ਚੰਨੀ ਅਤੇ ਸਿੱਧੂ ਦੀ ਖਿੱਚੋਤਾਣ ਨੇ ਸੂਬੇ ’ਚ ਲੋਕਤੰਤਰ ਅਤੇ ਸੰਵਿਧਾਨਕ ਇੰਸਟੀਚਿਊਸ਼ਨ ਨੂੰ ਮਜ਼ਾਕ ਬਣਾਇਆ : ਚੁਘ
Tuesday, Nov 09, 2021 - 03:30 PM (IST)
ਚੰਡੀਗੜ੍ਹ (ਸ਼ਰਮਾ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਚਕਾਰ ਆਪਸੀ ਖਿੱਚੋਤਾਣ ਨੇ ਸੂਬੇ ’ਚ ਲੋਕਤੰਤਰ ਅਤੇ ਸੰਵਿਧਾਨਿਕ ਇੰਸਟੀਚਿਊਸ਼ਨ ਦਾ ਮਜ਼ਾਕ ਬਣਾਇਆ ਹੈ।
ਚੁਘ ਨੇ ਕਿਹਾ ਦੀ ਪੰਜਾਬ ’ਚ ਮੁੱਖ ਮੰਤਰੀ ਦਫ਼ਤਰ ’ਚ ਅਡੋਲਤਾ ਦੇ ਕਾਰਣ ਪੂਰਾ ਸ਼ਾਸਨ ਲੰਗੜਾ ਹੋ ਗਿਆ ਹੈ, ਜਿਸ ’ਤੇ ਪਿਛਲੇ ਛੇ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕਾਂਗਰਸ ਦੇ ਹੀ ਪ੍ਰਧਾਨ ਦਾ ਹਮਲਾ ਹੋ ਰਿਹਾ ਹੈ। ਸੱਚਾ ਕੌਣ ਹੈ ਅਤੇ ਕੌਣ ਝੂਠ ਬੋਲ ਰਿਹਾ ਹੈ ਇਹ ਭਗਵਾਨ ਹੀ ਜਾਣੇ। ਚੁਘ ਨੇ ਕਿਹਾ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਵਾਲੀ ਕਾਂਗਰਸ ਆਲਾਕਮਾਨ ਪੰਜਾਬ ’ਚ ਬਿਨਾਂ ਕੁੱਝ ਕੀਤੇ ਹੀ ਅਜੀਬੋ-ਗਰੀਬ ਤਰੀਕੇ ਨਾਲ ਲੜਾਈ ਵੇਖ ਰਹੀ ਹੈ, ਜਦੋਂ ਕਿ ਸੰਵਿਧਾਨਕ ਦਫ਼ਤਰਾਂ ਦਾ ਕੰਮਕਾਰ ਠੱਪ ਹੋ ਗਿਆ ਹੈ।
ਇਹ ਵੀ ਪੜ੍ਹੋ : ਸ਼ਾਂਤੀ ਭੰਗ ਕਰਨ ਦੇ ਦੋਸ਼ ’ਚ ਸਿਮਰਨਜੀਤ ਸਿੰਘ ਮਾਨ ਦਾ ਪੁੱਤਰ ਗ੍ਰਿਫਤਾਰ
ਚੁਘ ਨੇ ਕਿਹਾ ਕਿ ਵੱਖ-ਵੱਖ ਮਾਫੀਆਵਾਂ ਦੇ ਰਾਜ ’ਚ ਕਾਂਗਰਸ ਸਰਕਾਰ ਸਾਰੇ ਮੋਰਚਿਆਂ ’ਤੇ ਅਸਫ਼ਲ ਰਹੀ ਹੈ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਮੌਜੂਦਾ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਸਰਕਾਰ 90,000 ਕਰੋੜ ਰੁਪਏ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇ, ਘਰ-ਘਰ ਨੌਕਰੀ ਅਨੁਸਾਰ 60 ਲੱਖ ਲੋਕਾਂ ਨੂੰ ਰੁਜ਼ਗਾਰ ਦੇਵੇ ਅਤੇ ਵਿਦਿਆਰਥੀਆਂ ਨੂੰ ਮੋਬਾਇਲ ਫ਼ੋਨ ਉਪਲਬਧ ਕਰਵਾਏ, ਬੇਰੁਜ਼ਗਾਰਾਂ ਨੂੰ 2500 ਗੁਜਾਰਾ ਭੱਤਾ ਅਤੇ ਆਟਾ-ਦਾਲ ਸਕੀਮ ਦੇ ਨਾਲ ਘਿਓ, ਚੀਨੀ ਅਤੇ ਚਾਹ ਪੱਤੀ ਦੇਣ ਸਮੇਤ ਚੋਣ ਮੈਨੀਫੈਸਟੋ ’ਚ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਚੁਘ ਨੇ ਕਿਹਾ ਦੀ ਇਹ ਮੰਦਭਾਗਾ ਹੈ ਕਿ ਚੋਣ ਮੈਨੀਫੈਸਟੋ ’ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਮਤਾ ਪਾਸ ਕਰਨ ਦੀ ਬਜਾਏ ਚੰਨੀ ਸਰਕਾਰ ਬੀ.ਐੱਸ.ਐੱਫ਼. ਖਿਲਾਫ਼ ਇਕ ਮਤਾ ਪਾਸ ਕਰਨ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੁਣੌਤੀ ਭਰਪੂਰ ਹਾਲਾਤਾਂ ’ਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਬਹਾਦਰ ਜਵਾਨਾਂ ਦਾ ਧੰਨਵਾਦ ਕਰਨ ਦੀ ਬਜਾਏ, ਸਰਹੱਦੀ ਸੂਬੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਸੁਰੱਖਿਆ ਏਜੰਸੀ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਸੁਰੱਖਿਆ ਬਲਾਂ ਤੇ ਪੁਲਸ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਸ਼ਹਿਰ ’ਚ ਗਰਜੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ