ਦਿੱਲੀ ਦੀਆਂ ਬਰੂਹਾਂ ’ਤੇ ‘ਦਿਲ ਵਾਲਿਆਂ’ ਨੇ ਉਸਾਰਿਆ ਪੁਰਾਤਨ ਪੰਜਾਬ! ਦੇਖਣ ਪੁੱਜ ਰਹੇ ਲੋਕ

Friday, Apr 09, 2021 - 09:54 AM (IST)

ਦਿੱਲੀ ਦੀਆਂ ਬਰੂਹਾਂ ’ਤੇ ‘ਦਿਲ ਵਾਲਿਆਂ’ ਨੇ ਉਸਾਰਿਆ ਪੁਰਾਤਨ ਪੰਜਾਬ! ਦੇਖਣ ਪੁੱਜ ਰਹੇ ਲੋਕ

ਪਟਿਆਲਾ/ਰੱਖੜਾ (ਜ. ਬ.) : ਉੱਤਰ ਭਾਰਤ ’ਚ 17ਵੀਂ ਸਦੀ ਦਾ ਰਹਿਣ-ਸਹਿਣ ਹੁਣ 21ਵੀਂ ਸਦੀ ’ਚ ਮੁੜ ਤੋਂ ਉਜਾਗਰ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਦੀ ਪ੍ਰਦਰਸ਼ਨੀ ਦਿੱਖ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਧਰਨਿਆਂ ’ਚ ਮੁੜ ਤੋਂ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਧਰਨਿਆਂ ’ਤੇ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਬੈਠੇ ਕਿਸਾਨਾਂ ਨੇ ਠੰਡ ਨਿਕਲਣ ਮਗਰੋਂ ਹੁਣ ਗਰਮੀ ਦੇ ਸੀਜ਼ਨ ’ਚ ਧਰਨੇ ਨੂੰ ਜਾਰੀ ਰੱਖਦਿਆਂ ਆਪਣੇ ਰਹਿਣ-ਸਹਿਣ ’ਚ ਬਦਲਾਅ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਆਪਣੀਆਂ ਟਰਾਲੀਆਂ ਅਤੇ ਝੁੱਗੀਆਂ ਨੂੰ ਵਾਤਾਵਰਣ ਦੇ ਅਨੁਕੂਲ ਕਰਦਿਆਂ ਕੱਖਾਂ-ਕਾਨਿਆਂ ਦੀਆਂ ਛੱਤਾਂ ਪਾ ਲਈਆਂ ਹਨ ਅਤੇ ਕਈਆਂ ’ਚ ਏ. ਸੀ. ਵੀ ਫਿੱਟ ਕਰ ਲਏ ਹਨ। ਇੰਨਾ ਹੀ ਨਹੀਂ, ਸੋਲਰ ਊਰਜਾ ਦੀ ਫਿਟਿੰਗ ਕਰਵਾ ਕੇ ਬਿਜਲੀ ਦੀ ਕਮੀ ਵੀ ਦੂਰ ਕਰ ਲਈ ਹੈ। ਉਥੇ ਹੀ ਚੁੱਲਾ-ਚੌਂਕਾ ਵੀ ਧੂੰਆਂ ਰਹਿਤ ਕਰ ਲਏ ਹਨ। ਦੇਖਣ ਵਾਲੀ ਗੱਲ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਦਿਲਦਾਰ ਪੰਜਾਬੀਆਂ ਤੇ ਦਰਿਆ ਦਿਲ ਹਰਿਆਣਵੀਆਂ ਨੇ ਪੁਰਾਤਨ ਰਹਿਣ-ਸਹਿਣ ਦੀ ਦਿਖ ਕਾਇਮ ਕਰ ਦਿੱਤੀ ਹੈ, ਜਿਸ ਨੂੰ ਦੇਖਣ ਲਈ ਪੂਰੇ ਭਾਰਤ ’ਚੋਂ ਸ਼ਹਿਰੀ ਲੋਕ ਤੇ ਖ਼ਾਸ ਕਰ ਬੱਚੇ ਪਹੁੰਚ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਧਰਨੇ ਪੂਰੇ ਭਾਰਤ ਲਈ ਇਕ ਮੁਜੱਸਮਾ ਬਣ ਰਿਹਾ ਹੈ, ਜਿਸ ਨੂੰ ਦੀਆਂ ਤਸਵੀਰਾਂ ਨਿੱਤ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ 'ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ

PunjabKesari
ਸੱਭਿਆਚਾਰ ਤੇ ਵਿਰਾਸਤ ਨਾਲ ਜੁੜਨਾ ਚੰਗਾ ਸੰਕੇਤ, ਬੱਚੇ ਉਤਸ਼ਾਹਿਤ
ਬੱਚੇ ਧਰਨਿਆਂ ’ਚ ਸ਼ਿਰਕਤ ਕਰ ਕੇ ਇਕ ਪਾਸੇ ਜਿੱਥੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨਾਲ ਜੁੜ ਰਹੇ ਹਨ, ਉੱਥੇ ਹੀ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ’ਚੋਂ ਘੱਟਦੀ ਜਾ ਰਹੀ ਸੱਭਿਆਚਾਰਕ ਦਿੱਖ ਨੂੰ ਦੇਖਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕਈ ਥਾਵਾਂ ’ਤੇ ਤਾਂ ਪੁਰਾਣੀਆਂ ਛੱਤਾਂ ਅੱਗੇ ਬੱਚਿਆਂ ਦੇ ਖੇਡਣ ਲਈ ਛੋਟੇ ਗਲਿਆਰੇ ਵੀ ਬਣਾਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਆੜ੍ਹਤੀਆਂ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਦਿੱਤਾ 10 ਅਪ੍ਰੈਲ ਤੱਕ ਦਾ ਸਮਾਂ
ਦੇਸੀ ਖ਼ੁਰਾਕਾਂ ਖਾਣੇ ’ਚ ਸ਼ਾਮਲ
ਇਕ ਪਾਸੇ ਜਿੱਥੇ ਫਾਸਟ ਫੂਡ ਲਈ ਹਰ ਕੋਈ ਉਤਾਵਲਾ ਹੋਇਆ ਨਜ਼ਰ ਆਉਂਦਾ ਸੀ, ਉੱਥੇ ਸਵੇਰੇ-ਸ਼ਾਮ ਦੇ ਖਾਣਿਆਂ ’ਚ ਦੇਸੀ ਖੁਰਾਕਾਂ ਸ਼ਾਮਲ ਹੁੰਦੀਆਂ ਹਨ। ਜਿਵੇਂ ਪਹਿਲਾਂ ਦੇਸੀ ਘਿਓ ਦੀਆਂ ਪਿੰਨੀਆਂ, ਜਲੇਬੀਆਂ, ਖੀਰ, ਕੜਾਹ ਆਦਿ ਸ਼ਾਮਿਲ ਸੀ। ਉਸੇ ਤਰ੍ਹਾਂ ਹੁਣ ਗਰਮੀ ਦੇ ਸੀਜ਼ਨ ’ਚ ਲੱਸੀ, ਦਹੀਂ, ਠੰਡਾ ਦੁੱਧ ਆਦਿ ਵੱਖ-ਵੱਖ ਲੰਗਰਾਂ ’ਚ ਵਰਤਦਾ ਆਮ ਦੇਖਿਆ ਜਾ ਸਕਦਾ ਹੈ।
ਸਰਮਾਏਦਾਰ ਲੋਕ ਛੰਨਾਂ ’ਚ ਰਹਿਣ ਦੇ ਬਣੇ ਸ਼ੌਂਕੀ
ਦਿੱਲੀ ਵਿਖੇ ਚੱਲ ਰਹੇ ਕਿਸਾਨੀ ਧਰਨਿਆਂ ’ਚ ਸਮੁੱਚੇ ਵਰਗਾਂ ਦੀ ਸ਼ਮੂਲੀਅਤ ਕਾਰਣ ਸੋਚ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਹੈ। ਪਿੰਡਾਂ ’ਚ ਵੱਡੀਆਂ ਜ਼ਮੀਨਾਂ, ਮਹਿੰਗੀਆਂ ਗੱਡੀਆਂ ਦੇ ਮਾਲਕ ਦਿੱਲੀ ’ਚ ਪਾਈਆਂ ਛੰਨਾਂ ’ਚ ਪੂਰੀਆਂ ਸੁੱਖ-ਸਹੂਲਤਾਂ ਨਾਲ ਲੈਸ ਹੋ ਕੇ ਰਹਿਣ ਦੇ ਸ਼ੌਂਕੀ ਬਣੇ ਦਿੱਸ ਰਹੇ ਹਨ। ਇੰਨਾ ਹੀ ਨਹੀਂ, ਛੰਨਾਂ ’ਤੇ ਮੌਰ-ਘੁੱਗੀਆਂ ਤੇ ਫੁੱਲ-ਬੂਟੀਆਂ ਪਾ ਕੇ ਵੀ ਆਪਣੇ ਹੁਨਰ ਦੀ ਨੁਮਾਇਸ਼ ਲਾਈ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਹੋਇਆ 'ਕੋਰੋਨਾ', OSD ਦੀ ਰਿਪੋਰਟ ਵੀ ਪਾਜ਼ੇਟਿਵ
ਸ਼ਾਮ ਨੂੰ ਸੱਥਾਂ ਵਾਲੀਆਂ ਰੌਣਕਾਂ ਦਾ ਵੱਖਰਾ ਆਨੰਦ
ਧਰਨੇ ਦੌਰਾਨ ਨਾਅਰੇਬਾਜ਼ੀ ਅਤੇ ਵਿਚਾਰ-ਚਰਚਾ ਹੋਣ ਉਪਰੰਤ ਸ਼ਾਮ ਨੂੰ ਪਿੰਡਾਂ ਵਾਲੀਆਂ ਸੱਥਾਂ ਵਾਂਗ ਧਰਨੇ ’ਚ ਵੀ ਸੱਥਾਂ ਲੱਗਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਇਨਾਂ ’ਚ ਖੁੰਡ-ਚਰਚਾ ਦੇ ਨਾਲ-ਨਾਲ, ਟਕੌਰਾਂ ਵਾਲੀਆਂ ਗੱਲਾਂ, ਟੱਪੇ ਤੇ ਗਾਣਿਆਂ ਨਾਲ ਆਪਸ ’ਚ ਇਕ-ਦੂਜਿਆਂ ਦਾ ਮਨੋਰੰਜਨ ਵੀ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਪਹਿਲਾਂ ਵਾਂਗ ਬੁਝਾਰਤਾਂ ਤੇ ਅਖਾਣਾਂ ਵਾਂਗ ਗੱਲਾਂ ਕੀਤੀਆਂ ਜਾਂਦੀਆਂ ਅਤੇ ਦੱਸੀਆਂ ਜਾਂਦੀਆਂ ਹਨ। ਬੀਬੀਆਂ ਵਾਲੇ ਟੈਂਟਾਂ ’ਚ ਵਾਰਾਂ, ਪਰਿਵਾਰਕ ਗੀਤ, ਸਿੱਠਣੀਆਂ ਤੇ ਬੋਲੀਆਂ ਆਦਿ ਸੁਣਾ ਕੇ ਮਨਪਰਚਾਵਾ ਕੀਤਾ ਜਾਂਦਾ ਹੈ, ਜਿਨਾਂ ਨੂੰ ਨਵੀਂ ਪੀੜ੍ਹੀ ਦੇ ਨੌਜਵਾਨ ਬੜੇ ਉਤਸ਼ਾਹ ਨਾਲ ਸੁਣਦੇ ਹਨ।
ਨੋਟ : ਕਿਸਾਨ ਅੰਦੋਲਨ ਦੌਰਾਨ ਝਲਕਦੀ ਪੁਰਾਣੇ ਸੱਭਿਆਚਾਰ ਦੀ ਝਲਕ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ


 


author

Babita

Content Editor

Related News