ਪੰਜਾਬ ''ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 6099 ਹੋਈ

Thursday, Oct 26, 2017 - 06:51 AM (IST)

ਪੰਜਾਬ ''ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 6099 ਹੋਈ

ਬਠਿੰਡਾ(ਜ. ਬ.)-ਪੰਜਾਬ 'ਚ ਡੇਂਗੂ ਦਾ ਗ੍ਰਾਫ ਚਿੰਤਾ ਦਾ ਵਿਸ਼ਾ ਬਣ ਚੁਕਾ ਹੈ, ਜਿਥੇ ਮਰੀਜ਼ਾਂ ਦੀ ਗਿਣਤੀ ਅੱਜ ਤੱਕ 6099 ਹੋ ਚੁਕੀ ਤੇ ਇਹ ਲਗਾਤਾਰ ਵਧ ਰਹੀ ਹੈ। ਜ਼ਿਲਾ ਮੋਹਾਲੀ 1151 ਮਰੀਜ਼ਾਂ ਨਾਲ ਸਭ ਤੋਂ ਉੱਪਰ ਹੈ ਅਤੇ ਤਰਨਤਾਰਨ ਦਾ ਹਾਲ ਸਭ ਤੋਂ ਚੰਗਾ ਦੱਸਿਆ ਜਾ ਰਿਹਾ ਹੈ, ਜਿਥੇ ਡੇਂਗੂ ਦੇ ਮਰੀਜ਼ ਸਿਰਫ 20 ਹਨ। ਵਿਭਾਗੀ ਅੰਕੜਿਆਂ ਅਨੁਸਾਰ ਪੂਰੇ ਪੰਜਾਬ 'ਚ ਅੱਜ 303 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚ ਬਰਨਾਲਾ-1, ਬਠਿੰਡਾ-22, ਫਾਜ਼ਿਲਕਾ-1, ਫਿਰੋਜ਼ਪੁਰ-15, ਹੁਸ਼ਿਆਰਪੁਰ-52, ਲੁਧਿਆਣਾ-20, ਮਾਨਸਾ-53, ਮੋਗਾ-3, ਪਟਿਆਲਾ-57, ਰੋਪੜ-14, ਨਵਾਂ ਸ਼ਹਿਰ-6, ਸੰਗਰੂਰ-7 ਅਤੇ ਸ੍ਰੀ ਮੁਕਤਸਰ ਸਾਹਿਬ ਦੇ 25 ਕੇਸ ਸ਼ਾਮਲ ਹਨ।
ਬੱਕਰੀ ਦਾ ਦੁੱਧ ਡੇਂਗੂ ਦੇ ਮਰੀਜ਼ ਨੂੰ ਦੇਣਾ ਸਿਰਫ ਹਾਸੋਹੀਣਾ : ਡਾ. ਜਿੰਦਲ
ਹਾਰਟ ਸਪੈਸ਼ਲਿਸਟ ਡਾ. ਰਾਜੇਸ਼ ਜਿੰਦਲ ਨੇ ਕਿਹਾ ਕਿ ਲੋਕ ਪੜ੍ਹੇ-ਲਿਖੇ ਡਾਕਟਰ 'ਤੇ ਵਿਸ਼ਵਾਸ ਕਰਨ ਦੀ ਬਜਾਏ ਵਹਿਮ ਬਹੁਤ ਕਰਦੇ ਹਨ। ਡੇਂਗੂ ਦੇ ਮਰੀਜ਼ ਨੂੰ ਬੱਕਰੀ ਦਾ ਦੁੱਧ ਦੇਣਾ ਇਲਾਜ ਨਹੀਂ, ਸਗੋਂ ਹਾਸੋਹੀਣੀ ਗੱਲ ਹੈ। ਲੋਕ ਇਹ ਵੀ ਮੰਨਦੇ ਹਨ ਅਧਰੰਗ ਦਾ ਦੌਰਾ ਪੈਣ 'ਤੇ ਮਰੀਜ਼ ਨੂੰ ਅਫੀਮ ਦੇ ਦੇਣੀ ਚਾਹੀਦੀ ਹੈ, ਜਦਕਿ ਇਹ ਮਰੀਜ਼ ਲਈ ਜਾਨਲੇਵਾ ਵੀ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰ ਦੀ ਸਲਾਹ ਮੁਤਾਬਕ ਹੀ ਮਰੀਜ਼ ਨੂੰ ਦਵਾਈ ਤੇ ਖਾਣ-ਪੀਣ ਦੀਆਂ ਵਸਤਾਂ ਦੇਣ। ਆਪਣੀ ਲੁੱਟ ਕਰਵਾਉਣਾ ਗਲਤ ਹੈ।
ਡੇਂਗੂ ਦੇ ਮਰੀਜ਼ ਨੂੰ ਬੱਕਰੀ ਦਾ ਦੁੱਧ ਦੇਣਾ ਕੋਈ ਇਲਾਜ ਨਹੀਂ
ਫਿਰ ਵੀ ਬੱਕਰੀ ਦਾ ਦੁੱਧ 500 ਰੁਪਏ ਕਿਲੋ ਹੋਇਆ
ਦਹਾਕਿਆਂ ਤੋਂ ਇਹ ਗੱਲ ਮਸ਼ਹੂਰ ਹੈ ਕਿ ਡੇਂਗੂ ਦੇ ਮਰੀਜ਼ ਨੂੰ ਬੱਕਰੀ ਦਾ ਦੁੱਧ ਪਿਲਾਇਆ ਜਾਣਾ ਚਾਹੀਦਾ ਹੈ, ਜਿਸ ਕਾਰਨ ਹਰ ਸਾਲ ਵਾਂਗ ਅਜਕੱਲ ਵੀ ਬੱਕਰੀ ਦਾ ਦੁੱਧ ਦੇਸੀ ਘਿਓ ਤੋਂ ਵੀ ਮਹਿੰਗਾ 500 ਰੁਪਏ ਕਿਲੋ ਵਿਕ ਰਿਹਾ ਹੈ ਪਰ ਡਾਕਟਰ ਇਸ ਨੂੰ ਸਿਰਫ ਵਹਿਮ ਦੱਸ ਰਹੇ ਹਨ।
ਜਾਣਕਾਰੀ ਮੁਤਾਬਕ ਆਮ ਲੋਕਾਂ ਦੀ ਧਾਰਨਾ ਹੈ ਕਿ ਬੱਕਰੀ ਦੇ ਦੁੱਧ 'ਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਡੇਂਗੂ ਦੇ ਮਰੀਜ਼ ਨੂੰ ਦਵਾਈਆਂ ਤੋਂ ਵੀ ਪਹਿਲਾਂ ਠੀਕ ਕਰ ਦਿੰਦੇ ਹਨ। ਇਸ ਲਈ ਹਰ ਸਾਲ ਗਰਰਮੀਆਂ ਤੋਂ ਬਾਅਦ ਸਰਦੀਆਂ ਦੀ ਆਮਦ 'ਤੇ ਜਦੋਂ ਡੇਂਗੂ ਦਾ ਵਾਇਰਲ ਫੈਲਦਾ ਹੈ ਤਾਂ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਵਧ ਜਾਂਦੀ ਹੈ। ਡੇਂਗੂ ਮਰੀਜ਼ਾਂ 'ਚ ਖੂਨ ਦੇ ਸੈੱਲ ਘੱਟ ਜਾਂਦੇ ਹਨ। ਇਸ ਲਈ ਇਸ ਦਾ ਐਲੋਪੈਥੀ, ਹੋਮਿਓਪੈਥੀ ਤੇ ਆਯੁਰਵੈਦਿਕ ਪੈਥੀ 'ਚ ਬਕਾਇਦਾ ਇਲਾਜ ਹੈ, ਜਿਸ ਦੇ ਡਾਕਟਰ ਦਵਾਈ ਦੇ ਕੇ ਕੁਝ ਹੀ ਦਿਨਾਂ ਅੰਦਰ ਆਸਾਨੀ ਨਾਲ ਬੀਮਾਰੀ 'ਤੇ ਕਾਬੂ ਪਾ ਲੈਂਦੇ ਹਨ ਪਰ ਮਰੀਜ਼ ਜਾਂ ਉਸ ਦਾ ਪਰਿਵਾਰ ਡਾਕਟਰਾਂ ਤੋਂ ਇਲਾਵਾ ਆਮ ਧਾਰਨਾ 'ਤੇ ਵੀ ਚਲਦਾ ਹੈ। ਕਰੀਬ 90 ਫੀਸਦੀ ਲੋਕ ਇਸ ਧਾਰਨਾ ਨੂੰ ਮੰਨਦੇ ਹਨ ਕਿ ਬੱਕਰੀ ਦਾ ਦੁੱਧ ਡੇਂਗੂ ਦੇ ਮਰੀਜ਼ ਲਈ ਬਹੁਤ ਗੁਣਕਾਰੀ ਹੁੰਦਾ ਹੈ। ਇਸ ਲਈ ਅਜਕੱਲ ਦੇ ਮੌਸਮ 'ਚ ਡੇਂਗੂ ਦੇ ਮਰੀਜ਼ ਨਾਲ ਸੰਬੰਧਤ ਪਰਿਵਾਰ ਬੱਕਰੀ ਦਾ ਦੁੱਧ ਭਾਲ ਰਿਹਾ ਹੈ, ਜਿਸ ਕਾਰਨ ਹਰ ਸਾਲ ਵਾਂਗ ਇਸ ਵਾਰ ਵੀ ਬੱਕਰੀ ਦੇ ਦੁੱਧ ਦਾ ਰੇਟ 50 ਰੁਪਏ ਤੋਂ 10 ਗੁਣਾ ਵਧ ਕੇ 500 ਰੁਪਏ ਤੱਕ ਪਹੁੰਚ ਗਿਆ ਹੈ। ਹੋਰ ਤਾਂ ਹੋਰ ਬਹੁਤ ਸਾਰੇ ਬੱਕਰੀ ਪਾਲਕ ਤਾਂ ਗਊ ਜਾਂ ਮੱਝ ਦਾ ਦੁੱਧ ਵੀ 500 ਰੁਪਏ ਕਿਲੋ ਹੀ ਵੇਚੀ ਜਾਂਦੇ ਹਨ। ਇਸ ਤਰ੍ਹਾਂ ਆਮ ਲੋਕਾਂ ਦੀ ਭਾਰੀ ਲੁੱਟ ਹੋ ਰਹੀ ਹੈ।
ਪੰਜਾਬ 'ਚ ਡੇਂਗੂ ਦੇ ਮਰੀਜ਼ਾਂ ਦਾ ਵਧਣਾ ਚਿੰਤਾ ਦਾ ਵਿਸ਼ਾ : ਡਾ. ਐੱਚ. ਐੱਨ. ਸਿੰਘ
ਸਿਵਲ ਸਰਜਨ ਬਠਿੰਡਾ ਡਾ. ਐੱਚ. ਐੱਨ. ਸਿੰਘ ਨੇ ਕਿਹਾ ਕਿ ਇਸ ਸਾਲ ਪੰਜਾਬ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 6099 ਤੱਕ ਪਹੁੰਚਣਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਵਾਧਾ ਅਜੇ ਹੋਰ ਡੇਢ-ਦੋ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। ਇਸ ਲਈ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰੇ ਪਰ ਆਮ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵਿਭਾਗ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਇਸ ਬੀਮਾਰੀ ਤੋਂ ਬਚ ਕੇ ਰਹਿਣ। ਬਠਿੰਡਾ 'ਚ ਵਿਭਾਗ ਦੇ ਉਪਰਾਲਿਆਂ ਸਦਕਾ ਚੰਗੇ ਨਤੀਜੇ ਸਾਹਮਣੇ ਆਏ ਹਨ।


Related News