ਜੀ. ਕੇ. ਵੱਲੋਂ ਰਿਲਾਇੰਸ ਨਾਲ ਕੀਤੇ ਗੁਪਤ ਸਮਝੌਤੇ ਦਾ ਪਰਦਾਫਾਸ਼ : ਕਾਲਕਾ

08/21/2019 1:44:05 PM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਚੁਪ-ਚੁਪੀਤੇ ਇਕੱਲਿਆਂ ਹੀ ਰਿਲਾਇੰਸ ਕੰਪਨੀ ਨਾਲ ਸਮਝੌਤਾ ਕਰਕੇ ਗੁਰਦੁਆਰਾ ਕਮੇਟੀ ਦੇ ਇੰਸਟੀਚਿਊਟ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਇਨਫਾਰਮੇਸ਼ਨ ਟੈਕਨਾਲੋਜੀ 'ਚ ਰਿਲਾਇੰਸ ਦਾ ਇੰਟਰਨੈੱਟ ਸਿਸਟਮ ਇੰਸਟਾਲ ਕਰਵਾ ਦਿੱਤਾ ਗਿਆ ਸੀ। ਇਹ ਪ੍ਰਗਟਾਵਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਹੋਰ ਅਹੁਦੇਦਾਰਾਂ ਨੇ ਕੀਤਾ ਹੈ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਤਕਰੀਬਨ 3 ਮਹੀਨੇ ਪਹਿਲਾਂ ਗੁਰਦੁਆਰਾ ਕਮੇਟੀ ਦੇ ਵੱਖ-ਵੱਖ ਇੰਸਟੀਚਿਊਟ ਦੀ ਜ਼ਿੰਮੇਵਾਰੀ ਵੱਖ-ਵੱਖ ਮੈਂਬਰਾਂ ਨੂੰ ਦਿੱਤੀ ਗਈ ਸੀ, ਜਿਸ ਤਹਿਤ ਗੁਰਦੁਆਰਾ ਨਾਨਕ ਪਿਆਊ ਕੰਪਲੈਕਸ ਸਥਿਤ ਗੁਰੂ ਤੇਗ ਬਹਾਦਰ ਇੰਸਟੀਚਿਊਟ ਲਈ ਐੱਮ. ਪੀ. ਐੱਸ. ਚੱਢਾ ਨੂੰ ਚੇਅਰਮੈਨ ਤੇ ਜਸਬੀਰ ਸਿੰਘ ਜੱਸੀ ਨੂੰ ਮੈਨੇਜਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਸੰਸਥਾ ਦੀ ਚੈਕਿੰਗ ਦੌਰਾਨ ਜਸਬੀਰ ਸਿੰਘ ਜੱਸੀ ਨੇ ਇਕ ਕਮਰੇ 'ਚ ਰਿਲਾਇੰਸ ਦਾ ਇੰਟਰਨੈੱਟ ਪ੍ਰੋਵਾਈਡਰ ਸਿਸਟਮ ਇੰਸਟਾਲ ਕੀਤਾ ਪਾਇਆ, ਜਿਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੱਸੀ ਨੇ ਇਹ ਸਿਸਟਮ ਤੁਰੰਤ ਬੰਦ ਕਰਵਾ ਦਿੱਤਾ ਤਾਂ ਰਿਲਾਇੰਸ ਕੰਪਨੀ ਨੇ ਗੁਰਦੁਆਰਾ ਕਮੇਟੀ ਨਾਲ ਸੰਪਰਕ ਕੀਤਾ। ਕੰਪਨੀ ਨੇ 2 ਦਿਨ ਪਹਿਲਾਂ ਕਮੇਟੀ ਨੂੰ ਇਸ ਗੁਪਤ ਸਮਝੌਤੇ ਦੀ ਕਾਪੀ ਪ੍ਰਦਾਨ ਕੀਤੀ ਹੈ।

ਇਹ ਗੁਪਤ ਸਮਝੌਤਾ ਮਨਜੀਤ ਸਿੰਘ ਜੀ. ਕੇ. ਵੱਲੋਂ ਪ੍ਰਧਾਨ ਹੁੰਦਿਆਂ ਕੀਤਾ ਗਿਆ ਸੀ ਤੇ ਸਮਝੌਤੇ 'ਤੇ ਸਿਰਫ ਉਨ੍ਹਾਂ ਦੇ ਹਸਤਾਖਰ ਹਨ ਅਤੇ ਅਸ਼ਟਾਮ ਪੇਪਰ ਵੀ ਉਨ੍ਹਾਂ ਦੇ ਨਾਮ 'ਤੇ ਹੈ। ਉਨ੍ਹਾਂ ਕਿਹਾ ਕਿ ਮੈਂ ਉਸ ਵੇਲੇ ਜੂਨੀਅਰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰ ਵੀ ਸਨ ਪਰ ਕਿਸੇ ਨੂੰ ਵੀ ਇਸ ਸਮਝੌਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾ ਹੀ ਇਸ ਬਾਰੇ ਕਦੇ ਕਾਰਜਕਾਰਨੀ ਤੇ ਨਾ ਹੀ ਕਦੇ ਜਨਰਲ ਹਾਊਸ 'ਚ ਗੱਲ ਕੀਤੀ ਗਈ। ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਮਝੌਤੇ 'ਚ ਸਪੱਸ਼ਟ ਲਿਖਿਆ ਹੈ ਕਿ ਇਸ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਦਿੱਲੀ ਗੁਰਦੁਆਰਾ ਕਮੇਟੀ ਵਿਚ ਇਸ ਦੀ ਕੋਈ ਕਾਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਹੈ ਕਿ ਰਿਲਾਇੰਸ ਦੇ ਸਿਸਟਮ ਦਾ ਰੱਖ-ਰੱਖਾਅ ਦਿੱਲੀ ਕਮੇਟੀ ਦੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਸੀ ਤੇ ਇੰਸਟੀਚਿਊਟ ਦੇ ਇੰਟਰਨੈੱਟ ਖਰਚੇ ਦੇ ਅਸੀਂ 45000 ਰੁਪਏ ਵੱਖਰੇ ਤੌਰ 'ਤੇ ਭਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਮਝੌਤੇ ਦਾ ਦਿੱਲੀ ਗੁਰਦੁਆਰਾ ਕਮੇਟੀ ਤੇ ਇਸ ਦੀਆਂ ਸੰਸਥਾਵਾਂ ਨੂੰ ਕੋਈ ਲਾਭ ਨਹੀਂ ਹੋਇਆ।

ਸਵਾਲਾਂ ਦੇ ਜਵਾਬ ਦਿੰਦਿਆਂ ਕਾਲਕਾ ਨੇ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਇਸ ਬਾਰੇ ਸੰਗਤ ਨੂੰ ਦੱਸਣ ਕਿ ਗੁਰੂ ਘਰ ਦੀ ਥਾਂ ਕਿਸ ਮਨਸੂਬੇ ਲਈ ਦਿੱਤੀ ਗਈ ਸੀ ਤੇ ਇਸ ਨਾਲ ਕੌਮ ਅਤੇ ਕਮੇਟੀ ਨੂੰ ਕੀ ਲਾਭ ਸੀ। ਉਨ੍ਹਾਂ ਕਿਹਾ ਕਿ ਸਮਝੌਤੇ ਦੀਆਂ ਮੱਦਾਂ ਤੋਂ ਸਪਸ਼ਟ ਹੈ ਕਿ ਇਸ ਦਾ ਸਿਰਫ ਅਤੇ ਸਿਰਫ ਲਾਭ ਰਿਲਾਇੰਸ ਕੰਪਨੀ ਨੂੰ ਸੀ। ਉਨ੍ਹਾਂ ਕਿਹਾ ਕਿ ਜੀ. ਕੇ. ਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅੱਜ ਗੁਰਦੁਆਰਾ ਕਮੇਟੀ ਖਿਲਾਫ ਦੂਸ਼ਣਬਾਜ਼ੀ ਕਰ ਰਹੇ ਹਨ ਪਰ ਜਿੰਨੇ ਵੀ ਸਕੈਂਡਲ ਬੇਨਕਾਬ ਹੋ ਰਹੇ ਹਨ, ਇਹ ਸਾਰੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਹਨ।
ਉਨ੍ਹਾਂ ਕਿਹਾ ਕਿ ਰਿਲਾਇੰਸ ਦਾ ਪ੍ਰਾਜੈਕਟ ਅਸੀਂ ਬੰਦ ਕਰਵਾ ਦਿੱਤਾ ਹੈ ਅਤੇ ਕੰਪਨੀ ਨਾਲ ਗੱਲਬਾਤ ਮਗਰੋਂ ਅਗਲੇਰੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਰਿਲਾਇੰਸ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਮੇਟੀ ਨਾਲ ਸੰਪਰਕ ਕਰਕੇ ਅਸਲ ਸਮਝੌਤੇ ਦੀ ਕਾਪੀ ਪ੍ਰਦਾਨ ਕਰੇ ਅਤੇ ਇਸ ਮਗਰੋਂ ਅਗਲੇਰੀ ਕਾਰਵਾਈ ਹੋਵੇਗੀ। ਉਨ੍ਹਾਂ ਨੇ ਮਨਜੀਤ ਸਿੰਘ ਜੀ. ਕੇ. ਅਤੇ ਪਰਮਜੀਤ ਸਿੰਘ ਸਰਨਾ 'ਤੇ ਸੰਗਤ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਲਾਏ ਤੇ ਆਖਿਆ ਕਿ ਹਰਗੋਬਿੰਦ ਐਨਕਲੇਵ ਤੇ ਵਸੰਤ ਵਿਹਾਰ ਸਕੂਲ ਮਾਮਲੇ ਵਿਚ ਉਹ ਝੂਠ ਤੇ ਆਧਾਰਹੀਣ ਦੋਸ਼ ਗੁਰਦੁਆਰਾ ਕਮੇਟੀ 'ਤੇ ਲਾ ਰਹੇ ਹਨ। ਇਸ ਮੌਕੇ ਬੀਬੀ ਰਣਜੀਤ ਕੌਰ, ਜਗਦੀਪ ਸਿੰਘ ਕਾਹਲੋਂ, ਕੁਲਦੀਪ ਸਿੰਘ ਸਾਹਨੀ, ਜਸਬੀਰ ਸਿੰਘ ਜੱਸੀ, ਜਤਿੰਦਰਪਾਲ ਸਿੰਘ ਗੋਲਡੀ, ਐੱਮ. ਪੀ. ਐੱਸ. ਚੱਢਾ, ਆਤਮਾ ਸਿੰਘ ਲੁਬਾਣਾ, ਮਨਜੀਤ ਸਿੰਘ ਔਲਖ, ਹਰਜੀਤ ਸਿੰਘ ਪੱਪਾ, ਪਰਮਜੀਤ ਸਿੰਘ ਚੰਡੋਕ, ਨਿਸ਼ਾਨ ਸਿੰਘ ਮਾਨ, ਅਮਰਜੀਤ ਸਿੰਘ ਪਿੰਕੀ ਆਦਿ ਵੀ ਮੌਜੂਦ ਰਹੇ।

ਸਮਝੌਤੇ ਦੀਆਂ ਮੁੱਖ ਮਦਾਂ
ਸੰਸਥਾ ਨੂੰ ਚਲਾਉਣ ਲਈ ਰਿਲਾਇੰਸ ਆਪਣੀ ਮਨਮਰਜ਼ੀ ਦੀ ਫੀਸ ਲਾਵੇਗੀ ਤੇ ਇਸ ਵਿਚੋਂ ਗੁਰਦੁਆਰਾ ਕਮੇਟੀ ਨੂੰ ਕੁਝ ਨਹੀਂ ਮਿਲੇਗਾ। 
ਰਿਲਾਇੰਸ ਕੰਪਨੀ, ਜਿਸ ਦੀ ਸ਼ਾਖਾ ਜੀਓ ਹੈ, ਵੱਲੋਂ ਇਹ ਸੰਸਥਾ ਚਲਾਈ ਜਾਵੇਗੀ ਤੇ ਜੀਓ ਦੇ ਡਿਜ਼ਾਈਨ ਅਨੁਸਾਰ ਦਿੱਲੀ ਕਮੇਟੀ ਸਾਰਾ ਡਿਜ਼ਾਈਨ ਬਣਾ ਕੇ ਦੇਵੇਗੀ। 
ਲੱਖਾਂ ਰੁਪਏ ਗੁਰਦੁਆਰਾ ਕਮੇਟੀ ਖਰਚ ਕਰੇਗੀ ਅਤੇ ਡਿਜ਼ਾਈਨ ਅਤੇ ਸਾਮਾਨ ਰਿਲਾਇੰਸ ਦੀ ਮਰਜ਼ੀ ਦਾ ਹੋਵੇਗਾ। 
ਗੁਰਦੁਆਰਾ ਕਮੇਟੀ ਵਿਦਿਆਰਥੀਆਂ ਕੋਲੋਂ ਕੋਈ ਫੀਸ ਨਹੀਂ ਲਵੇਗੀ ਅਤੇ ਨਾ ਹੀ ਪਲੇਸਮੈਂਟ ਆਦਿ ਦੇ ਮਾਮਲੇ 'ਚ ਕੋਈ ਚਾਰਜ ਲਿਆ ਜਾ ਸਕੇਗਾ। 
ਰਿਲਾਇੰਸ ਵੱਲੋਂ ਚਲਾਈ ਜਾਣ ਵਾਲੀ ਸੰਸਥਾ 'ਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਅਤੇ ਜਾਇਦਾਦ ਦਾ ਬੀਮਾ ਹੋਵੇਗਾ, ਜਿਸ ਦਾ ਪ੍ਰੀਮੀਅਮ ਗੁਰਦੁਆਰਾ ਕਮੇਟੀ ਅਦਾ ਕਰੇਗੀ। 
ਸੰਸਥਾ ਚਲਾਉਣ ਲਈ ਰਿਲਾਇੰਸ ਨੂੰ ਮੁਫਤ ਬਿਜਲੀ ਗੁਰਦੁਆਰਾ ਕਮੇਟੀ ਦੇਵੇਗੀ।


shivani attri

Content Editor

Related News