ਕਣਕ ਦੀ ਖਰੀਦ ਨਾ ਹੋਣ ''ਤੇ ਦਿੱਲੀ-ਲੁਧਿਆਣਾ ਮੁੱਖ ਮਾਰਗ ਕੀਤਾ ਜਾਮ

Friday, Apr 13, 2018 - 12:32 AM (IST)

ਕਣਕ ਦੀ ਖਰੀਦ ਨਾ ਹੋਣ ''ਤੇ ਦਿੱਲੀ-ਲੁਧਿਆਣਾ ਮੁੱਖ ਮਾਰਗ ਕੀਤਾ ਜਾਮ

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਪਿਛਲੇ 5 ਦਿਨਾਂ ਤੋਂ ਅਨਾਜ ਮੰਡੀ ਸੰਗਰੂਰ 'ਚ ਕਣਕ ਦੀ ਖਰੀਦ ਹੋਣ ਦੀ ਉਡੀਕ 'ਚ ਬੈਠੇ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਇਕੱਠੇ ਹੋ ਕੇ ਦਿੱਲੀ-ਲੁਧਿਆਣਾ ਮੁੱਖ ਮਾਰਗ 'ਤੇ ਜਾਮ ਲਾ ਦਿੱਤਾ। ਮੁੱਖ ਮਾਰਗ 'ਤੇ ਜਾਮ ਲੱਗਣ ਕਾਰਨ ਦੂਰ-ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨ ਹਰਭਜਨ ਸਿਘ, ਨਿਰੰਜਣ ਸਿੰਘ, ਰੂਪ ਸਿੰਘ, ਜੱਗੀ ਸਿੰਘ, ਰੋਹੀ ਸਿੰਘ, ਮਲਕੀਤ ਸਿੰਘ ਆਦਿ ਨੇ ਦੱਸਿਆ ਕਿ ਉਹ 4-5 ਦਿਨਾਂ ਤੋਂ ਕਣਕ ਵੇਚਣ ਲਈ ਮੰਡੀ ਵਿਚ ਬੈਠੇ ਹਨ। 2-3 ਦਿਨਾਂ ਤੋਂ ਮੀਂਹ ਪੈਣ ਕਾਰਨ ਫਸਲ 'ਚ ਨਮੀ ਵਧ ਗਈ ਅਤੇ ਹੁਣ ਵਿਭਾਗੀ ਅਧਿਕਾਰੀ ਕਣਕ ਖਰੀਦਣ ਤੋਂ ਟਾਲ-ਮਟੋਲ ਕਰ ਰਹੇ ਹਨ। 
ਇਸ ਦੌਰਾਨ ਜੇਲ ਪੋਸਟ ਇੰਚਾਰਜ ਮੈਡਮ ਪੁਨੀਤ ਗਰਗ, ਸੰਦੀਪ ਸਿੰਘ ਨਾਇਬ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਤੁਰੰਤ ਧਰਨਾਕਾਰੀ ਕਿਸਾਨਾਂ ਕੋਲ ਪੁੱਜੇ ਪਰ ਕਿਸਾਨ ਆਪਣੀ ਫਸਲ ਵੇਚਣ ਦੀ ਮੰਗ ਨੂੰ ਲੈ ਕੇ ਡਟੇ ਰਹੇ, ਜਿਸ 'ਤੇ ਬਾਅਦ 'ਚ ਐੱਸ. ਡੀ. ਐੱਮ. ਅਵਿਕੇਸ਼ ਗੁਪਤਾ ਨੇ ਆਪ ਪਹੁੰਚ ਕੇ ਕਿਸਾਨਾਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਸ਼ਾਂਤ ਕਰ ਕੇ ਕਣਕ ਦੀਆਂ ਢੇਰੀਆਂ ਦੀ ਨਮੀ ਦੀ ਮਾਤਰਾ ਚੈੱਕ ਕੀਤੀ ਅਤੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਟ ਨਮੀ ਵਾਲੀਆਂ ਕਣਕ ਦੀਆਂ ਢੇਰੀਆਂ ਦੀ ਖਰੀਦ ਕੀਤੀ ਜਾਵੇ।


Related News