ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਵੱਲੋਂ ਡੀ. ਸੀ. ਨੂੰ ਮੰਗ-ਪੱਤਰ
Thursday, Feb 01, 2018 - 08:19 AM (IST)
ਮੋਗਾ (ਗਰੋਵਰ, ਗੋਪੀ) - ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਸੇਵਾਵਾਂ ਨਿਭਾਅ ਰਹੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੂੰ ਮੰਗ-ਪੱਤਰ ਸੌਂਪਿਆ ਗਿਆ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰਵਿੰਦਰਜੀਤ ਸਿੰਘ ਗਿੱਲ ਅਤੇ ਮੋਗਾ ਜ਼ਿਲੇ ਦੇ ਪ੍ਰਧਾਨ ਬਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਲੋਕਾਂ ਨੂੰ ਪਿੰਡ-ਪਿੰਡ ਸਵੱਛਤਾ ਅਤੇ ਪੀਣ ਵਾਲੇ ਪਾਣੀ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨ, ਪਾਣੀ ਦੀ 10 ਘੰਟੇ ਨਿਰਵਿਘਨ ਸਪਲਾਈ ਅਤੇ ਪਿੰਡਾਂ ਨੂੰ ਖੁੱਲ੍ਹੇ 'ਚ ਜੰਗਲ ਪਾਣੀ ਤੋਂ ਮੁਕਤ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਬਤੌਰ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਕੰਮ ਕਰ ਰਿਹਾ ਹੈ ਪਰ ਸਾਨੂੰ ਵਰਕਰਾਂ ਨੂੰ ਮਹੀਨਾਵਾਰ ਫਿਕਸ ਤਨਖਾਹ ਦੇਣ ਦੀ ਬਜਾਏ ਸਿਰਫ ਥੋੜ੍ਹੇ ਜਿਹੇ ਮਾਣ ਭੱਤੇ 'ਤੇ ਕੰਮ ਕਰਨਾ ਪੈ ਰਿਹਾ ਹੈ, ਜਿਸ ਨਾਲ ਸਾਡੇ ਕਿਸੇ ਵੀ ਪਰਿਵਾਰ ਦਾ ਗੁਜ਼ਾਰਾ ਕਰ ਪਾਉਣਾ ਸੰਭਵ ਨਹੀਂ ਹੈ ਅਤੇ ਇਸ ਮਾਣ ਭੱਤੇ ਰਾਹੀਂ ਕੰਮ ਕਰਵਾ ਕੇ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਸਾਡੀਆਂ ਮੁੱਖ ਮੰਗਾਂ ਮਹੀਨਾਵਾਰ ਪੱਕੀ ਤਨਖਾਹ ਅਤੇ ਅਗਾਂਹੂ ਵਿਭਾਗੀ ਕੰਮ ਮੌਜੂਦਾ ਵਰਕਰਾਂ ਨੂੰ ਹੀ ਦੇਣ ਸਬੰਧੀ ਅਸੀਂ ਆਪਣੀ ਜਥੇਬੰਦੀ ਵੱਲੋਂ ਵਿਭਾਗ ਦੇ ਉੱਚ-ਅਧਿਕਾਰੀਆਂ ਅਤੇ ਸਰਕਾਰ ਦੇ ਮੰਤਰੀਆਂ ਨੂੰ ਮਿਲ ਚੁੱਕੇ ਹਾਂ ਪਰ ਹਰ ਵਾਰ ਸੋਚ-ਵਿਚਾਰ ਕਰ ਕੇ ਫੈਸਲਾ ਲੈਣ ਦਾ ਭਰੋਸਾ ਦੇ ਕੇ ਸਾਡੀਆਂ ਮੰਗਾਂ ਮੰਨਣ ਬਾਰੇ ਸਰਕਾਰ ਵੱਲੋਂ ਕੀਤੀ ਜਾ ਰਹੀ ਆਨਾ-ਕਾਨੀ ਦੇ ਰੋਸ ਵਜੋਂ ਯੂਨੀਅਨ ਵੱਲੋਂ ਪੂਰੇ ਪੰਜਾਬ 'ਚ 1 ਅਤੇ 2 ਫਰਵਰੀ ਨੂੰ ਹਰ ਜ਼ਿਲੇ ਵਿਚ ਸਰਕਾਰ ਦੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਨਾਲ ਜਥੇਬੰਦੀ ਦੇ ਸੂਬਾ ਕੈਸ਼ੀਅਰ ਮਨਦੀਪ ਕੌਰ, ਜ਼ਿਲਾ ਮੀਤ ਪ੍ਰਧਾਨ ਸੁਖਦੀਪ ਕੌਰ, ਜ਼ਿਲਾ ਸਕੱਤਰ ਪ੍ਰਮਿੰਦਰ ਸਿੰਘ, ਸੁਖਦਰਸ਼ਨ ਸਿੰਘ ਧਰਮਕੋਟ, ਜਗਸੀਰ ਸਿੰਘ ਬਾਘਾਪੁਰਾਣਾ, ਮੀਤਪਾਲ ਸਿੰਘ, ਪਰਮਿੰਦਰ ਕੌਰ, ਰਣਬੀਰ ਕੌਰ, ਮਹਿਲਾ ਵਿੰਗ ਮਨਪ੍ਰੀਤ ਕੌਰ, ਸੰਦੀਪ ਕੌਰ, ਰਜਿੰਦਰ ਸਿੰਘ, ਜੋਤ ਕੌਰ, ਰਾਮ ਚੰਦਰ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਰਣਜੀਤ ਸਿੰਘ, ਵਰਿੰਦਰ ਸਿੰਘ ਅਤੇ ਹੋਰ ਵਰਕਰ ਅਹੁਦੇਦਾਰ ਮੌਜੂਦ ਸਨ।