ਦਿੱਲੀ ਚੋਣਾਂ ਦਾ ਪੰਜਾਬ 'ਤੇ ਪਰਛਾਵਾਂ ਪੈਣ ਦੇ ਆਸਾਰ, 'ਚਾਚਾ-ਭਤੀਜਾ' ਬੇਚੈਨ

Tuesday, Feb 11, 2020 - 07:48 AM (IST)

ਦਿੱਲੀ ਚੋਣਾਂ ਦਾ ਪੰਜਾਬ 'ਤੇ ਪਰਛਾਵਾਂ ਪੈਣ ਦੇ ਆਸਾਰ, 'ਚਾਚਾ-ਭਤੀਜਾ' ਬੇਚੈਨ

ਲੁਧਿਆਣਾ, (ਮੁੱਲਾਂਪੁਰੀ)— ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਪਣੀ ਸਥਿਤੀ ਸਪੱਸ਼ਟ ਕਰ ਦੇਣਗੇ ਕਿ ਕੌਣ ਕਿੰਨੇ ਪਾਣੀ 'ਚ ਰਿਹਾ ਤੇ ਕਿਸ ਦਲ ਦੀ ਸਰਕਾਰ ਬਣੇਗੀ। ਭਾਵੇਂ ਪਿਛਲੇ ਸਮੇਂ ਤੋਂ ਦੇਸ਼ ਦਾ ਮੀਡੀਆ ਦਿੱਲੀ 'ਚ ਤੀਜੀ ਵਾਰ ਕੇਜਰੀਵਾਲ ਸਰਕਾਰ ਦੀ ਗੱਲ ਕਰਦਾ ਆ ਰਿਹਾ ਹੈ ਪਰ ਇਸ ਵਾਰ ਭਾਜਪਾ ਨੇ ਦਿੱਲੀ ਫਤਿਹ ਕਰਨ ਲਈ ਸਾਰੇ ਹਰਬੇ ਵਰਤੇ ਦੱਸੇ ਜਾ ਰਹੇ ਹਨ।


ਬਾਕੀ ਇਨ੍ਹਾਂ ਚੋਣ ਨਤੀਜਿਆਂ 'ਤੇ ਜਿਥੇ ਦੇਸ਼ ਭਰ ਦੇ ਲੋਕਾਂ ਦੀਆਂ ਨਜ਼ਰਾਂ ਹਨ, ਉਥੇ ਪੰਜਾਬੀ ਦਿੱਲੀ ਦੇ ਚੋਣ ਨਤੀਜੇ ਨੂੰ ਇੰਝ ਦੇਖ ਰਹੇ ਹਨ ਜਿਵੇਂ ਉਨ੍ਹਾਂ ਨੇ ਆਪਣੀ ਵੋਟ ਪਾਈ ਹੋਵੇ ਤਾਂ ਨਤੀਜੇ ਵੀ ਉਨ੍ਹਾਂ ਦੀ ਆਸ ਵਾਲੇ ਹੋਣ ਕਿਉਂਕਿ ਪੰਜਾਬ 'ਚ ਹੁਣ ਆਮ ਲੋਕ ਸੱਤਧਾਰੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਖਫਾ ਨਜ਼ਰ ਆਉਂਦੇ ਦਿਖਾਈ ਦੇ ਰਹੇ ਹਨ। ਇਸ ਦੇ ਕਾਰਣ ਭਾਵੇਂ ਕਈ ਹਨ ਪਰ ਕਾਂਗਰਸ 'ਤੇ ਦੋਸ਼ ਇਸ ਗੱਲ ਦਾ ਲਾਇਆ ਜਾ ਰਿਹਾ ਹੈ ਕਿ ਉਸ ਨੇ ਜੋ ਚੋਣਾਂ 'ਚ ਕਿਹਾ ਸੀ, ਉਨ੍ਹਾਂ 'ਤੇ ਅਮਲ ਨਹੀਂ ਕੀਤਾ, ਸਗੋਂ ਬਾਦਲਾਂ ਨਾਲ ਰਲ ਗਈ। ਭਾਵ ਚਾਚਾ-ਭਤੀਜਾ ਇਕੱਠੇ ਹੋ ਗਏ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਅਤੇ ਪੰਥਕ ਹਲਕੇ ਇਸ ਕਰ ਕੇ ਖਫਾ ਦੱਸੇ ਜਾ ਰਹੇ ਹਨ ਕਿ ਬਰਗਾੜੀ ਕਾਂਡ ਉਨ੍ਹਾਂ ਦੇ ਰਾਜ ਦੌਰਾਨ ਹੋਇਆ ਤੇ ਸਹੀ ਦੋਸ਼ੀ ਫੜੇ ਨਹੀਂ ਗਏ, ਸਗੋਂ ਸਿਰਸਾ ਸਾਧ ਨੂੰ ਉਲਟਾ ਮੁਆਫੀ ਦੇ ਦਿੱਤੀ ਤੇ ਹੁਣ ਤਾਂ ਅਕਾਲੀ ਦਲ 'ਚੋਂ ਬਾਗੀ ਹੋ ਕੇ ਸ. ਢੀਂਡਸਾ, ਬ੍ਰਹਮਪੁਰਾ, ਸੇਖਵਾਂ ਵਰਗੇ ਨੇਤਾ ਵੀ ਦੋਸ਼ ਲਾ ਗਏ ਕਿ ਅਕਾਲੀ-ਕੈਪਟਨ ਸਰਕਾਰ ਨਾਲ ਰਲੇ ਹੋਏ ਹਨ ਜਿਸ ਕਰ ਕੇ ਪੰਜਾਬੀ ਤੇ ਆਮ ਲੋਕ ਦਿੱਲੀ ਦੇ ਚੋਣ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜੇਕਰ ਦਿੱਲੀ 'ਚ ਮੁੜ 'ਆਪ' ਆ ਗਈ ਤਾਂ ਇਸ ਦਾ ਅਸਰ ਪੰਜਾਬ ਦੇ ਲੋਕਾਂ 'ਤੇ ਸਿੱਧਾ ਪਵੇਗਾ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਖਫਾ ਹਨ ਪਰ ਉਹ ਅਕਾਲੀਆਂ ਦੀ ਗੱਡੀ ਨਹੀਂ ਚੜ੍ਹ ਰਹੇ। ਉਹ ਨਵੀਂ ਗੱਡੀ ਦੀ ਉਡੀਕ 'ਚ ਹਨ। ਇਸ ਲਈ 2022 'ਚ ਕੀ ਹੋਵੇਗਾ ਤੇ ਪੰਜਾਬ 'ਚ ਚਾਚਾ ਤੇ ਭਤੀਜਾ ਕਿਥੇ ਖੜ੍ਹੇ ਹਨ, ਇਹ ਸਭ ਕੁਝ ਅੱਜ ਦੇ ਚੋਣ ਨਤੀਜੇ ਦੱਸ ਦੇਣਗੇ।


Related News