ਜ਼ਿਲੇ ''ਚ ਡੇਂਗੂ ਤੇ ਟਾਇਫਾਈਡ ਦਾ ਪ੍ਰਕੋਪ ਜਾਰੀ, ਲੋਕਾਂ ''ਚ ਡਰ ਦਾ ਮਾਹੌਲ
Monday, Oct 30, 2017 - 06:51 AM (IST)
ਫਿਰੋਜ਼ਪੁਰ, (ਕੁਮਾਰ)- ਫਿਰੋਜ਼ਪੁਰ 'ਚ ਡੇਂਗੂ ਤੇ ਟਾਇਫਾਈਡ ਦਾ ਪ੍ਰਕੋਪ ਜਾਰੀ ਹੈ ਤੇ ਇਸ ਸਮੇਂ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਡੇਂਗੂ ਨਾਲ ਪੀੜਤ ਕਰੀਬ 15 ਮਰੀਜ਼ ਦਾਖਲ ਹਨ, ਜਦਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਮਰੀਜ਼ਾਂ ਨੂੰ ਲੁਧਿਆਣਾ ਆਦਿ ਵੱਡੇ ਸ਼ਹਿਰਾਂ 'ਚ ਦਾਖਲ ਕਰਵਾਇਆ ਹੈ। ਫਿਰੋਜ਼ਪੁਰ ਦੇ ਨਿੱਜੀ ਹਸਪਤਾਲਾਂ 'ਚ ਵੀ ਡੇਂਗੂ ਦੇ ਬਹੁਤ ਸਾਰੇ ਮਰੀਜ਼ ਦਾਖਲ ਹਨ। ਵੱਧਦੇ ਡੇਂਗੂ ਤੇ ਟਾਇਫਾਈਡ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਜਾਣਕਾਰੀ ਅਨੁਸਾਰ ਕੁਝ ਵੱਡੇ-ਵੱਡੇ ਅਧਿਕਾਰੀ ਵੀ ਇਸ ਦੀ ਲਪੇਟ 'ਚ ਹਨ।
ਸੂਤਰਾਂ ਅਨੁਸਾਰ ਇਕ ਸੀਮੋਨ ਨਾਂ ਦੀ ਬੱਚੀ ਦੀ ਡੇਂਗੂ ਕਾਰਨ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਬੀਤੇ ਦਿਨ ਮੌਤ ਹੋ ਗਈ ਸੀ। ਸੀਮੋਨ ਦੇ ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਡੇਂਗੂ ਤੋਂ ਪੀੜਤ ਹੋਣ ਕਾਰਨ ਉਸਦਾ ਇਲਾਜ ਗੁਰੂਹਰਸਹਾਏ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਸੀ, ਜਿਸਨੂੰ ਬਾਅਦ 'ਚ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਕਰਵਾ ਦਿੱਤਾ ਗਿਆ, ਜਿਥੇ ਉਸਦੀ ਮੌਤ ਹੋ ਗਈ। ਸੰਪਰਕ ਕਰਨ 'ਤੇ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਡੇਂਗੂ ਦਾ ਸਸਪੈਕਟਿਡ ਕੇਸ ਹੈ ਤੇ ਇਸਦੀ ਫਾਈਲ ਅਸੀਂ ਫਰੀਦਕੋਟ ਮੈਡੀਕਲ ਹਸਪਤਾਲ ਤੋਂ ਮੰਗਵਾਈ ਹੈ, ਜਿਸਦੀ ਜਾਂਚ ਕਰਨ ਉਪਰੰਤ ਸਰਕਾਰੀ ਤੌਰ 'ਤੇ ਐਲਾਨ ਕਰਾਂਗੇ ਕਿ ਸੀਮੋਨ ਦੀ ਮੌਤ ਡੇਂਗੂ ਨਾਲ ਹੋਈ ਹੈ ਜਾਂ ਉਸਦਾ ਕੋਈ ਹੋਰ ਕਾਰਨ ਹੈ।
ਜ਼ਿਲੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 89 ਹੋਈ
ਫਾਜ਼ਿਲਕਾ, (ਨਾਗਪਾਲ)- ਫਾਜ਼ਿਲਕਾ ਜ਼ਿਲੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 'ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਇੱਕਲੇ ਫਾਜ਼ਿਲਕਾ ਸ਼ਹਿਰ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ 'ਚ ਫੌਗਿੰਗ ਕਰਨ ਦੀ ਬੇਹੱਦ ਲੋੜ ਹੈ ਪਰ ਨਗਰ ਕੌਂਸਲ ਦੀਆਂ ਤਿੰਨੇ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਤੇ ਇਕ ਹੀ ਮਸ਼ੀਨ ਨਾਲ ਕੰਮ ਚਲਾਇਆ ਜਾ ਰਿਹਾ ਹੈ ਉਹ ਵੀ ਸਿਹਤ ਵਿਭਾਗ ਤੋਂ ਉਧਾਰ ਲੈ ਕੇ। ਇਸ ਤੋਂ ਇਲਾਵਾ ਦੱਸਿਆ ਜਾਂਦਾ ਹੈ ਕਿ ਸਿਹਤ ਵਿਭਾਗ ਕੋਲ ਇਸ ਗੱਲ ਦੀ ਰਿਪੋਰਟ ਨਹੀਂ ਹੈ ਕਿ ਜਲਾਲਾਬਾਦ ਤੇ ਅਬੋਹਰ 'ਚ ਫੌਗਿੰਗ ਕਰਵਾਈ ਜਾ ਰਹੀ ਹੈ ਜਾਂ ਨਹੀਂ।
ਅੱਜ ਸਿਵਲ ਸਰਜਨ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਜ਼ਿਲੇ 'ਚ ਹੁਣ ਤੱਕ ਡੇਂਗੂ ਦੇ 89 ਮਰੀਜ਼ ਪਾਏ ਗਏ ਹਨ। ਕੱਲ ਫਾਜ਼ਿਲਕਾ ਇਲਾਕੇ ਤੋਂ 11 ਡੇਂਗੂ ਦੇ ਨਵੇਂ ਮਰੀਜ਼ ਮਿਲੇ ਹਨ। ਸਿਹਤ ਵਿਭਾਗ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਇਨ੍ਹਾਂ ਸਾਰਿਆਂ ਮਰੀਜ਼ਾਂ ਦੇ ਘਰ ਜਾ ਕੇ ਸਿਹਤ ਵਿਭਾਗ ਵੱਲੋਂ ਇਨਡੋਰ ਐਕਟੀਵਿਟੀ ਪੂਰੀ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਕੀ ਸਾਵਧਾਨੀਆਂ ਵਰਤਣੀਆਂ ਹਨ ਇਸਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਮਰੀਜ਼ਾਂ ਨੂੰ ਪੂਰੇ ਅਰਾਮ ਦੀ ਸਲਾਹ ਦਿੱਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਸ਼ਹਿਰ 'ਚ ਬਸਤੀ ਹਜ਼ੂਰ ਸਿੰਘ ਤੋਂ ਇਲਾਵਾ ਤਿੰਨ ਥਾਵਾਂ ਤੋਂ, ਬਾਦਲ ਕਾਲੋਨੀ 'ਚ ਸ਼ਟਰਿੰਗ ਦੀ ਇਕ ਦੁਕਾਨ ਤੋਂ, ਓਡਾਂਵਾਲੀ ਬਸਤੀ ਤੇ ਰਾਧਾ ਸਵਾਮੀ ਕਾਲੋਨੀ 'ਚ ਇਕ-ਇਕ ਥਾਂ ਤੋਂ ਡੇਂਗੂ ਦੇ ਮੱਛਰ ਦਾ ਲਾਰਵਾ ਵਿਭਾਗ ਵੱਲੋਂ ਲੱਭ ਕੇ ਨਸ਼ਟ ਕੀਤਾ ਜਾ ਚੁੱਕਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਨਡੋਰ ਐਕਟੀਵਿਟੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਜ਼ਿਆਦਾਤਰ ਮਰੀਜ਼ ਸਿਹਤਮੰਦ ਹੋ ਚੁੱਕੇ ਹਨ।
ਇਸ ਸਬੰਧ 'ਚ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੈੱਸ ਬਿਆਨ 'ਚ ਦੱਸਿਆ ਗਿਆ ਹੈ ਕਿ ਸਾਰੇ ਫਾਜ਼ਿਲਕਾ ਸ਼ਹਿਰ ਨੂੰ ਕਵਰ ਕਰਨ ਲਈ 4 ਮਸ਼ੀਨਾਂ ਰਾਹੀਂ ਫੌਗਿੰਗ ਦੀ ਲੋੜ ਹੈ ਪਰ ਲਾਪ੍ਰਵਾਹੀ ਦਾ ਆਲਮ ਇਹ ਹੈ ਕਿ ਪ੍ਰੀਸ਼ਦ ਦੀਆਂ ਤਿੰਨ ਮਸ਼ੀਨਾਂ ਖਰਾਬ ਹਨ ਜਦਕਿ ਕੌਂਸਲ ਨੇ ਜੁਲਾਈ ਮਹੀਨੇ ਤੋਂ ਫੌਗਿੰਗ ਮਸ਼ੀਨਾਂ ਨਾਲ ਛਿੜਕਾਅ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੁੰਦੀ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਪ੍ਰੀਸ਼ਦ ਵਿਭਾਗ ਨੂੰ ਸਮਾਂ ਰਹਿੰਦੇ ਫੌਗਿੰਗ ਲਈ ਕਈ ਪੱਤਰ ਵੀ ਲਿਖੇ ਗਏ ਸਨ।
ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਦਾ ਕਹਿਣਾ ਹੈ ਕਿ ਡੇਂਗੂ ਦੇ ਪ੍ਰਭਾਵ ਨੂੰ ਰੋਕਣ ਲਈ ਮਾਨਸੂਨ ਸੀਜ਼ਨ ਤੋਂ ਪਹਿਲਾਂ ਵਿਵਸਥਾ ਕੀਤੀ ਜਾਣੀ ਚਾਹੀਦੀ ਸੀ। ਹੁਣ ਜਦੋਂ ਡੇਂਗੂ ਪੂਰੀ ਤਰ੍ਹਾਂ ਫੈਲ ਗਿਆ ਹੈ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਨੂੰ ਰੋਕਣ ਦੀਆਂ ਉਪਚਾਰਿਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਮੱਛਰਾਂ ਨੂੰ ਰੋਕਣ ਲਈ ਤੇ ਸਫ਼ਾਈ ਦੀ ਵਿਵਸਥਾ ਦਰੁਸਤ ਕਰਨ ਲਈ ਜੰਗੀ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂਕਿ ਇਸ 'ਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾ ਸਕੇ।
