12 ਸਾਲ ਪੁਰਾਣੇ ਮਾਣਹਾਨੀ ਦੇ ਕੇਸ ਵਿਚ 1 ਸਾਲ ਦੀ ਸਜ਼ਾ
Saturday, Mar 22, 2025 - 03:03 PM (IST)

ਬਠਿੰਡਾ (ਵਰਮਾ) : 12 ਸਾਲ ਪੁਰਾਣੇ ਮਾਣਹਾਨੀ ਮਾਮਲੇ ‘ਚ ਸਥਾਨਕ ਅਦਾਲਤ ਨੇ ਖੁਦ ਨੂੰ ਹਿਊਮਨ ਰਾਈਟਸ ਕੌਂਸਲ ਦਾ ਮੁਖੀ ਹੋਣ ਦਾ ਦਾਅਵਾ ਕਰਨ ਵਾਲੇ ਮੱਖਣ ਸਿੰਘ ਭਾਈਕਾ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਐੱਨ.ਕੇ ਜੀਤ ਅਤੇ ਐਡਵੋਕੇਟ ਸੁਦੀਪ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਭਾਈਕਾ ਵਲੋਂ ਕਥਿਤ ਤੌਰ ‘ਤੇ ਸਾਲ 2013 ਵਿਚ ਆਈਟੀਆਈ ਬਠਿੰਡਾ ਦੇ ਇੰਸਟਰਕਟਰਜ਼ ਅਤੇ ਵਕੀਲ ਰਜਨੀਸ਼ ਕੁਮਾਰ ਰਾਣਾ ਖ਼ਿਲਾਫ ਬੱਜਰ ਸ਼ਬਦਾਵਲੀ ਵਰਤਦਿਆਂ ਪੁਲਸ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆ ਸਨ। ਇਨ੍ਹਾਂ ਦਰਖਾਸਤਾਂ ਵਿਚ ਲਗਾਏ ਦੋਸ਼ਾਂ ਕਾਰਨ ਆਈਟੀਆਈ ਸਿਖਿਆਰਥੀਆਂ, ਮਾਪਿਆਂ, ਸਟਾਫ ਅਤੇ ਹੋਰ ਲੋਕਾਂ ਨੂੰ ਸ਼ਾਮਲ ਤਫਤੀਸ਼ ਕਰਕੇ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਇਨਕੁਆਰੀਆਂ ਕੀਤੀਆਂ ਗਈਆਂ ਸਨ ਜਿਸ ਵਿਚ ਇਨ੍ਹਾਂ ਦਰਖਾਸਤਾਂ ਵਿਚ ਲਗਾਏ ਦੋਸ਼ ਝੂਠੇ ਪਾਏ ਗਏ ਸਨ।
ਇਸ ਮਾਮਲੇ ਨਾਲ ਸਬੰਧਤ ਮਾਣਹਾਨੀ ਕੇਸ ਵਿਚ ਦੋਸ਼ੀ ਧਿਰ ਨੇ ਇਹ ਦਰਖਾਸਤਾਂ ਉਸ ਵਲੋਂ ਨਾ ਦਿਤੇ ਜਾਣ ਦਾ ਸਟੈਂਡ ਲਿਆ। ਮੁਦੱਈ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੁਡੀਸ਼ੀਅਲ ਮੈਜੇਸਟ੍ਰੇਟ ਫਸਟ ਕਲਾਸ ਬਠਿੰਡਾ ਦੀ ਅਦਾਲਤ ਨੇ ਫੈਸਲਾ ਦਿੱਤਾ ਦਰਖਾਸਤ ਮੱਖਣ ਸਿੰਘ ਭਾਈਕਾ ਵਲੋਂ ਹੀ ਦਿੱਤੀ ਗਈ ਸੀ। ਇਸ ਤੋਂ ਬਾਅਦ ਅਦਾਲਤ ਵਲੋਂ ਮੁਲਜ਼ਮ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਮਾਣਹਾਨੀ ਦਾ ਦੋਸ਼ੀ ਪਾਇਆ ਗਿਆ।