ਸ੍ਰੀ ਮੁਕਤਸਰ ਸਾਹਿਬ ''ਚ ਡੇਂਗੂ ਦੇ 15 ਮਾਮਲੇ ਆਏ ਸਾਹਮਣੇ, ਲੋਕਾਂ ਨੂੰ ਜਾਗਰੂਕ ਕਰ ਰਿਹੈ ਸਿਹਤ ਵਿਭਾਗ
Saturday, Sep 03, 2022 - 03:31 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਨੀਵਾਰ ਨੂੰ ਭੁੱਲਰ ਕਾਲੋਨੀ, ਮਿੱਠਣ ਲਾਲ ਸਟਰੀਟ, ਬੈਂਕ ਰੋਡ, ਬੰਬ ਕਾਲੋਨੀ ਸਮੇਤ ਹੋਰ ਨੇੜਲੇ ਖੇਤਰਾਂ 'ਚ ਡੇਂਗੂ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਈ ਗਈ। ਦੱਸ ਦਈਏ ਕਿ ਜ਼ਿਲ੍ਹੇ 'ਚ ਹੁਣ ਤੱਕ ਡੇਂਗੂ ਦੇ 15 ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਕਰਕੇ ਸਿਹਤ ਵਿਭਾਗ ਵੱਲੋਂ ਜਿੱਥੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਗਿਆ, ਉੱਥੇ ਹੀ ਲੋਕਾਂ ਦੇ ਘਰਾਂ ਚ ਫਰਿੱਜਾਂ ਦੀਆਂ ਟ੍ਰੇਆਂ, ਗਮਲਿਆਂ, ਕੂਲਰਾਂ ਆਦਿ 'ਚ ਮੱਛਰਾਂ ਨੂੰ ਪਨਪਣ ਤੋਂ ਰੋਕਣ ਵਾਸਤੇ ਐਂਟੀ ਡੇਂਗੂ ਲਾਰਵੀਅਲ ਦਵਾਈ ਦਾ ਛਿੜਕਾਅ ਕੀਤਾ ਗਿਆ।
ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਗੁਰਚਰਨ ਸਿੰਘ, ਜ਼ਿਲ੍ਹਾ ਹੈਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰਦ, ਦਿਲਬਾਗ ਸਿੰਘ, ਕੁਲਵੀਰ ਸਿੰਘ, ਬਲਵਿੰਦਰ ਸਿੰਘ, ਵਕੀਲ ਸਿੰਘ, ਆਂਗਣਵਾੜੀ ਵਰਕਰ ਰਜਿੰਦਰ ਕੌਰ, ਨਿਰਮਲਾ ਦੇਵੀ, ਸ਼ੀਲਾ ਰਾਣੀ, ਸਮੂਹ ਬਰੀਡਿੰਗ ਚੈਕਰਜ ਅਤੇ ਚੱਕ ਸੇਰੇ ਵਾਲਾ ਦਾ ਫੀਲਡ ਸਟਾਫ਼ ਵੱਲੋਂ ਮੁਹਿੰਮ ਨੂੰ ਸਫ਼ਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਜ਼ਿਲ੍ਹਾ ਹੈਲਥ ਇੰਸਪੈਕਟਰ ਭਗਵਾਨ ਦਾਸ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਅਨੇਕਾਂ ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ, ਜਿਸ ਨੂੰ ਮੌਕੇ 'ਤੇ ਨਸ਼ਟ ਕਰਵਾ ਕੇ ਚਲਾਨ ਹਿੱਤ ਇਸ ਦੀ ਸੂਚਨਾ ਨਗਰ ਕੌਂਸਲ ਨੂੰ ਭੇਜੀ ਜਾ ਰਹੀ ਹੈ।