ਮਿਡ-ਡੇ-ਮੀਲ ਮੁਲਾਜ਼ਮਾਂ ਤੇ ਕੁੱਕ ਵਰਕਰਾਂ ਵਲੋਂ ਸੂਬੇ ਭਰ ''ਚ ਸੰਘਰਸ਼ ਵਿੱਢਣ ਦਾ ਐਲਾਨ

Tuesday, Aug 08, 2017 - 12:15 PM (IST)

ਜਲਾਲਾਬਾਦ (ਨਿਖੰਜ) — ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦਾ ਹੱਲ ਨਾ ਦੇਖ ਕਿ ਮਿਡ ਡੇ ਮੀਲ ਮੁਲਾਜ਼ਮਾਂ ਤੇ ਵਰਕਰਾਂ ਦੇ ਸਬਰ ਦਾ ਬੰਨ ਟੁੱਟ ਗਿਆ ਹੈ, ਜਿਸ ਦੇ ਸਿੱਟੇ ਵਜੋਂ ਮੁਲਾਜ਼ਮਾਂ ਤੇ ਵਰਕਰਾਂ ਨੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ (ਡੀ. ਐੱਮ. ਐੱਫ) ਦੇ ਸਹਿਯੋਗ ਨਾਲ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮਿਡ-ਡੇ-ਮੀਲ ਦਫਤਰੀ ਮੁਲਾਜ਼ਮਾਂ ਤੇ ਕੁੱਕ ਵਰਕਰਾਂ ਦੇ ਸੂਬਾਈ ਆਗੂਆਂ ਪ੍ਰਵੀਨ ਸ਼ਰਮਾ ਜੋਗੀਪੁਰ, ਲਖਵਿੰਦਰ ਕੌਰ ਫਰੀਦਕੋਟ ਤੇ ਮਮਤਾ ਸ਼ਰਮਾ ਨੇ ਸਾਂਝੇ ਰੂਪ 'ਚ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਇਨ੍ਹਾਂ ਮੁਲਾਜ਼ਮਾਂ ਤੇ ਕੁੱਕ ਵਰਕਰਾਂ ਨਾਲ ਮਤਰੇਇਆਂ ਵਰਗਾ ਸਲੂਕ ਕਰ ਰਹੀ ਹੈ। ਸਾਲ 2009 'ਚ ਮਿਡ-ਡੇ-ਮੀਲ ਤਹਿਤ ਕੰਮ ਕਰਦੇ ਮੁਲਾਜ਼ਮ ਸੇਵਾ ਨਿਯਮਾਂ ਮੁਤਾਬਕ ਲਿਖਤੀ ਟੈਸਟ ਤੇ ਮੈਰਿਟ ਦੇ ਆਧਾਰ ਤੇ ਭਰਤੀ ਕੀਤੇ ਗਏ ਸੀ ਪਰ ਫਿਰ ਵੀ ਸਰਕਾਰ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟ ਰਹੀ ਹੈ। ਇਸ ਤਰ੍ਹਾਂ ਛੇ ਸਾਲ ਦੇ ਲੰਬੇ ਵਕਫ ਬਾਅਦ ਮਿਡ-ਡੇ-ਮੀਲ ਕੁੱਕ ਵਰਕਰਾਂ ਨੂੰ ਪਹਿਲਾਂ ਤੋਂ ਮਿਲਦੀ 1200 ਰੁਪਏ ਮਾਸਿਕ ਤਨਖਾਹ 'ਚ ਸਿਰਫ 500 ਰੁਪਏ ਦਾ ਵਾਧਾ ਕਰ ਕੇ ਕੋਝਾ ਮਜ਼ਾਕ ਕੀਤਾ ਗਿਆ ਹੈ, ਜਦ ਕਿ ਗੁਆਂਢੀ ਸੂਬੇ ਹਰਿਆਣਾ 'ਚ ਇਨ੍ਹਾਂ ਕੁੱਕ ਵਰਕਰਾਂ ਨੂੰ 2500 ਰੁਪਏ, ਕੇਰਲਾਂ 'ਚ 6000 ਰੁਪਏ, ਤਾਮਿਲਨਾਡੂ 'ਚ 7500 ਰੁਪਏ ਤੇ ਕਈ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਜਿਵੇਂ ਲਕਸ਼ਦੀਪ ਤੇ ਪਾਂਡੀਚਰੀ 'ਚ 9000 ਰੁਪਏ ਪ੍ਰਤੀ ਮਹੀਨਾ ਤਕ ਮਾਣਭੱਤਾ ਦਿੱਤਾ ਜਾ ਰਿਹਾ ਹੈ।  ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਇਨ੍ਹਾਂ ਕੁੱਕ ਵਰਕਰਾਂ ਨੂੰ ਉਕਤ ਨਾਮਾਤਰ ਮਾਣਭੱਤਾ ਵੀ 12 ਮਹੀਨੇ ਦੀ ਬਜਾਏ ਸਿਰਫ 10 ਮਹੀਨੇ ਦਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕੁੱਕ ਵਰਕਰਾਂ ਦੀਆਂ ਤਨਖਾਹਾਂ 'ਚ ਵਾਧਾ ਕਰਨ ਤੇਂ ਹੋਰ ਸਹੂਲਤਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ।
ਪ੍ਰੈੱਸ ਸਕੱਤਰ ਰਾਜੇਸ਼ ਵਾਟਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੱਥੇਬੰਦੀ ਵਲੋਂ ਸਰਕਾਰ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਲਈ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਵਲੋਂ ਮਸਲਿਆਂ ਦਾ ਹੱਲ ਕੱਢਣ ਦਾ ਕੋਈ ਸੁਹਿਰਦ ਯਤਨ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਹਲਾਤਾਂ 'ਚ ਮਿਡ-ਡੇ-ਮੀਲ ਮੁਲਾਜ਼ਮ ਤੇ ਕੁੱਕ ਵਰਕਰਾਂ ਵਲੋਂ ਉਲੀਕੇ ਜੱਥੇਬੰਦਕ ਸੰਘਰਸ਼ ਵਜੋਂ ਡੀ. ਐੱਮ. ਐੱਫ. ਦੇ ਸਹਿਯੋਗ ਨਾਲ 12 ਅਗਸਤ ਨੂੰ ਪੰਜਾਬ ਦੇ ਸਮੂਹ ਜ਼ਿਲਿਆਂ 'ਚ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਤੇ 30 ਅਗਸਤ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਲਦ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਭਵਿੱਖ 'ਚ ਮਿਡ-ਡੇ-ਮੀਲ ਮੁਲਾਜ਼ਮ ਤੇ ਵਰਕਰ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।


Related News