ਮੰਗਾਂ ਨੂੰ ਲੈ ਕੇ ਅਖੰਡਪਾਠੀ ਸੁਸਾਇਟੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਦਿੱਤਾ ਧਰਨਾ, ਵੇਖੋ ਤਸਵੀਰਾਂ

Friday, Mar 26, 2021 - 11:44 AM (IST)

ਮੰਗਾਂ ਨੂੰ ਲੈ ਕੇ ਅਖੰਡਪਾਠੀ ਸੁਸਾਇਟੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਦਿੱਤਾ ਧਰਨਾ, ਵੇਖੋ ਤਸਵੀਰਾਂ

ਅੰਮ੍ਰਿਤਸਰ (ਅਨਜਾਣ) - ਸ਼੍ਰੋਮਣੀ ਅਖੰਡਪਾਠੀ ਵੈਲਫੇਅਰ ਸੁਸਾਇਟੀ -2 ਨੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੇ ਬਾਹਰ ਲੰਮੇ ਸਮੇਂ ਤੋਂ ਪਾਠੀ ਸਿੰਘਾਂ ਦੀਆਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਅਮੀਸ਼ਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਠੀ ਸਿੰਘਾਂ ਨੂੰ 40-40 ਸਾਲ ਡਿਊਟੀ ਕਰਦਿਆਂ ਹੋ ਗਏ ਨੇ ਪਰ ਹਾਲੇ ਤੀਕ ਕੋਈ ਵੀ ਅਖੰਡਪਾਠੀ ਸਿੰਘ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਠੀ ਸਿੰਘਾਂ ਨੇ ਆਪਣੀ ਭੇਟਾ 900 ਤੋਂ ਵਧਾ ਕੇ 1100 ਕਰਨ ਤੇ ਮੈਡੀਕਲ ਸਹਾਇਤਾ ਦੇਣ ਬਾਰੇ ਵੀ ਸ਼ੋ੍ਰਮਣੀ ਕਮੇਟੀ ਨੂੰ ਬਾਰ-ਬਾਰ ਬੇਨਤੀਆਂ ਕੀਤੀਆਂ ਪਰ ਹਾਲੇ ਤੀਕ ਇਹ ਮੰਗਾਂ ਵੀ ਨਹੀਂ ਮੰਗੀਆਂ ਗਈਆਂ। ਸਿਰਫ਼ ਇਕ ਦੋ ਵਾਰੀ ਤੋਂ ਇਲਾਵਾ ਭੇਟਾ ਵਿੱਚ ਵਾਧਾ ਨਹੀਂ ਕੀਤਾ ਗਿਆ। 

PunjabKesari

ਉਨ੍ਹਾਂ ਕਿਹਾ ਕਿ ਕਮੇਟੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ’ਚੋਂ 1300 ਸੌ ਰੁਪਿਆ ਮਿਲਦਾ ਹੈ ਤੇ 3100 ਅਖੰਡਪਾਠੀ ਸਿੰਘਾਂ ਦਾ ਹੁੰਦਾ ਹੈ। ਜੋ ਲੋਕ ਪੈਸਾ ਕਮਾ ਕੇ ਦਿੰਦੇ ਨੇ, ਉਨ੍ਹਾਂ ਦੀ ਭੇਟਾ ‘ਚ ਕੋਈ ਵਾਧਾ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਹਾਲੇ ਤਾਂ ਕੋਰੋਨਾ ਨੂੰ ਲੈ ਕੇ ਬਹੁਤ ਘੱਟ ਇਕੱਠ ਕੀਤਾ ਹੈ। ਜੇਕਰ ਭਵਿੱਖ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਪਣੇ ਪ੍ਰੀਵਾਰਾਂ, ਰਿਸ਼ਤੇਦਾਰਾਂ ਤੇ ਸੱਤ ਹਜ਼ਾਰ ਪਾਠੀ ਸਿੰਘ ਜਿਹੜੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਡਿਊਟੀ ਦਿੰਦੇ ਨੇ ਉਨ੍ਹਾਂ ਨੂੰ ਨਾਲ ਲੈ ਕੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਮਸਲੇ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਮਿਲ ਚੁੱਕੇ ਨੇ ਪਰ ਉਨ੍ਹਾਂ ਵੱਲੋਂ ਹਾਲੇ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ। 

PunjabKesari

ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਆਨ ਹੈ ਕਿ ਅੱਗੇ ਤੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੱਗੇ ਧਰਨਾ ਨਹੀਂ ਦਿੱਤਾ ਜਾਣ ਦਿੱਤਾ ਜਾਵੇਗਾ। ਪਰ ਜੇ ਅਸੀਂ ਸ਼੍ਰੋਮਣੀ ਕਮੇਟੀ ਅਧੀਨ ਕੰਮ ਕਰਦੇ ਹਾਂ ਤਾਂ ਇਥੇ ਹੀ ਧਰਨਾ ਦੇਵਾਂਗੇ। ਨਾਲੇ ਇਹ ਧਰਨਾ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਿੱਤਾ ਗਿਆ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ਤੋਂ ਦੂਰ ਹੈ। 

ਦੱਸ ਦੇਈਏ ਕਿ ਸਤਿਕਾਰ ਕਮੇਟੀਆਂ ਨੇ ਵੀ ਏਥੇ ਹੀ ਧਰਨਾ ਦਿੱਤਾ ਸੀ ਜਦੋਂ ਕਿ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਜੋ ਸਲੂਕ ਕੀਤਾ ਗਿਆ ਉਹ ਜੱਗ ਜ਼ਾਹਰ ਹੈ। ਜ਼ਿਕਰਯੋਗ ਹੈ ਕਿ ਅਖੰਡਪਾਠੀ ਸਿੰਘ ਸ਼੍ਰੋਮਣੀ ਕਮੇਟੀ ਦੇ ਪੱਕੇ ਮੁਲਾਜ਼ਮ ਨਹੀਂ ਉਨ੍ਹਾਂ ਨੂੰ ਜੋ ਤਨਖ਼ਾਹ ਮਿਲਦੀ ਹੈ, ਉਹ ਅਖੰਡਪਾਠ ਸਾਹਿਬ ਦੀ ਭੇਟਾ ‘ਚੋਂ ਹੀ ਮਿਲਦੀ ਹੈ।

PunjabKesari

ਬਾਬਾ ਬਕਾਲਾ ਸਾਹਿਬ ਦੇ ਅਖੰਡਪਾਠੀਆਂ ਨੂੰ ਸਖ਼ਤ ਸ਼ਬਦਾਵਲੀ ਬੋਲਣ ’ਤੇ ਗੋਲਕਾਂ ਗਿਣਵਾਉਣ ਦਾ ਮਸਲਾ ਉਠਾਇਆ
ਸੁਸਾਇਟੀ ਦੀ ਬਾਬਾ ਬਕਾਲਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਗੱਗੜਭਾਣਾ ਨੇ ਕਿਹਾ ਕਿ ਬਾਬਾ ਬਕਾਲਾ ਵਿਖੇ ਗੋਲਕਾਂ ਨੂੰ ਗਿਨਣ ‘ਤੇ ਓਥੋਂ ਦੇ ਮੀਤ ਮੈਨੇਜਰ ਵੱਲੋਂ ਪਾਠੀ ਸਿੰਘਾਂ ਬਾਰੇ ਸਖ਼ਤ ਸ਼ਬਦਾਵਲੀ ਬੋਲਣ ਦੇ ਖ਼ਿਲਾਫ਼ ਤੇ 35-40 ਪਾਠੀ ਸਿੰਘਾਂ ਦੇ ਡਿਊਟੀ ‘ਚੋਂ ਨਾਮ ਕੱਟ ਦਿੱਤੇ ਜਾਣ ਬਾਰੇ ਵੀ ਇਕ ਦਰਖ਼ਾਸਤ ਦਿੱਤੀ ਗਈ ਹੈ। ਇਸ ਬਾਰੇ ਇਹ ਆਰਡਰ ਨਿਕਲ ਚੁੱਕਾ ਹੈ ਕਿ ਪਾਠੀ ਸਿੰਘਾਂ ਦੀ ਡਿਊਟੀ ਗੋਲਕ ‘ਤੇ ਨਾ ਲਗਾਈ ਜਾਵੇ ਤੇ ਕੱਢੇ ਗਏ ਪਾਠੀ ਸਿੰਘ ਦੁਬਾਰਾ ਰੱਖੇ ਜਾਣ। ਉਨ੍ਹਾਂ ਕਿਹਾ ਕਿ ਇਸ ਬਾਰੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਇਕ ਦਰਖਾਸਤ ਦਿੱਤੀ ਗਈ ਸੀ, ਜਿਸ ਨਾਲ ਬਾਬਾ ਬਕਾਲਾ ਦੇ ਮੀਤ ਮੈਨੇਜਰ ਵੱਲੋਂ ਬੋਲੀ ਗਈ ਸ਼ਬਦਾਵਲੀ ਦੀ ਰਿਕਾਰਡਿੰਗ ਸਬੂਤ ਵਜੋਂ ਪੇਸ਼ ਕੀਤੀ ਗਈ ਸੀ।

PunjabKesari

ਪ੍ਰੀਵਾਰਿਕ ਮਸਲਾ ਹੈ ਹੱਲ ਕਰਨ ਦੀ ਕੋਸਿਸ਼ ਕਰਾਂਗੇ - ਨਿੱਜੀ ਸਹਾਇਕ
ਇਸ ਸਬੰਧੀ ਜਦ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿੱਜੀ ਸਹਾਇਕ ਅਮਰੀਕ ਸਿੰਘ ਲਤੀਫ਼ਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਸਾਡਾ ਪ੍ਰੀਵਾਰਕ ਮਸਲਾ ਹੈ। ਪਾਠੀ ਸਿੰਘਾਂ ਨੇ ਰੋਸ ਪ੍ਰਗਟ ਕੀਤਾ ਹੈ, ਮਿਸ ਅੰਡਰਸਟੈਡਿੰਟ ਹੋ ਗਈ ਹੈ। ਪੰਜਾਬੀ ਭਾਸ਼ਾ ਹੀ ਐਸੀ ਹੈ, ਕਿਸੇ ਨੇ ਮਾੜੇ ਲਫ਼ਜ਼ ਨਹੀਂ ਕਹੇ, ਜੇ ਕਿਸੇ ਨੇ ਕਹੇ ਨੇ ਤਾਂ ਉਸ ਨੂੰ ਤਾੜਨਾ ਕੀਤੀ ਜਾਵੇਗੀ। ਮੇਰੇ ਨਾਲ ਪੰਜ ਸਿੰਘ ਜਾ ਰਹੇ ਨੇ, ਬੈਠ ਕੇ ਸਾਰੇ ਮਸਲਿਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ।


author

rajwinder kaur

Content Editor

Related News