ਜੀ.ਕੇ. ਨੇ ਬਣਾਈ ਨਵੀਂ ਪੰਥਕ ਪਾਰਟੀ, 2 ਅਕਤੂਬਰ ਨੂੰ ਕਰਨਗੇ ਐਲਾਨ

Friday, Sep 13, 2019 - 12:39 PM (IST)

ਜੀ.ਕੇ. ਨੇ ਬਣਾਈ ਨਵੀਂ ਪੰਥਕ ਪਾਰਟੀ, 2 ਅਕਤੂਬਰ ਨੂੰ ਕਰਨਗੇ ਐਲਾਨ

ਅੰਮ੍ਰਿਤਸਰ/ਜਲੰਧਰ/ਨਵੀਂ ਦਿੱਲੀ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਲੱਗ ਰਹੇ ਕਿਆਸਾਂ ਉੱਤੇ ਅੱਜ ਵਿਰਾਮ ਲਾ ਦਿੱਤਾ। 7 ਦਸੰਬਰ 2018 ਨੂੰ ਕਮੇਟੀ ਪ੍ਰਧਾਨ ਦਾ ਅਹੁਦਾ ਛੱਡਣ ਵਾਲੇ ਜੀ. ਕੇ. ਦੀ ਅਗਲੀ ਮੰਜ਼ਿਲ ਹੁਣ ਨਿਰੋਲ ਧਾਰਮਿਕ ਸਿਆਸਤ ਹੀ ਹੋਵੇਗੀ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਜੀ. ਕੇ. ਦੇ ਮੁੱਖ ਧਾਰਾ ਦੀ ਸਿਆਸਤ ਲਈ ਭਾਰਤੀ ਜਨਤਾ ਪਾਰਟੀ 'ਚ ਜਾਣ ਦੀਆਂ ਗੱਲਾਂ ਵੀ ਚੱਲ ਰਹੀਆਂ ਸਨ ਪਰ ਜੀ. ਕੇ. ਨੇ ਅੱਜ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੀ ਵਿਰਾਸਤ ਨੂੰ ਅੱਗੇ ਲਿਜਾਂਦੇ ਹੋਏ ਨਵੀਂ ਪੰਥਕ ਪਾਰਟੀ ਦੇ ਨਾਲ ਅਗਲੀ ਦਿੱਲੀ ਕਮੇਟੀ ਚੋਣ ਲੜਨ ਦਾ ਬਕਾਇਦਾ ਐਲਾਨ ਪ੍ਰੈੱਸ ਮਿਲਣੀ ਦੌਰਾਨ ਕੀਤਾ। ਨਾਲ ਹੀ ਕਿਹਾ ਕਿ ਇਸ ਪਾਰਟੀ ਦਾ ਕੋਈ ਵੀ ਮੈਂਬਰ ਗੁਰਦੁਆਰਾ ਚੋਣਾਂ ਦੇ ਇਲਾਵਾ ਸਿਆਸੀ ਚੋਣ ਨਹੀਂ ਲੜੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਮਾਮਲਿਆਂ ਵਿਚ ਕੋਈ ਸਿਆਸੀ ਦਖਲ-ਅੰਦਾਜ਼ੀ ਸਾਨੂੰ ਮਨਜ਼ੂਰ ਨਹੀਂ ਹੋਵੇਗੀ।

ਜੀ. ਕੇ. ਨੇ ਜਾਣਕਾਰੀ ਦਿੱਤੀ ਕਿ 2 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ, ਗ੍ਰੇਟਰ ਕੈਲਾਸ਼ ਪਹਾੜੀ ਵਾਲਾ ਵਿਚ ਗੁਰਮਤਿ ਸਮਾਗਮ ਦੌਰਾਨ ਪਾਰਟੀ ਦੇ ਨਾਂ ਅਤੇ ਏਜੰਡੇ ਦਾ ਐਲਾਨ ਕੀਤਾ ਜਾਵੇਗਾ। ਨਵੀਂ ਪਾਰਟੀ ਦੀ ਸੋਸਾਇਟੀ ਐਕਟ ਤਹਿਤ ਰਜਿਸਟ੍ਰੇਸ਼ਨ ਕਰਵਾ ਦਿੱਤੀ ਗਈ ਹੈ ਪਰ ਗੁਰੂ ਸਿਧਾਂਤਾਂ ਦੀ ਓਟ ਅਤੇ ਹਜ਼ਾਰਾਂ ਦੋਸਤਾਂ ਅਤੇ ਸ਼ੁੱਭਚਿੰਤਕਾਂ ਦੀ ਹਾਜ਼ਰੀ 'ਚ ਵਿਧੀਵਤ ਤਰੀਕੇ ਨਾਲ ਪਾਰਟੀ ਦਾ ਆਗਾਜ਼ ਗੁਰੂ ਘਰ ਵਿਚ ਕੀਤਾ ਜਾਵੇਗਾ। ਜੀ. ਕੇ. ਨੇ ਦੱਸਿਆ ਕਿ ਪਾਰਟੀ ਦਾ ਦਿੱਲੀ 'ਚ ਮਜ਼ਬੂਤ ਜਥੇਬੰਦਕ ਢਾਂਚਾ ਵਿਕਸਿਤ ਕਰਨ ਲਈ ਪ੍ਰਦੇਸ਼, ਜ਼ਿਲਾ ਅਤੇ ਵਾਰਡ ਤੱਕ ਸਾਰੀ ਕਮੇਟੀਆਂ ਬਣਾਈ ਜਾਣਗੀਆਂ। ਸਾਰੇ ਉਮਰ ਵਰਗ ਅਤੇ ਸਿੱਖ ਭਾਈਚਾਰੇ ਦੇ ਸਾਰੇ ਤਬਕਿਆਂ ਨੂੰ ਨਾਲ ਲੈ ਕੇ ਚੱਲਣ ਲਈ ਮੁੱਖ ਇਕਾਈ ਦੇ ਨਾਲ ਹੀ ਇਸਤਰੀ ਵਿੰਗ, ਯੂਥ ਵਿੰਗ, ਕਿਰਤ ਵਿੰਗ, ਬੁੱਧੀਜੀਵੀ ਵਿੰਗ ਅਤੇ ਧਰਮ ਪ੍ਰਚਾਰ ਵਿੰਗ ਦਾ ਜਥੇਬੰਦਕ ਢਾਂਚਾ ਵਾਰਡ ਪੱਧਰ ਤੱਕ ਬਣਾਇਆ ਜਾਵੇਗਾ। ਦਿੱਲੀ ਕਮੇਟੀ ਦੇ 46 ਵਾਰਡਾਂ ਦੇ ਆਧਾਰ ਉੱਤੇ ਦਿੱਲੀ ਨੂੰ 5 ਜ਼ਿਲਿਆਂ ਵਿਚ ਵੰਡਿਆ ਜਾਵੇਗਾ, ਨਾਲ ਹੀ ਦਿੱਲੀ ਵਿਚ ਮੈਂਬਰੀ ਮੁਹਿੰਮ ਚਲਾ ਕੇ 10000 ਸਰਗਰਮ ਮੈਂਬਰ ਬਣਾਏ ਜਾਣਗੇ।


author

Baljeet Kaur

Content Editor

Related News