ਡਲਿਵਰੀ ਵਹੀਕਲਜ਼ ਨੂੰ ਕਮਰਸ਼ੀਅਲ ਸ਼੍ਰੇਣੀ ’ਚ ਕੀਤਾ ਜਾਵੇਗਾ ਸ਼ਾਮਲ

Wednesday, Jul 25, 2018 - 06:20 AM (IST)

ਡਲਿਵਰੀ ਵਹੀਕਲਜ਼ ਨੂੰ ਕਮਰਸ਼ੀਅਲ ਸ਼੍ਰੇਣੀ ’ਚ ਕੀਤਾ ਜਾਵੇਗਾ ਸ਼ਾਮਲ

ਚੰਡੀਗਡ਼੍ਹ, (ਰਾਜਿੰਦਰ)- ਚੰਡੀਗਡ਼੍ਹ ਪ੍ਰਸ਼ਾਸਨ ਵਲੋਂ ਹੁਣ ਸ਼ਹਿਰ ’ਚ ਚੱਲ ਰਹੇ ਹੋਟਲ, ਰੈਸਟੋਰੈਂਟਸ ਦੇ ਡਲਿਵਰੀ ਵਹੀਕਲਜ਼ ਨੂੰ ਕਮਰਸ਼ੀਅਲ ਵਹੀਕਲਜ਼ ਦੀ ਸ਼੍ਰੇਣੀ ’ਚ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ  ਸਟੇਟ ਟਰਾਂਸਪੋਰਟ ਅਥਾਰਟੀ  (ਐੱਸ. ਟੀ. ਏ.) ਨੇ ਯੂ. ਟੀ. ਟਰਾਂਸਪੋਰਟ ਡਿਪਾਰਟਮੈਂਟ ਨੂੰ ਲਿਖ ਦਿੱਤਾ ਹੈ।    ਸ਼ਹਿਰ ’ਚ ਹੋਟਲ ਰੈਸਟੋਰੈਂਟਸ ਦਾ  ਸਾਮਾਨ ਡਲਿਵਰ ਕਰਨ ਲਈ 500  ਵਾਹਨ ਚੱਲ ਰਹੇ ਹਨ।  ਇਨ੍ਹਾਂ ਸਾਰੇ ਵਾਹਨਾਂ ਨੂੰ ਹੀ ਯੂ. ਟੀ. ਟਰਾਂਸਪੋਰਟ ਡਿਪਾਰਟਮੈਂਟ ਵਲੋਂ ਕਮਰਸ਼ੀਅਲ ਵਹੀਕਲਜ਼ ਦੀ ਸ਼੍ਰੇਣੀ ’ਚ ਸ਼ਾਮਲ ਕਰਨ ਲਈ  ਕਿਹਾ ਗਿਆ ਹੈ।  ਇਸ ਸਬੰਧੀ ਐੱਸ. ਟੀ. ਏ. ਦੇ ਐਡੀਸ਼ਨਲ ਸਕੱਤਰ ਰਾਜੀਵ ਤਿਵਾਡ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਡਿਪਾਰਟਮੈਂਟ ਨੂੰ ਇਸ ਬਾਰੇ ਲਿਖ ਦਿੱਤਾ ਹੈ। ਜਿਵੇਂ ਹੀ ਇਸ ਮਤੇ  ਨੂੰ ਅਪਰੂਵਲ ਮਿਲ ਜਾਂਦੀ ਹੈ ਤਾਂ ਸਬੰਧਤ ਮਾਲਕਾਂ ਨੂੰ ਐੱਸ. ਟੀ. ਏ. ਨਾਲ ਇਨ੍ਹਾਂ ਨੂੰ ਰਜਿਸਟਰਡ ਕਰਵਾਉਣਾ ਹੋਵੇਗਾ। ਉਨ੍ਹਾਂ ਤੋਂ ਵਿਭਾਗ ਵਲੋਂ ਉਹੀ ਫੀਸ ਚਾਰਜ ਕੀਤੀ ਜਾਵੇਗੀ, ਜੋ ਕਿ ਕੈਬਸ  ਦੇ ਕੇਸ ’ਚ ਚਾਰਜ  ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਵਿਭਾਗ ਦੇ ਰੈਵੇਨਿਊ ’ਚ ਵੀ ਵਾਧਾ ਹੋਵੇਗਾ।  
 ਬਾਈਕ ਟੈਕਸੀ ਦੇ ਮਤੇ ਨਾਲ ਹੀ ਕੀਤਾ ਜਾਵੇਗਾ ਸ਼ਾਮਲ 
 ਪ੍ਰਸ਼ਾਸਨ ਦੇ ਇਕ ਹੋਰ ਅਧਿਕਾਰੀ ਅਨੁਸਾਰ ਸ਼ਹਿਰ ’ਚ ਬਾਈਕ ਟੈਕਸੀ ਸਰਵਿਸ ਸ਼ੁਰੂ ਕਰਨ ਲਈ ਹੁਣ ਉਹ ਜੋ ਫਾਈਨਲ ਮਤਾ  ਤਿਆਰ ਕਰ ਰਹੇ ਹਨ,  ਉਸ ’ਚ ਹੀ ਇਸ  ਮਤੇ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।  ਪੰਜਾਬ ਸਰਕਾਰ ਨੇ ਵੀ ਬਾਈਕ ਟੈਕਸੀ ਸਰਵਿਸ ’ਤੇ ਵਿਚਾਰ ਕਰਨ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ, ਕਿਉਂਕਿ ਪਿਛਲੇ ਸਾਲ ਜੁਲਾਈ ਮਹੀਨੇ ’ਚ ਪੰਜਾਬ ਪਹਿਲਾਂ ਹੀ ਮੋਹਾਲੀ ’ਚ ਇਹ ਸਰਵਿਸ ‘ਆਪਣੀ ਗੱਡੀ ਆਪਣਾ ਰੋਜ਼ਗਾਰ’ ਸਕੀਮ ਤਹਿਤ ਸ਼ੁਰੂ ਕਰ ਚੁੱਕਾ ਹੈ। ਹੁਣ ਚੰਡੀਗਡ਼੍ਹ ’ਚ ਵੀ ਇਨ੍ਹਾਂ ਨੂੰ ਪਰਮਿਟ ਮਿਲ ਸਕਣ, ਇਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇਥੇ ਵੀ ਇਸਨੂੰ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।  
ਤੀਜੀ ਵਾਰ ਭੇਜਿਆ ਜਾ ਰਿਹੈ ਮਤਾ 
 ਬਾਈਕ ਟੈਕਸੀ ਦਾ ਮਤਾ  ਵਿਭਾਗ ਵਲੋਂ ਯੂ. ਟੀ. ਟਰਾਂਸਪੋਰਟ ਡਿਪਾਰਟਮੈਂਟ ਨੂੰ ਤੀਜੀ ਵਾਰ ਭੇਜਿਆ ਜਾ ਰਿਹਾ ਹੈ ਕਿਉਂਕਿ ਦੂਜੀ ਵਾਰ ਵੀ ਵਿਭਾਗ ਨੇ ਇਸ ਨੂੰ ਵਾਪਸ ਭੇਜ ਦਿੱਤਾ ਹੈ ਤੇ ਐੱਸ. ਟੀ. ਏ. ਨੂੰ ਬੋਲਿਆ ਹੈ ਕਿ ਦੁਬਾਰਾ ਨੋਟ ਤਿਆਰ ਕਰਕੇ ਉਨ੍ਹਾਂ ਕੋਲ ਭੇਜਿਆ ਜਾਵੇ। ਇਸ ਮਤੇ  ’ਚ ਹੀ ਕਮਰਸ਼ੀਅਲ ਵਹੀਕਲਜ਼ ਦੀ ਸ਼੍ਰੇਣੀ ’ਚ ਡਲਿਵਰੀ ਵਹੀਕਲਜ਼ ਨੂੰ ਲਿਆਉਣ ਦੇ ਮਤੇ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਮਈ ਮਹੀਨੇ ’ਚ ਪ੍ਰਸ਼ਾਸਨ ਨੇ ਰੋਡ ਸੇਫਟੀ ਦੇ ਮੁੱਦਿਆਂ ਸਬੰਧੀ ਇਸ ਤੋਂ ਪਹਿਲਾਂ ਬਾਈਕ ਟੈਕਸੀ ਦੇ ਮਤੇ ’ਤੇ ਬ੍ਰੇਕ ਲਾ ਦਿੱਤੀ ਸੀ। ਪ੍ਰਸ਼ਾਸਨਿਕ  ਅਧਿਕਾਰੀਆਂ ਦੀ ਦਲੀਲ਼ ਸੀ ਕਿ ਮੋਟਰਸਾਈਕਲ ਨੂੰ ਪਬਲਿਕ ਟਰਾਂਸਪੋਰਟ ਵਜੋਂ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਦੂਜਾ,  ਪਬਲਿਕ ਟਰਾਂਸਪੋਰਟ ’ਚ ਪੈਸੇਂਜਰ ਦੀ ਸੁਰੱਖਿਆ ਦਾ ਵਿਸ਼ੇਸ਼ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਪਰ ਬਾਈਕ ਟੈਕਸੀ ’ਚ ਪੈਸੇਂਜਰ ਨੂੰ ਸੁਰੱਖਿਆ ਦੇਣਾ ਅਸੰਭਵ ਹੈ। 
ਸੁਰੱਖਿਆ  ਦੇ ਮੱਦੇਨਜ਼ਰ ਮਤੇ ’ਤੇ ਵਾਰ-ਵਾਰ ਲਗ ਰਹੀ ਰੋਕ  
 ਦੱਸ ਦਈਏ ਕਿ ਗੁਰੂਗਰਾਮ ਤੇ ਗੋਆ ਦੀ ਤਰਜ਼ ’ਤੇ ਚੰਡੀਗਡ਼੍ਹ ’ਚ ਇਹ ਸਹੂਲਤ ਸ਼ੁਰੂ ਕੀਤੀ ਜਾਣੀ ਸੀ।  ਸਟੇਟ ਟਰਾਂਸਪੋਰਟ ਅਥਾਰਟੀ ਨੇ ਸ਼ਹਿਰ ’ਚ ਟੂ ਵਹੀਲਰ ਟੈਕਸੀ ਸਰਵਿਸ ਦੀ ਪਾਲਿਸੀ ਬਣਾਈ ਸੀ।  ਕੰਪਨੀਆਂ ਵਲੋਂ ਅਰਜ਼ੀਆਂ ਵੀ ਮੰਗੀਆਂ ਗਈਆਂ ਸਨ।  ਸ਼ਹਿਰ ’ਚ ਸਿਰਫ਼ ਓਬੇਰ ਤੇ ਓਲਾ ਨੇ ਹੀ ਮੋਟੋ ਬਾਈਕ ਟੈਕਸੀ ਸ਼ੁਰੂ ਕਰਨ ਲਈ ਮਤਾ  ਭੇਜਿਆ ਸੀ। ਕੰਪਨੀਆਂ ਦੇ  ਮਤੇ ’ਤੇ ਪਾਲਿਸੀ ਵੀ ਤਿਆਰ ਕੀਤੀ ਗਈ ਪਰ ਖਾਮੀਆਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਸ ’ਤੇ ਰੋਕ ਲਾ ਦਿੱਤੀ ਗਈ ਸੀ।    
 


Related News