹਨ ਤੇ ਜਿਸ ਥਾਂ ਤੋਂ ਲਾਰਵਾ ਮਿਲ ਰਿਹਾ ਹੈ, ਉਸ ਦੇ ਮਾਲਕ ਦਾ ਮੌਕੇ 'ਤੇ ਹੀ ਚਲਾਨ ਕੱਟ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਾਫ-ਸਫਾਈ ਰੱਖਣ ਤੇ ਪਾਣੀ ਇਕੱਠਾ ਨਾ ਹੋਣ ਦੇਣ। ਡੇਂਗੂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫਤ ਹੁੰਦਾ ਹੈ।
ਏਡੀਜ਼ ਅਜਿਪਟੀ ਮੱਛਰ ਨਾਲ ਪੈਦਾ ਹੁੰਦਾ ਹੈ ਡੇਂਗੂ
ਡੇਂਗੂ ਏਡੀਜ਼ ਅਜਿਪਟੀ ਮੱਛਰ ਨਾਲ ਪੈਦਾ ਹੁੰਦਾ ਹੈ, ਜੋ ਸਾਫ ਪਾਣੀ ਵਿਚ ਆਪਣਾ ਲਾਰਵਾ ਪੈਦਾ ਕਰਦਾ ਹੈ। ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ। ਲੋਕਾਂ ਨੂੰ ਜੇਕਰ ਸ਼ੱਕ ਹੈ ਤਾਂ ਉਹ ਸਿਹਤ ਵਿਭਾਗ ਨਾਲ ਸੰਪਰਕ ਕਰ ਕੇ ਆਪਣੇ ਇਲਾਕੇ ਵਿਚ ਡੇਂਗੂ ਮਾਰ ਦਵਾਈ ਨਾਲ ਛਿੜਕਾਅ ਵੀ ਕਰਵਾ ਸਕਦੇ ਹਨ। 
ਡੇਂਗੂ ਦੇ ਮੁੱਖ ਲੱਛਣ
ਡੇਂਗੂ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰਦਰਦ, ਅੱਖਾਂ ਪਿੱਛੇ ਦਰਦ, ਕਮਰ ਦਰਦ, ਸਰੀਰ ਦੀਆਂ ਦਰਦਾਂ, ਉਲਟੀਆਂ ਆਉਣਾ, ਸਰੀਰ 'ਤੇ ਧੱਫੜ ਪੈਣੇ ਆਦਿ ਹਨ। ਇਹ ਲੱਛਣ ਮਰੀਜ਼ ਵਿਚ ਆਉਣ 'ਤੇ ਉਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।


Related News