ਕੋਰੋਨਾ ਮਗਰੋਂ ''ਡੇਂਗੂ'' ਦਾ ਕਹਿਰ ਪਟਿਆਲਵੀਆਂ ਲਈ ਬਣ ਸਕਦੈ ਖ਼ਤਰਾ, ਮਰੀਜ਼ਾਂ ਲਈ ਰਾਖਵੇਂ ਰੱਖੇ 3 ਵਾਰਡ

Wednesday, Oct 20, 2021 - 12:28 PM (IST)

ਕੋਰੋਨਾ ਮਗਰੋਂ ''ਡੇਂਗੂ'' ਦਾ ਕਹਿਰ ਪਟਿਆਲਵੀਆਂ ਲਈ ਬਣ ਸਕਦੈ ਖ਼ਤਰਾ, ਮਰੀਜ਼ਾਂ ਲਈ ਰਾਖਵੇਂ ਰੱਖੇ 3 ਵਾਰਡ

ਪਟਿਆਲਾ/ਰੱਖੜਾ (ਜ. ਬ.) : ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਡੇਂਗੂ ਦਾ ਖ਼ਤਰਾ ਲੋਕਾਂ ਨੂੰ ਡਰਾਉਣ ਲੱਗ ਪਿਆ ਹੈ ਕਿਉਂਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਡੇਂਗੂ ਦੇ ਮਚਾਏ ਕਹਿਰ ਕਾਰਨ ਸੂਬੇ ਦੇ ਬਾਕੀ ਜ਼ਿਲ੍ਹੇ ਵੀ ਅਲਰਟ ’ਤੇ ਹਨ। ਜਿੱਥੇ ਨਿੱਤ ਦਿਨ ਸਿਹਤ ਵਿਭਾਗ ਤਿਉਹਾਰਾਂ ਦੇ ਦਿਨਾਂ ’ਚ ਮਿਲਾਵਟੀ ਮਠਿਆਈਆਂ, ਨਕਲੀ ਦੁੱਧ, ਖੋਆ, ਪਨੀਰ ਦੀ ਚੈਕਿੰਗ ਕਰਨ ’ਚ ਪੂਰੀ ਤਰ੍ਹਾਂ ਮੁਸਤੈਦ ਹੈ, ਉੱਥੇ ਹੀ ਡੇਂਗੂ ਨੂੰ ਲੈ ਕੇ ਸਿਹਤ ਵਿਭਾਗ ਤੇ ਨਗਰ ਨਿਗਮ ਪਟਿਆਲਾ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਏ ਹਨ। ਭਾਵੇਂ ਕਿ ਪਿਛਲੇ ਸਾਲਾਂ ਦੌਰਾਨ ਦੋਵੇਂ ਵਿਭਾਗਾਂ ਦੀ ਕਾਰਗੁਜ਼ਾਰੀ ਵਧੀਆ ਸੀ ਪਰ ਇਸ ਸਾਲ ਡੇਂਗੂ ਦੀ ਆਮਦ ਤੋਂ ਪਹਿਲਾਂ ਕੀਤੇ ਨਾਕਾਫੀ ਪ੍ਰਬੰਧਾਂ ਕਾਰਨ ਡੇਂਗੂ ਨੂੰ ਸ਼ਹਿਰ ਸਮੇਤ ਆਲੇ-ਦੁਆਲੇ ਦੇ ਕਸਬਿਆਂ ਅੰਦਰ ਫੈਲਣ ਤੋਂ ਨਹੀਂ ਰੋਕਿਆ ਜਾ ਸਕਿਆ। ਬੇਸ਼ੱਕ ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਘਰ-ਘਰ ਜਾ ਕੇ ਖੜ੍ਹੇ ਪਾਣੀ ’ਚ ਲਾਰਵੇ ਦੀ ਚੈਕਿੰਗ ਕਰਦੀਆਂ ਰਹੀਆਂ ਪਰ ਬੀਤੇ ਦਿਨੀਂ ਪਈ ਬੇਮੌਸਮੀ ਬਾਰਸ਼ ਕਾਰਨ ਥਾਂ-ਥਾਂ ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੋਏ ਡੇਂਗੂ ਦੇ ਮੱਛਰਾਂ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 117 ਕੇਸ ਡੇਂਗੂ ਦੇ ਸਾਹਮਣੇ ਆਏ ਹਨ। ਇਨ੍ਹਾਂ ’ਚ ਜ਼ਿਆਦਾਤਰ ਤਫੱਜ਼ਲਪੁਰਾ ਤੇ ਗੁਰੂ ਨਾਨਕ ਨਗਰ ਇਲਾਕੇ ’ਚ ਹੀ ਡੇਂਗੂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸਮੁੱਚੇ ਪਟਿਆਲਵੀਆਂ ਨੂੰ ਡੇਂਗੂ ਦੇ ਕਹਿਰ ਦਾ ਖ਼ੌਫ਼ ਸਤਾਉਣ ਲੱਗ ਪਿਆ ਹੈ। ਇੰਨਾ ਹੀ ਨਹੀਂ, ਇਕ ਪਾਸੇ ਡੇਂਗੂ ਦੇ ਕਹਿਰ ਦਾ ਡਰ ਅਤੇ ਦੂਜੇ ਪਾਸੇ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਸੰਭਾਵਨਾ ਨੇ ਆਮ ਲੋਕਾਂ ਦੇ ਮਨਾਂ ’ਚ ਡਰ ਦਾ ਮਾਹੌਲ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : 'ਕੈਪਟਨ' ਵੱਲੋਂ ਨਵੀਂ ਪਾਰਟੀ ਦੇ ਐਲਾਨ 'ਤੇ ਵਿਰੋਧੀਆਂ ਨੇ ਕੱਸੇ ਤੰਜ, ਮੋਦੀ ਨਾਲ ਚੋਣ ਰੈਲੀ ਦੀ ਸੁਗਬੁਗਾਹਟ
ਤਿੰਨ ਵਾਰਡ ਡੇਂਗੂ ਮਰੀਜ਼ਾਂ ਵਾਸਤੇ ਰਾਖਵੇਂ
ਅੰਮ੍ਰਿਤਸਰ ਤੋਂ ਬਾਅਦ ਡੇਂਗੂ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵੱਲੋਂ 3 ਵਾਰਡ ਰਾਖਵੇਂ ਰੱਖੇ ਗਏ ਹਨ, ਜਿਨ੍ਹਾਂ ’ਚ ਰਾਜਿੰਦਰਾ ਹਸਪਤਾਲ, ਮਾਤਾ ਕੌਸ਼ੱਲਿਆ ਹਸਪਤਾਲ, ਸਿਵਲ ਹਸਪਤਾਲ ਤ੍ਰਿਪੜੀ ਸ਼ਾਮਲ ਹਨ ਤਾਂ ਜੋ ਡੇਂਗੂ ਮਰੀਜ਼ ਦੀ ਪੁਸ਼ਟੀ ਹੁੰਦਿਆਂ ਹੀ ਤੁਰੰਤ ਦੇਖਭਾਲ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਇਕ ਹੋਰ ਮਾਂ ਦੀ ਮਮਤਾ ਪੰਜਾਬ 'ਚ ਵਿਕਦੇ ਨਸ਼ੇ ਹੱਥੋਂ ਹਾਰੀ, ਚਿੱਟੇ ਨੇ ਤੋੜੀ ਜਵਾਨ ਪੁੱਤ ਦੇ ਸਾਹਾਂ ਦੀ ਡੋਰ (ਤਸਵੀਰਾਂ)
ਨਗਰ ਨਿਗਮ ਵੱਲੋਂ ਫੋਗਿੰਗ ਕਰਨ ਦੀ ਰਫ਼ਤਾਰ ਢਿੱਲੀ
ਨਗਰ ਨਿਗਮ ਪਟਿਆਲਾ ਵੱਲੋਂ ਅਰਬਨ ਇਲਾਕੇ ਅੰਦਰ ਫੋਗਿੰਗ ਕਰਨ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਡੇਂਗੂ ਕਦੇ ਵੀ ਪਟਿਆਲਵੀਆਂ ਲਈ ਜਾਨ ਦਾ ਖੌਅ ਬਣ ਸਕਦਾ ਹੈ। ਅੰਮ੍ਰਿਤਸਰ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਵੀ ਨਗਰ ਨਿਗਮ ਵੱਲੋਂ ਡੇਂਗੂ ਲਈ ਪੁਖ਼ਤਾ ਇੰਤਜ਼ਾਮ ਨਾ ਕਰਨਾ ਵੀ ਸਵਾਲਾਂ ਦੇ ਘੇਰੇ ’ਚ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 800 ਦੇ ਕਰੀਬ 'ਪੈਟਰੋਲ ਪੰਪ' ਬੰਦ ਹੋਣ ਦੀ ਕਗਾਰ 'ਤੇ, ਜਾਣੋ ਕੀ ਹੈ ਕਾਰਨ
ਟੀਮਾਂ ਘਰ-ਘਰ ਜਾ ਕੇ ਕਰ ਰਹੀਆਂ ਚੈਕਿੰਗ : ਸਿਵਲ ਸਰਜਨ
ਡੇਂਗੂ ਸਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਪਟਿਆਲਵੀਆਂ ਲਈ ਡੇਂਗੂ ਦਾ ਕੋਈ ਖ਼ਤਰਾ ਨਹੀਂ। ਹਾਲੇ ਤੱਕ ਸਿਰਫ 2 ਕਾਲੋਨੀਆਂ ’ਚ ਡੇਂਗੂ ਦੇ ਮਰੀਜ਼ਾਂ ਦੇ ਆਉਣ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ਦੀਆਂ 2 ਟੀਮਾਂ ਵਿਸ਼ੇਸ਼ ਤੌਰ ’ਤੇ ਲਗਾ ਕੇ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਅਰਬਨ ਇਲਾਕੇ ਅੰਦਰ 3 ਵਾਰਡ ਰਾਖਵੇਂ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਇਲਾਜ ਲਈ ਘਰੋਂ ਦੂਰ ਨਾ ਜਾਣਾ ਪਵੇ। ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਾਓ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News