ਗੁਰਦਾਸਪੁਰ ''ਚ ਮਜ਼ਦੂਰ ਮੁਕਤੀ ਮੋਰਚਾ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਰੋਸ ਪ੍ਰਦਰਸ਼ਨ
Saturday, Nov 11, 2017 - 02:00 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) — ਗੁਰਦਾਸਪੁਰ 'ਚ ਮਜ਼ਦੂਰ ਮੁਕਤੀ ਮੋਰਚਾ ਯੂਨੀਅਨ ਤੇ ਆਲ ਇੰਡੀਆ ਸੈਂਟਰਲ ਕਾਊਂਸਲ ਆਫ ਟ੍ਰੇਂਡ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਪਿੰਡਾਂ ਤੋਂ ਭਾਰੀ ਗਿਣਤੀ 'ਚ ਉਸਾਰੀ ਮਜ਼ਦੂਰਾਂ, ਮਿਸਤਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਸ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ। ਆਲ ਇੰਡੀਆ ਸੈਂਟਰਲ ਕਾਊਂਸਲ ਆਫ ਟ੍ਰੇਂਡ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਬਖਤਪੁਰਾ ਨੇ ਦੱਸਿਆ ਕਿ ਸਮਾਜ 'ਚ ਸਭ ਤੋਂ ਵੱਧ ਗਰੀਬ ਤੇ ਮਜ਼ਦੂਰ ਵਰਗ ਦੇ ਲੋਕ ਹਨ ਪਰ ਪੰਜਾਬ ਸਰਕਾਰ Àਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੀ। ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਨੂੰ ਮਨਰੇਗਾ ਯੋਜਨਾ ਤਹਿਤ ਰੋਜ਼ਗਾਰ ਦੇਣ ਦੀ ਗੱਲ ਕਹੀ ਗਈ ਸੀ ਪਰ ਅਜੇ ਤਕ 5 ਫੀਸਦੀ ਮਜ਼ਦੂਰ ਵੀ ਇਸ ਦਾ ਲਾਭ ਨਹੀਂ ਲੈ ਸਕੇ।
ਮਜ਼ਦੂਰ ਮੁਕਤੀ ਮੋਰਚਾ ਯੂਨੀਅਨ ਦੇ ਆਗੂ ਵਿਜੇ ਕੁਮਾਰ ਨੇ ਦੱਸਿਆ ਕਿ ਸਾਲ ਹੋ ਗਿਆ ਹੈ, ਮਜ਼ਦੂਰਾਂ ਨੂੰ ਮਨਰੇਗਾ ਯੋਜਨਾ ਤਹਿਤ ਰੋਜ਼ਗਾਰ ਲੈਣ ਦੇ ਲਈ ਫਾਰਮ ਭਰੇ ਹੋਏ ਪਰ ਅਜੇ ਤਕ ਉਨ੍ਹਾਂ ਦੀ ਰਜਿਸਟਰੇਸ਼ਨ ਨਹੀਂ ਹੋਈ ਤੇ ਦਫਤਰ ਦਾ ਸਟਾਫ ਕੋਈ ਸਹੀ ਜਾਣਕਾਰੀ ਨਹੀਂ ਦੇ ਰਿਹਾ ਤੇ ਜਿਨ੍ਹਾਂ ਬੱਚਿਆਂ ਦੇ ਵਜੀਫੇ ਦੇ ਫਾਰਮ ਅਸੀਂ ਭਰੇ ਹਨ ਉਨ੍ਹਾਂ 'ਚੋਂ ਕਿਸੇ ਨੂੰ ਵੀ ਅਜੇ ਤਕ ਵਜੀਫਾ ਨਹੀਂ ਮਿਲਿਆ ਤੇ ਨਾ ਹੀ ਜ਼ਿਆਦਾਤਰ ਮਜ਼ਦੂਰਾਂ ਦੀ ਪਾਸ ਬੁੱਕ ਨੂੰ ਨਿਊ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਨੇ ਗਰੀਬਾਂ ਨੂੰ ਪਲਾਂਟ ਦੇਣ ਦੀ ਗੱਲ ਕਹੀ ਸੀ ਪਰ ਉਹ ਵੀ ਪੂਰੀ ਨਹੀਂ ਕੀਤੀ ਗਈ । ਗਰੀਬ ਵਰਗ ਨਾਲ ਸਿਰਫ ਧੋਖਾ ਹੋਇਆ ਹੈ, ਜਿਸ ਦੇ ਚਲਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
