ਦੀਪਾਂਸ਼-ਸਿਮਰਨ ਹੱਤਿਆਕਾਂਡ : ਮੁਲਜ਼ਮ ਸਵੀਟੀ ਚੜ੍ਹਿਆ ਪੁਲਸ ਹੱਥੇ
Friday, Jun 09, 2017 - 08:39 AM (IST)
ਜਲੰਧਰ, (ਪ੍ਰੀਤ)- ਬਸਤੀਆਂ ਇਲਾਕੇ ਦੇ ਸਨਸਨੀਖੇਜ਼ ਦੀਪਾਂਸ਼-ਸਿਮਰਨ ਹੱਤਿਆਕਾਂਡ ਵਿਚ ਨਾਮਜ਼ਦ ਤੇ ਫਰਾਰ ਮੁਲਜ਼ਮ ਸਵੀਟੀ ਨੂੰ ਅੱਜ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਮੁਲਜ਼ਮ ਸਵੀਟੀ ਪਿਛਲੇ ਕਰੀਬ ਦੋ ਸਾਲ ਤੋਂ ਫਰਾਰ ਚੱਲ ਰਿਹਾ ਸੀ। ਪਤਾ ਲੱਗਾ ਹੈ ਕਿ ਸਵੀਟੀ ਨੂੰ ਥਾਣਾ ਨੰਬਰ 5 ਦੀ ਪੁਲਸ ਨੇ ਉਜਾਲਾ ਨਗਰ ਇਲਾਕੇ ਵਿਚੋਂ ਹਿਰਾਸਤ ਵਿਚ ਲਿਆ ਹੈ। ਸਵੀਟੀ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਅਧਿਕਾਰੀਆਂ ਨੇ ਕੀਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ 'ਤੇ ਸਵੇਰੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਥਾਣਾ ਨੰਬਰ 5 ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਡਬਲ ਮਰਡਰ ਵਾਰਦਾਤ ਵਿਚ ਨਾਮਜ਼ਦ ਸਵੀਟੀ ਅੱਜ ਇਲਾਕੇ ਵਿਚ ਹੈ। ਸੂਚਨਾ ਮਿਲਣ 'ਤੇ ਪੁਲਸ ਟੀਮ ਨੇ ਉਜਾਲਾ ਨਗਰ ਇਲਾਕੇ ਵਿਚ ਰੇਡ ਕਰਕੇ ਸਵੀਟੀ ਨੂੰ ਕਾਬੂ ਕਰ ਲਿਆ। ਸਵੀਟੀ ਦੇ ਪੁਲਸ ਹਿਰਾਸਤ ਵਿਚ ਆਉਂਦਿਆਂ ਹੀ ਇਲਾਕੇ ਦੇ ਕੁਝ ਰਾਜਨੀਤਕ ਆਗੂ ਫਿਰ ਤੋਂ ਸਰਗਰਮ ਹੋ ਗਏ ਪਰ ਖਬਰ ਲੀਕ ਹੋ ਜਾਣ ਕਾਰਨ ਸਵੀਟੀ ਪੁਲਸ ਦੇ ਚੁੰਗਲ 'ਚੋਂ ਛੁਟ ਨਹੀਂ ਸਕਿਆ।
ਦੇਰ ਸ਼ਾਮ ਸਾਰੇ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਚੁੱਪ ਧਾਰੀ ਰੱਖੀ। ਦੇਰ ਸ਼ਾਮ ਪੁਲਸ ਅਧਿਕਾਰੀਆਂ ਵਲੋਂ ਸਵੀਟੀ ਨੂੰ ਕਾਬੂ ਕਰਨ ਦੀ ਪੁਸ਼ਟੀ ਕਰ ਦਿੱਤੀ ਗਈ। ਨਾਲ ਹੀ ਸਪੱਸ਼ਟ ਕਰ ਦਿੱਤਾ ਗਿਆ ਕਿ ਸਵੀਟੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੰਭਾਵਨਾ ਹੈ ਕਿ ਸਵੀਟੀ ਫਰਾਰ ਹੋਣ ਦੌਰਾਨ ਕਈ ਵੱਡੇ ਅਪਰਾਧੀਆਂ ਦੇ ਸੰਪਰਕ ਵਿਚ ਰਿਹਾ ਹੈ। ਇਸ ਲਈ ਡਬਲ ਮਰਡਰ ਦੇ ਨਾਲ-ਨਾਲ ਹੋਰ ਅਪਰਾਧੀਆਂ ਸੰਬੰਧੀ ਪੁੱਛਗਿੱਛ ਜਾਰੀ ਹੈ। ਏ. ਡੀ. ਸੀ. ਪੀ. ਸਿਟੀ 2 ਵਲੋਂ ਵਟਸਐਪ ਗਰੁੱਪ ਵਿਚ ਮੈਸੇਜ ਸੈਂਡ ਕੀਤਾ ਗਿਆ ਕਿ ਡਬਲ ਮਰਡਰ ਸੰੰਬੰਧੀ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਜਾਵੇਗੀ।
ਡਬਲ ਮਰਡਰ ਤੋਂ ਬਾਅਦ ਵੀ ਲਿਆ ਸੀ ਪੁਲਸ ਨੇ ਹਿਰਾਸਤ 'ਚ- ਜਦੋਂ ਦੀਪਾਂਸ਼ ਸਿਮਰਨ ਹੱਤਿਆਕਾਂਡ ਦੀ ਸਨਸਨੀਖੇਜ਼ ਵਾਰਦਾਤ ਹੋਈ ਤਾਂ ਸਾਰੇ ਮੁਲਜ਼ਮ ਫਰਾਰ ਚੱਲ ਰਹੇ ਸਨ। ਪੁਲਸ ਨੇ ਪੁੱਛਗਿੱਛ ਲਈ ਉਸ ਵੇਲੇ ਵੀ ਸਵੀਟੀ ਨੂੰ ਹਿਰਾਸਤ ਵਿਚ ਲਿਆ ਸੀ ਪਰ ਸਿਆਸੀ ਦਬਾਅ ਕਾਰਨ ਪੁਲਸ ਨੇ ਸਵੀਟੀ ਨੂੰ ਛੱਡ ਦਿੱਤਾ। ਚਰਚਾ ਇਹ ਵੀ ਰਹੀ ਕਿ ਅਕਸਰ ਅਪਰਾਧੀਆਂ ਦੀ ਮਦਦ ਕਰਨ ਦਾ ਦੋਸ਼ ਝੱਲਣ ਵਾਲੇ ਭਾਜਪਾ ਆਗੂ ਦੇ ਕਥਿਤ ਰਿਸ਼ਤੇਦਾਰ ਨੇ ਵੀ ਸਵੀਟੀ ਦੀ ਮਦਦ ਕੀਤੀ ਸੀ। ਪਤਾ ਲੱਗਾ ਹੈ ਕਿ ਸਵੀਟੀ 'ਤੇ ਹੋਰ ਵੀ ਕਈ ਕੇਸ ਦਰਜ ਹਨ।
ਇਹ ਹੈ ਮਾਮਲਾ- ਜ਼ਿਕਰਯੋਗ ਹੈ ਕਿ ਮਈ 2012 ਵਿਚ ਹੋਏ ਪ੍ਰਿੰਸ ਹੱਤਿਆਕਾਂਡ ਦੀ ਪੈਰਵਾਈ ਕਰ ਰਹੇ ਦੀਪਾਂਸ਼-ਸਿਮਰਨ ਨੂੰ 26 ਫਰਵਰੀ 2014 ਨੂੰ ਤੜਕਸਾਰ ਪ੍ਰਿੰਸ ਹੱਤਿਆਕਾਂਡ ਦੇ ਹੀ ਮੁੱਖ ਦੋਸ਼ੀ ਦਲਜੀਤ ਭਾਨਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਜਾ ਗਾਰਡਨ ਐਕਸਟੈਂਸ਼ਨ ਵਿਚ ਇਕ ਜਿਮ ਦੇ ਬਾਹਰ ਕਤਲ ਕਰ ਦਿੱਤਾ ਸੀ, ਜਦੋਂਕਿ ਇਕ ਨੌਜਵਾਨ ਰਣਧੀਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਵਾਰਦਾਤ ਤੋਂ ਬਾਅਦ ਪੁਲਸ ਨੇ ਦਲਜੀਤ ਭਾਨਾ ਤੇ ਉਸਦੇ ਸਾਥੀ ਗੁਰਪ੍ਰੀਤ ਗੋਪੀ, ਯੁਧਵੀਰ ਸਿੰਘ, ਕੁਲਦੀਪ ਸਿੰਘ ਸੋਨੀ, ਰਣਵੀਰ ਸੰਧੂ, ਬਾਬਾ ਗੁਰਬਾਜ ਸਿੰਘ ਤੇ ਹੋਰਨਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਪਰ ਸਾਰੇ ਮੁਲਜ਼ਮ ਫਰਾਰ ਸਨ। ਅਪ੍ਰੈਲ 2015 ਵਿਚ ਦਲਜੀਤ ਭਾਨਾ ਤੇ ਉਸਦੇ ਸਾਥੀ ਪਟਿਆਲਾ ਵਿਚ ਗ੍ਰਿਫਤਾਰ ਹੋਏ ਤਾਂ ਕਮਿਸ਼ਨਰੇਟ ਪੁਲਸ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜਲੰਧਰ ਲਿਆਈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਸਨਸਨੀਖੇਜ਼ ਡਬਲ ਮਰਡਰ ਨੂੰ ਅੰਜਾਮ ਦੇਣ ਲਈ ਸਵੀਟੀ, ਗੋਨਾ, ਰਾਜਾ ਪਹਾੜੀਆ, ਸਤੀਸ਼, ਅੰਮ੍ਰਿਤਪਾਲ ਸਿੰਘ ਚੀਮਾ ਨੇ ਮੁਲਜ਼ਮਾਂ ਦੀ ਮਦਦ ਕੀਤੀ। ਪੁਲਸ ਪੁਛਗਿੱਛ ਵਿਚ ਭਾਨਾ ਨੇ ਦੱਸਿਆ ਕਿ ਸਵੀਟੀ ਨੇ ਦੀਪਾਂਸ਼-ਸਿਮਰਨ ਦੀ ਹੱਤਿਆ ਲਈ ਇਲਾਕੇ ਦੀ ਰੇਕੀ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਸਵੀਟੀ ਤੇ ਹੋਰ ਲੋਕਾਂ ਨੂੰ ਹੱਤਿਆ ਦੀ ਸਾਜ਼ਿਸ਼ ਅਧੀਨ ਨਾਮਜ਼ਦ ਕਰ ਲਿਆ। ਸਵੀਟੀ ਤੇ ਹੋਰ ਫਰਾਰ ਚੱਲ ਰਹੇ ਸਨ।
