ਦਿੱਲੀ ਦਾ ਸਿੱਖਿਆ ਮਾਡਲ ਹੁਣ ਪੰਜਾਬ ’ਚ ਜਲਦ ਹੋਵੇਗਾ ਲਾਗੂ, ਅਗਲੇ ਹਫ਼ਤੇ ਹੋ ਸਕਦੈ ਵੱਡਾ ਐਲਾਨ
Friday, Sep 09, 2022 - 06:23 PM (IST)
ਜਲੰਧਰ (ਨਰਿੰਦਰ ਮੋਹਨ)— ਮੁਹੱਲਾ ਕਲੀਨਿਕਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇਸ਼ ’ਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਦੀ ਤਿਆਰੀ ਵਿਚ ਹੈ। ਦਿੱਲੀ ਅਤੇ ਤਾਮਿਲਨਾਡੂ ਤੋਂ ਬਾਅਦ ‘ਸਕੂਲ ਆਫ਼ ਐਕਸੀਲੈਂਸ’ ਨੂੰ ਹੁਣ ਪੰਜਾਬ ’ਚ ਲਾਗੂ ਕਰਨ ਦੀ ਤਿਆਰੀ ਹੋ ਗਈ ਹੈ। ਅਗਲੇ ਹਫ਼ਤੇ ਸਰਕਾਰ ‘ਸਕੂਲ ਆਫ਼ ਐਕਸੀਲੈਂਸ’ ਦਾ ਐਲਾਨ ਕਰਨ ਦੀ ਤਿਆਰੀ ’ਚ ਹੈ। ਇਸ ਦੇ ਲਈ ਇਸ ਵਾਰ ਦੇ ਬਜਟ ’ਚ 200 ਕਰੋੜ ਰੁਪਏ ਸੁਰੱਖਿਅਤ ਰੱਖੇ ਗਏ ਹਨ ਅਤੇ ਸੂਬੇ ਦੇ 100 ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ਼ ਐਕਸੀਲੈਂਸ’ ’ਚ ਅਪਗ੍ਰੇਡ ਕੀਤਾ ਜਾਣਾ ਹੈ, ਜਿਨ੍ਹਾਂ ’ਚ ਵਿਸ਼ਵ ਪੱਧਰ ਦੀ ਸਿੱਖਿਆ ਦਿੱਤੀ ਜਾਣੀ ਹੈ। ਜਿਹੜੇ 100 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਉਨ੍ਹਾਂ ਸੂਚੀ ਤਿਆਰ ਹੋ ਚੁੱਕੀ ਹੈ ਅਤੇ ਐਲਾਨ ਆਉਣ ਵਾਲੇ ਹਫ਼ਤੇ ’ਚ ਕੀਤੇ ਜਾਣ ਦੀ ਸੰਭਾਵਨਾ ਹੈ। ਪਹਿਲੇ ਸਾਲ ’ਚ ਹਰ ਇਕ ਬਲਾਕ ’ਚ ਘੱਟ ਤੋਂ ਘੱਟ ਇਕ ‘ਸਕੂਲ ਆਫ਼ ਐਕਸੀਲੈਂਸ’ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਨੁਸਾਰ ਅਗਲੇ ਹਫ਼ਤੇ ’ਚ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ’ਚ ‘ਬਾਬਾ ਸੋਢਲ’ ਮੇਲੇ ਦੀਆਂ ਰੌਣਕਾਂ, ਵੱਡੀ ਗਿਣਤੀ ’ਚ ਨਤਮਸਤਕ ਹੋਣ ਪੁੱਜ ਰਹੇ ਸ਼ਰਧਾਲੂ
ਆਮ ਆਦਮੀ ਪਾਰਟੀ ਨੇ ‘ਸਕੂਲ ਆਫ਼ ਐਕਸੀਲੈਂਸ’ ਦੇ ਮਾਡਲ ਨੂੰ ਦਿੱਲੀ ’ਚ ਲਾਗੂ ਕੀਤਾ ਸੀ। ਇਹ ਸਕੂਲ ਪੰਜ ਖੇਤਰਾਂ ’ਚ ਵਿਸ਼ੇਸ਼ ਸਿੱਖਿਆ ਦਿੰਦੇ ਹਨ, ਜਿਨ੍ਹਾਂ ’ਚ ਵਿਗਿਆਨ, ਇੰਜੀਨੀਅਰਿੰਗ , ਗਣਿਤ (ਐੱਸ. ਟੀ. ਈ. ਐੱਮ), ਤਕਨਾਲੋਜੀ, ਵਿਜ਼ੁਅਲ ਆਰਟਸ, 21ਵੀਂ ਸਦੀ ਦੇ ਉੱਚ ਹੁਨਰ ਸ਼ਾਮਲ ਹਨ। ਇਹ ਸਕੂਲ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12 ਜਮਾਤ ਤੱਕ ਸਿੱਖਿਆ ਦੇਣਗੇ, ਇਨ੍ਹਾਂ ’ਚ ਡਿਜ਼ੀਟਲ ਸਮਾਰਟ ਕਲਾਸ ਰੂਮ, ਆਧੁਨਿਕ ਲੈਬ ਵੀ ਸ਼ਾਮਲ ਹੋਵੇਗੀ। ਦਿੱਲੀ ’ਚ ਅਪਗ੍ਰੇਡ ਕੀਤੇ ਗਏ ਇਨ੍ਹਾਂ ਸਕੂਲਾਂ ਦੀ ਗਿਣਤੀ 31 ਹੋ ਚੁੱਕੀ ਹੈ। ਇਹ ਸਕੂਲ ਵਿਦਿਆਰਥੀਆਂ ਨੂੰ ਆਪਣੇ ਪਸੰਦੀਦਾ ਖੇਤਰ ਵਿਚ ਸਿੱਖਿਆ ਲੈਣ ਦਾ ਮੌਕਾ ਦਿੰਦੇ ਹਨ। ਇਨ੍ਹਾਂ ਸਕੂਲਾਂ ’ਚ ਮਾਡਲ ਕਿਤੇ ਨਾ ਕਿਤੇ ਹਿੰਦੀ ਦੀ ਫ਼ਿਲਮ ‘ਥ੍ਰੀ ਇਡੀਅਟਸ’ ਨਾਲ ਮਿਲਦਾ ਹੈ, ਜਿਸ ’ਚ ਵਿਦਿਆਰਥੀਆਂ ਨੂੰ ਆਪਣੀ ਪਸੰਦੀਦਾ ਸਿੱਖਿਆ ਦਾ ਵਿਸ਼ਾ ਲੈਣ ਦੀ ਵਕਾਲਤ ਕੀਤੀ ਗਈ ਸੀ। ਇਨ੍ਹਾਂ ’ਚੋਂ ਖੇਡਾਂ ਦੀ ਵੀ ਵਿਸ਼ੇਸ਼ ਸਹੂਲਤ ਹੋਵੇਗੀ।
ਤਾਮਿਲਨਾਡੂ ਸਰਕਾਰ, ਦਿੱਲੀ ਸਰਕਾਰ ਦੇ ਸਕੂਲ ਆਫ਼ ਐਕਸੀਲੈਂਸ ਨਾਲ ਕਾਫ਼ੀ ਪ੍ਰਭਾਵਿਤ ਹੋਈ ਸੀ ਅਤੇ ਉਨ੍ਹਾਂ ਨੇ ਵੀ ਉਥੇ 26 ਸਕੂਲ ਆਫ਼ ਐਕਸੀਲੈਂਸ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਸੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਅਪ੍ਰੈਲ ’ਚ ਮੁਹੱਲਾ ਕਲੀਨਿਕ ਅਤੇ ਸਕੂਲਾਂ ਦਾ ਦੌਰਾ ਕੀਤਾ ਸੀ। ਇਸ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਾਮਿਲਨਾਜੂ ’ਚ ਆਉਣ ਦਾ ਸੱਦਾ ਦਿੱਤਾ ਗਿਆ ਸੀ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਏਜੰਡੇ ’ਚ ਸਿਹਤ ਅਤੇ ਸਿੱਖਿਆ ਨੂੰ ਤਰਜੀਹ ਸੀ। ਇਸ ਲਈ ਆਪਣੇ ਬਜਟ ’ਚ ਵੀ ਸਰਕਾਰ ਨੇ 100 ਸਕੂਲ ਆਫ਼ ਐਕਸੀਲੈਂਸ ਖੋਲ੍ਹਣ ਲਈ 200 ਕਰੋੜ ਦਾ ਬਜਟ ਚਾਲੂ ਸਾਲ ਲਈ ਸੁਰੱਖਿਅਤ ਰੱਖਿਆ ਸੀ। ਹੁਣ ਇਨ੍ਹਾਂ ਸਕੂਲਾਂ ਦੀ ਸਥਾਪਨਾ ਲਈ ਬੈਠਕਾਂ ਦਾ ਸਿਲਸਿਲਾ ਜਾਰੀ ਹੈ। ਸਿੱਖਿਆ ਮਹਿਕਮਾ ਇਸ ਦੀਆਂ ਤਿਆਰੀਆਂ ’ਚ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ: ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਕਰਦੇ ਨੇ 'ਬਾਬਾ ਸੋਢਲ' ਜੀ, ਜਾਣੋ 200 ਸਾਲ ਪੁਰਾਣਾ ਇਤਿਹਾਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ