ਡੇਂਗੂ ਨਾਲ ਦੋ ਮਰੀਜ਼ਾਂ ਦੀ ਮੌਤ, 150 ਨਵੇਂ ਮਰੀਜ਼ ਆਏ ਸਾਹਮਣੇ
Tuesday, Oct 24, 2017 - 04:04 AM (IST)
ਲੁਧਿਆਣਾ(ਸਹਿਗਲ)-ਮਹਾਨਗਰ 'ਚ ਡੇਂਗੂ ਦੇ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦੋਂਕਿ ਪਿਛਲੇ ਤਿੰਨ ਦਿਨਾਂ ਵਿਚ 150 ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕ ਮਰੀਜ਼ਾਂ 'ਚ 28 ਸਾਲਾਂ ਔਰਤ ਲੁਧਿਆਣਾ ਦੀ ਰਹਿਣ ਵਾਲੀ ਹੈ, ਦੀ ਹਸਪਤਾਲ ਵਿਚ 20 ਅਕਤੂਬਰ ਨੂੰ ਮੌਤ ਹੋ ਗਈ ਸੀ, ਜਦੋਂਕਿ ਮੋਗਾ ਨਿਵਾਸੀ ਹਰਜਿੰਦਰ ਸਿੰਘ ਉਮਰ 32 ਸਾਲ ਦੀ 19 ਅਕਤੂਬਰ ਨੂੰ ਡੇਂਗੂ ਨਾਲ ਮੌਤ ਹੋ ਗਈ। ਇਨ੍ਹਾਂ ਦੀ ਪੁਸ਼ਟੀ ਸਿਹਤ ਵਿਭਾਗ ਨੂੰ ਭੇਜੀ ਗਈ ਰਿਪੋਰਟ ਵਿਚ ਹੋ ਗਈ ਹੈ। ਦੋਵੇਂ ਮਰੀਜ਼ ਦਯਾਨੰਦ ਹਸਪਤਾਲ ਵਿਚ ਭਰਤੀ ਸਨ। ਇਸ ਤੋਂ ਇਲਾਵਾ ਤਿੰਨ ਦਿਨਾਂ ਵਿਚ ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਵਿਚ 150 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਕੱਲੇ ਦਯਾਨੰਦ ਹਸਪਤਾਲ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 1450 ਤੋਂ ਜ਼ਿਆਦਾ ਹੋ ਗਈ ਹੈ, ਜਦੋਂਕਿ 18 ਮਰੀਜ਼ਾਂ ਦੀ ਡੇਂਗੂ ਨਾਲ ਹੁਣ ਤੱਕ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਨੇ ਇਸ ਦੀ ਰਿਪੋਰਟ ਆਉਣ ਦੇ ਬਾਵਜੂਦ ਕਿਸੇ ਵੀ ਮਰੀਜ਼ ਦੀ ਡੇਂਗੂ ਨਾਲ ਮੌਤ ਹੋਣ ਦੀ ਪੁਸ਼ਟੀ ਨਹੀਂ ਕੀਤੀ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 2 ਹਜ਼ਾਰ ਤੋਂ ਪਾਰ ਹੋ ਚੁੱਕੀ ਦੱਸੀ ਜਾਂਦੀ ਹੈ। ਜ਼ਿਆਦਾਤਰ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਾ ਤੇਜ਼ੀ ਨਾਲ ਵਧਣਾ ਦਰਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਨੇ ਹੁਣ ਤੱਕ 1061 ਮਰੀਜ਼ਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ 524 ਸ਼ੱਕੀ, 537 ਵਿਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਿਚ 98 ਮਰੀਜ਼ ਹੋਰਨਾਂ ਜ਼ਿਲਿਆਂ ਅਤੇ 130 ਹੋਰਨਾਂ ਰਾਜਾਂ ਦੇ ਰਹਿਣ ਵਾਲੇ ਹਨ।
