ਕੈਪਟਨ ਨੇ ਆਪਣੀ ਰਿਹਾਇਸ਼ ਦਿੱਲੀ ਕਪੂਰਥਲਾ ਹਾਊਸ ''ਚ ਸ਼ਿਫਟ ਕੀਤੀ
Friday, Jul 14, 2017 - 06:23 AM (IST)

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 'ਚ ਆਪਣੀ ਰਿਹਾਇਸ਼ ਹੁਣ ਕਪੂਰਥਲਾ ਹਾਊਸ 'ਚ ਸ਼ਿਫਟ ਕਰ ਲਈ ਹੈ। ਪਹਿਲਾਂ ਉਨ੍ਹਾਂ ਨੂੰ ਸੰਸਦ ਮੈਂਬਰ ਦੇ ਰੂਪ 'ਚ ਦਿੱਲੀ 'ਚ ਬੰਗਲਾ ਮਿਲਿਆ ਹੋਇਆ ਸੀ। ਦਿੱਲੀ ਪ੍ਰਵਾਸ ਦੌਰਾਨ ਕੈਪਟਨ ਮਿਲੇ ਬੰਗਲੇ 'ਚ ਰੁਕਦੇ ਸਨ ਪਰ ਐੱਸ. ਵਾਈ. ਐੱਲ. ਦਾ ਮਾਮਲਾ ਪੰਜਾਬ ਵਿਰੁੱਧ ਆਉਣ 'ਤੇ ਕੈਪਟਨ ਨੇ ਸੰਸਦ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਦੇ ਰੂਪ 'ਚ ਮਿਲਿਆ ਬੰਗਲਾ ਖਾਲੀ ਕਰਨ ਲਈ ਕਿਹਾ ਸੀ ।
ਦਿੱਲੀ 'ਚ ਕਪੂਰਥਲਾ ਹਾਊਸ ਮਹਾਰਾਜਾ ਕਪੂਰਥਲਾ ਦਾ ਕਿਸੇ ਸਮੇਂ ਨਿਵਾਸ ਸਥਾਨ ਹੁੰਦਾ ਸੀ ਬਾਅਦ 'ਚ ਪੰਜਾਬ ਸਰਕਾਰ ਨੇ ਇਸ ਨੂੰ ਆਪਣੇ ਅਧੀਨ ਲੈਂਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਦੇ ਰੂਪ 'ਚ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਜਦੋਂ ਦਿੱਲੀ ਜਾਂਦੇ ਹਨ ਤਾਂ ਉਹ ਕਪੂਰਥਲਾ ਹਾਊਸ 'ਚ ਹੀ ਰੁਕਦੇ ਹਨ। ਕਪੂਰਥਲਾ ਹਾਊਸ 'ਚ ਰਾਜਪਾਲ ਅਤੇ ਮੁੱਖ ਮੰਤਰੀ ਲਈ ਵੱਖ-ਵੱਖ ਐਂਟਰੀ ਗੇਟ ਬਣਾਏ ਗਏ ਹਨ। ਇਸ 'ਚ ਇਕ ਵੱਡਾ ਮੀਟਿੰਗ ਹਾਲ ਵੀ ਹੈ ਅਤੇ ਨਾਲ ਹੀ ਇਸ ਵਿਚ ਕਿਚਨ ਅਤੇ 3 ਤੋਂ 4 ਕਮਰੇ ਵੀ ਹਨ। ਕਪੂਰਥਲਾ ਹਾਊਸ ਦੀ ਸੁਰੱਖਿਆ ਨੂੰ ਵੀ ਹੁਣ ਵਧਾ ਦਿੱਤਾ ਗਿਆ ਹੈ। ਕੈਪਟਨ ਜਦੋਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਗਏ ਤਾਂ ਉਹ ਕਪੂਰਥਲਾ ਹਾਊਸ 'ਚ ਹੀ ਰੁਕੇ। ਕੈਪਟਨ ਦੇ ਨੇੜਲੇ ਨੇਤਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਅਦਾਲਤ ਦੇ ਹਰੇਕ ਹੁਕਮ ਦੀ ਪਾਲਣਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਭਾਵੇਂ ਉਹ ਕੋਈ ਛੋਟਾ ਹੋਵੇ ਜਾਂ ਵੱਡਾ।