ਐਂਟੀ-ਕੁਰੱਪਸ਼ਨ ਐਸੋਸੀਏਸ਼ਨ ਦਾ ਵਫਦ ਵਿਧਾਇਕ ਖਹਿਰਾ ਨੂੰ ਮਿਲਿਆ
Saturday, Feb 24, 2018 - 07:22 AM (IST)

ਨਡਾਲਾ, (ਸ਼ਰਮਾ)- ਐਂਟੀ-ਕੁਰੱਪਸ਼ਨ ਐਸੋਸੀਏਸ਼ਨ ਆਫ ਇੰਡੀਆ ਦਾ ਇਕ ਵਫਦ ਪ੍ਰਧਾਨ ਮਨਜਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਨਡਾਲੇ ਵਾਸੀਆਂ ਦੀਆਂ ਮੁਸ਼ਕਿਲਾਂ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਮਿਲਿਆ। ਇਸ ਸਮੇਂ ਵਫਦ ਵੱਲੋਂ ਆਪਣੀਆਂ ਮੁਸ਼ਕਿਲਾਂ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਂ ਸੁਖਪਾਲ ਸਿੰਘ ਖਹਿਰਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ।
ਇਸ ਦੌਰਾਨ ਪ੍ਰਧਾਨ ਮਨਜਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਕਸਬਾ ਨਡਾਲਾ ਪਿਛਲੇ ਕਾਫੀ ਅਰਸੇ ਤੋਂ ਲੋਕਾਂ ਦੀਆਂ ਨਿੱਜੀ ਲੋੜਾਂ ਦੀ ਪੂਰਤੀ ਤੇ ਕਈ ਹੋਰ ਸਮੱਸਿਆਵਾਂ ਤੋਂ ਜੂਝ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਡਾਲੇ ਦੇ ਬੰਦ ਪਏ ਹਸਪਤਾਲ ਨੂੰ ਮੁੜ ਚਾਲੂ ਕਰਵਾਇਆ ਜਾਵੇ, ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਸਿਸਟਮ ਚਾਲੂ ਕਰਵਾਇਆ ਜਾਵੇ, ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਮੁਹੱਈਆ ਕਰਨ ਲਈ ਢੁਕਵੇਂ ਪ੍ਰਬੰਧ ਅਤੇ ਨੌਜਵਾਨਾਂ ਨੂੰ ਨਸ਼ੇ 'ਚ ਧੱਕਣ ਵਾਲੇ ਨਸ਼ਿਆਂ ਦੇ ਸੌਦਾਗਰਾਂ 'ਤੇ ਨਕੇਲ ਕੱਸੀ ਜਾਵੇ। ਇਸ ਤੋਂ ਇਲਾਵਾ ਇਲਾਕੇ 'ਚ ਵੱਧ ਰਹੀਆਂ ਚੋਰੀਆਂ 'ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਨਡਾਲੇ ਵਿਚ ਪੁਲਸ ਨਫਰੀ ਵੀ ਵਧਾਈ ਜਾਵੇ। ਜਿਸ 'ਤੇ ਖਹਿਰਾ ਨੇ ਐਂਟੀ- ਕੁਰੱਪਸ਼ਨ ਦੇ ਵਫਦ ਨੂੰ ਵਿਸ਼ਵਾਸ ਦਿਵਾਉਂਦਿਆਂ ਆਖਿਆ ਕਿ ਉਹ ਇਨ੍ਹਾਂ ਮੰਗਾਂ ਨੂੰ ਜਲਦ ਹੀ ਨਵਜੋਤ ਸਿੰਘ ਸਿੱਧੂ ਕੋਲ ਪੁਜਦਾ ਕਰ ਦੇਣਗੇ ਅਤੇ ਪਹਿਲ ਦੇ ਆਧਾਰ 'ਤੇ ਇਸਦਾ ਜਲਦ ਹੀ ਹੱਲ ਕੱਢਿਆ ਜਾਵੇਗਾ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਫੁੱਲ, ਸੈਕਟਰੀ ਸੰਦੀਪ ਕੁਮਾਰ, ਸਤਪਾਲ ਸਿੱਧੂ, ਨਵੀਨ ਸ਼ਰਮਾ, ਅਮਨਦੀਪ, ਜੋਗਿੰਦਰ ਸਿੰਘ ਬਸਰਾ, ਰਾਮ ਨਰੇਸ਼, ਕਾਕੂ ਅਤੇ ਹੋਰ ਹਾਜ਼ਰ ਸਨ।