ਪੰਜਾਬ ਦੀ ਪਹਿਲੀ ਹਾਈਟੈੱਕ ਮਾਡਲ ਫਰੂਟ ਨਰਸਰੀ ਕਿਸਾਨਾਂ ਨੂੰ ਸਮਰਪਿਤ

01/20/2018 4:05:33 AM

ਪਟਿਆਲਾ (ਜ. ਬ., ਰਾਣਾ) - ਕਿਸਾਨਾਂ ਨੂੰ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਬਾਗਬਾਨੀ ਲਈ ਉਤਸ਼ਾਹਿਤ ਕਰ ਕੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਵਧੀਆ ਨਸਲ ਦੇ ਬੀਮਾਰੀ ਰਹਿਤ ਫ਼ਲਦਾਰ ਬੂਟੇ ਪ੍ਰਦਾਨ ਕਰਨ ਲਈ ਪਟਿਆਲਾ ਵਿਖੇ ਪੰਜਾਬ ਦੀ ਪਹਿਲੀ ਸਰਕਾਰੀ ਹਾਈਟੈੱਕ ਮਾਡਲ ਫਰੂਟ ਨਰਸਰੀ ਸ਼ੁਰੂ ਹੋ ਗਈ ਹੈ। ਬਾਰਾਂਦਰੀ ਬਾਗ ਵਿਖੇ ਪੌਣੇ ਪੰਜ ਏਕੜ ਰਕਬੇ ਵਿਚ ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਕੌਮੀ ਬਾਗਬਾਨੀ ਮਿਸ਼ਨ ਤਹਿਤ ਤਿਆਰ ਇਸ ਪ੍ਰਾਜੈਕਟ ਨੂੰ ਪੰਜਾਬ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਸੂਬੇ ਦੇ ਕਿਸਾਨਾਂ ਲਈ ਸਮਰਪਿਤ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਦੇਸੀ ਜੜ੍ਹੀ-ਬੂਟੀਆਂ ਸਮੇਤ ਫ਼ਲਾਂ ਦੀ ਪੌਸ਼ਟਿਕ ਬਗੀਚੀ ਵੀ ਬਣਾਈ ਗਈ ਹੈ। ਇਸ ਰਾਹੀਂ ਕਿਸਾਨਾਂ ਸਮੇਤ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਬੂਟਿਆਂ ਦੀ ਪੌਸ਼ਟਿਕ ਗੁਣਵੱਤਾ ਅਤੇ ਦਵਾਈਆਂ ਵਾਲੇ ਗੁਣਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਬੂਟੇ ਮੁਹੱਈਆ ਹੋਣਗੇ।  ਇਸ ਦੌਰਾਨ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਇੱਥੇ 1.25 ਕਨਾਲ ਦੀ ਹਰਬਲ ਬਗੀਚੀ 'ਚ 3 ਦਰਜਨ ਤੋਂ ਵਧ ਜੜ੍ਹੀ-ਬੂਟੀਆਂ ਵਾਲੇ ਬੂਟੇ ਤੇ 1.25 ਕਨਾਲ 'ਚ ਪੌਸ਼ਟਿਕ ਫ਼ਲਾਂ ਦੀ ਬਗੀਚੀ ਬਣਾਈ ਗਈ ਹੈ। ਇਸ ਵਿਚ 21 ਤਰ੍ਹਾਂ ਦੇ ਫ਼ਲਦਾਰ ਬੂਟੇ ਲਾਏ ਜਾ ਰਹੇ ਹਨ, ਜੋ ਕਿ ਇਕ ਔਸਤ ਪਰਿਵਾਰ ਨੂੰ ਸਾਰਾ ਸਾਲ ਪੌਸ਼ਟਿਕ ਫ਼ਲ ਮੁਹੱਈਆ ਕਰਵਾ ਸਕਦੀ ਹੈ, ਵੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ 'ਚ ਹਰ ਬੂਟੇ ਨੂੰ ਖਾਦ ਤੇ ਪਾਣੀ ਵੱਖੋ-ਵੱਖ ਦਿੱਤਾ ਜਾਂਦਾ ਹੈ, ਜਿਸ ਨਾਲ ਪਾਣੀ ਦੀ ਦੁਰਵਰਤੋਂ ਨਹੀਂ ਹੁੰਦੀ। ਨਰਸਰੀ ਦੇ ਉਦਘਾਟਨ ਮੌਕੇ ਬਾਗਬਾਨੀ ਦੇ ਸੰਯੁਕਤ ਡਾਇਰੈਕਟਰ ਡਾ. ਗੁਰਕੇਵਲ ਸਿੰਘ, ਡਿਪਟੀ ਡਾਇਰੈਕਟਰ ਡਾ. ਗੁਲਾਬ ਸਿੰਘ ਗਿੱਲ, ਡਾ. ਕਰਨੈਲ ਸਿੰਘ, ਹਾਈਟੈੱਕ ਮਾਡਲ ਨਰਸਰੀ ਦੇ ਇੰਚਾਰਜ ਹਰਿੰਦਰਪਾਲ ਸਿੰਘ ਸਮੇਤ ਡਾ. ਕੁਲਵਿੰਦਰ ਸਿੰਘ ਤੇ ਬਾਗਬਾਨੀ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਕਿਸਾਨਾਂ ਨੂੰ ਮਿਲਣਗੇ ਚੰਗੀ ਨਸਲ ਦੇ ਬੂਟੇ
ਬਾਗਬਾਨੀ ਡਾਇਰੈਕਟਰ ਡਾ. ਔਲਖ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਦੀ ਤਰਜ਼ੀਹ ਹੈ ਕਿ ਸੂਬੇ ਵਿਚ ਕਣਕ-ਝੋਨੇ ਹੇਠੋਂ ਰਕਬਾ ਘਟਾ ਕੇ ਫਲ, ਸਬਜ਼ੀਆਂ ਅਤੇ ਬਾਗਬਾਨੀ ਹੇਠ ਲਿਆਂਦਾ ਜਾਵੇ। ਇਸੇ ਲਈ ਕਿਸਾਨਾਂ ਨੂੰ ਚੰਗੀ ਨਸਲ ਦੇ ਬੂਟੇ ਪ੍ਰਦਾਨ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਤਹਿਤ ਅਜਿਹੀਆਂ ਨਰਸਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਂਝ ਭਾਵੇਂ ਬਾਗਬਾਨੀ ਵਿਭਾਗ ਦੇ ਸੈਂਟਰ ਫਾਰ ਐਕਸੀਲੈਂਸ ਸਮੇਤ 23 ਹੋਰ ਨਰਸਰੀਆਂ ਵੀ ਹਨ ਪਰ ਇਹ ਮਿਸ਼ਨ ਦੇ ਸਲਾਹਕਾਰ ਡਾ. ਸੁਭਾਸ਼ ਚੰਦਰ ਖੁਰਾਣਾ ਦੀ ਦੇਖ-ਰੇਖ ਹੇਠ ਤਿਆਰ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਸਰਕਾਰੀ ਨਰਸਰੀ ਹੈ। ਇਸੇ ਤਰ੍ਹਾਂ ਦੀ ਇਕ ਹੋਰ ਹਾਈਟੈੱਕ ਮਾਡਲ ਨਰਸਰੀ ਜਲੰਧਰ ਵਿਖੇ ਵੀ ਕਿਸਾਨਾਂ ਨੂੰ ਸਮਰਪਿਤ ਕਰਨ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਪੱਥਰ ਨਾਗ (ਨਾਸ਼ਪਤੀ) ਦੇ ਬੂਟਿਆਂ ਦੀ ਮੰਗ ਪੂਰੀ ਨਹੀਂ ਸੀ ਹੋ ਸਕੀ। ਇਸ ਲਈ ਬਾਗਬਾਨੀ ਵਿਭਾਗ ਅਜਿਹੀਆਂ ਨਰਸਰੀਆਂ 'ਚ ਬੀਮਾਰੀ ਰਹਿਤ ਪੌਲੀਬੈਗ 'ਚ ਲਾਏ ਕਰੀਬ 3 ਲੱਖ ਬੂਟੇ ਤਿਆਰ ਕਰ ਰਿਹਾ ਹੈ।
ਅੰਬ, ਅਮਰੂਦ, ਨਿੰਬੂ, ਕਿੰਨੂ ਤੇ ਮਾਲਟਾ ਦੇ 30 ਹਜ਼ਾਰ ਬੂਟੇ ਹੋਣਗੇ ਤਿਆਰ
ਇਥੇ ਪਿਓਂਦੀ ਅੰਬ ਸਮੇਤ ਅਮਰੂਦ, ਨਿੰਬੂ, ਕਿੰਨੂ, ਮਾਲਟਾ, ਅੰਜੀਰ, ਆਂਵਲਾ, ਜਾਮਣ, ਬਿੱਲ, ਅਨਾਰ, ਕਠਹਲ, ਕਰੌਂਦਾ ਦੇ ਸਾਲਾਨਾ 30 ਹਜ਼ਾਰ ਬੂਟੇ ਤਿਆਰ ਕਰ ਕੇ ਪੂਰੇ ਰਾਜ ਦੇ ਵੱਖ-ਵੱਖ ਇਲਾਕਿਆਂ, ਮਾਲਵਾ ਬੈਲਟ, ਚੰਡੀਗੜ੍ਹ ਤੋਂ ਅਬੋਹਰ ਤੱਕ ਅਤੇ ਨੀਮ ਪਹਾੜੀ ਇਲਾਕੇ, ਰਾਜਸਥਾਨ ਦੀ ਹੱਦ ਨਾਲ ਲੱਗਦੇ ਇਲਾਕਿਆਂ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇੱਥੇ ਨੈੱਟ ਹਾਊਸ, ਸਕਰੀਨ ਹਾਊਸ, ਸ਼ੈੱਡ ਨੈੱਟ ਅਤੇ ਸਾਰੀ ਨਰਸਰੀ ਦੁਆਲੇ ਕੰਡਿਆਲੀ ਤਾਰ ਲਾਈ ਗਈ ਹੈ। ਡਾ. ਔਲਖ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿਸਾਨ ਬਾਗਬਾਨੀ ਲਈ ਸਿਖਲਾਈ ਲੈ ਕੇ ਕੰਮ ਕਰਨ, ਆਪਣੀ ਆਮਦਨ ਦੁੱਗਣੀ ਕਰਨ ਪਰ ਵਿਭਾਗ ਦੀ ਸਰਟੀਫਾਈਡ ਨਰਸਰੀ ਤੋਂ ਹੀ ਬੀਮਾਰੀ ਰਹਿਤ ਬੂਟੇ ਪ੍ਰਾਪਤ ਕਰਨ। ਕਿਸਾਨਾਂ ਦੀ ਬਾਗਬਾਨੀ ਦੀ ਉਪਜ ਦੀ ਮਾਰਕੀਟਿੰਗ ਲਈ ਮਾਰਕੀਟਿੰਗ ਵਿੰਗ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਲਈ 91 ਆਸਾਮੀਆਂ ਭਰਨ ਲਈ ਪ੍ਰਵਾਨਗੀ ਮੰਗੀ ਗਈ ਹੈ, ਜੋ ਕਿ ਪੰਜਾਬ ਐਗਰੋ, ਮਾਰਕਫੈੱਡ ਨਾਲ ਮਿਲ ਕੇ ਕੰਮ ਕਰੇਗਾ। ਇਸ ਤੋਂ ਬਿਨਾਂ 170 ਅਸਾਮੀਆਂ ਬੇਲਦਾਰਾਂ ਦੀਆਂ ਵੀ ਭਰਨ ਦੀ ਪ੍ਰਵਾਨਗੀ ਮੰਗੀ ਗਈ ਹੈ।


Related News