ਵੱਧ ਰਹੇ ਡੇਂਗੂ ਨੂੰ ਮੁੱਖ ਰੱਖਦਿਆਂ ਆਲੇ-ਦੁਆਲੇ ਦੀ ਸਫਾਈ ਜ਼ਰੂਰੀ
Sunday, Oct 27, 2024 - 02:16 PM (IST)
ਬੋਹਾ (ਅਮਨਦੀਪ) : ਕੋਈ ਵੀ ਵਿਅਕਤੀ ਜਦੋਂ ਆਪਣੀ ਥੋੜ੍ਹੀ ਜਿਹੀ ਬੇਧਿਆਨੀ ਕਾਰਨ ਬੀਮਾਰ ਹੋ ਜਾਂਦਾ ਹੈ ਤਾਂ ਉਹ ਆਪਣੀ ਸਿਹਤ ਦੇ ਨੁਕਸਾਨ ਦੇ ਨਾਲ-ਨਾਲ ਆਪਣੇ ਰੁਪਏ ਪੈਸੇ ਦਾ ਨੁਕਸਾਨ ਵੀ ਕਰਦਾ ਹੈ, ਜਿਸ ਦਾ ਖਮਿਆਜ਼ਾ ਮਨੁੱਖ ਨੂੰ ਖੱਜਲ-ਖੁਆਰੀਆਂ, ਦੁਸ਼ਵਾਰੀਆਂ ਨਾਲ ਭੁਗਤਣਾ ਪੈਂਦਾ ਹੈ। ਜੇਕਰ ਮਨੁੱਖ ਆਪਣੇ ਕੀਮਤੀ ਸਮੇਂ ’ਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਵੱਲ ਧਿਆਨ ਦੇਵੇਗਾ ਤਾਂ ਅਸੀਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬੁਖ਼ਾਰ ਤੋਂ ਵੱਡੇ ਪੱਧਰ ’ਤੇ ਬਚਾਅ ਕਰ ਸਕਦੇ ਹਾਂ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭੁਪਿੰਦਰ ਕੁਮਾਰ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਬੋਹਾ ਨੇ ਡੇਂਗੂ ਦੇ ਸੀਜਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਆਪਣੇ ਘਰਾਂ ਦੇ ਆਲੇ-ਦੁਆਲੇ ਕਿਤੇ ਵੀ ਫਾਲਤੂ ਪਾਣੀ ਨੂੰ ਖੜ੍ਹਾ ਨਾ ਹੋਣ ਦੇਵੇ ਅਤੇ ਆਪਣੇ ਘਰਾਂ ਵਿਚ ਕੂਲਰ, ਫਰਿੱਜ ਦੇ ਪਿਛਲੇ ਪਾਸੇ ਵਾਲੀ ਟਰੇਅ, ਪੰਛੀਆਂ ਤੇ ਜਾਨਵਰਾਂ ਲਈ ਰੱਖੇ ਕਟੋਰੇ ,ਦੇਸੀ ਫਲੱਸ ਵਿਚ ਰੱਖੇ ਘੜੇ ਅਤੇ ਪਾਣੀ ਵਾਲੇ ਬਰਤਨ ਹਰ ਹਫਤੇ ਇਕ ਵਾਰ ਜ਼ਰੂਰ ਸੁਕਾਵੇ, ਸਾਫ ਕਰੇ ਅਤੇ ਘਰ ਵਿਚ ਪਿਆ ਟੁੱਟਿਆ ਫੁੱਟਿਆ ਕਬਾੜ, ਟਾਇਰ ਬਗੈਰਾ ਨੂੰ ਛੱਤ ਨੀਚੇ ਰੱਖੇਗਾ ਤਾਂ ਇਸ ਤਰ੍ਹਾਂ ਕਰਨ ਨਾਲ ਅਸੀਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬੁਖਾਰ ਤੋਂ ਬਚਾਅ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬਚਤ ਵਿਚ ਹੀ ਬਚਾਅ ਹੈ।