ਤਾਪਮਾਨ ''ਚ ਆਈ ਗਿਰਾਵਟ, ਸੁੱਕੀ ਠੰਡ ਤੋਂ ਮਿਲੀ ਰਾਹਤ

Tuesday, Dec 12, 2017 - 07:45 AM (IST)

ਤਾਪਮਾਨ ''ਚ ਆਈ ਗਿਰਾਵਟ, ਸੁੱਕੀ ਠੰਡ ਤੋਂ ਮਿਲੀ ਰਾਹਤ

ਸੁਲਤਾਨਪੁਰ ਲੋਧੀ/ਕਪੂਰਥਲਾ, (ਧੀਰ, ਮਲਹੋਤਰਾ)- ਸਵੇਰੇ ਤੜਕਸਾਰ ਤੋਂ ਰੁਕ-ਰੁਕ ਕੇ ਪੈ ਰਹੇ ਸਾਰਾ ਦਿਨ ਮੀਂਹ ਨੇ ਜਿਥੇ ਸਰਦੀ ਦੇ ਮੌਸਮ ਦਾ ਪਹਿਲੇ ਦਿਨ ਅਹਿਸਾਸ ਕਰਵਾਇਆ ਉਥੇ ਲੋਕਾਂ ਨੂੰ ਘਰਾਂ 'ਚ ਹੀ ਦੁਬਕੇ ਰਹਿਣ ਲਈ ਮਜਬੂਰ ਕਰ ਦਿੱਤਾ। ਮੈਦਾਨੀ ਖੇਤਰ 'ਚ ਹੋਈ ਮੌਸਮ ਦੀ ਪਹਿਲੀ ਬਾਰਿਸ਼ ਤੇ ਪਹਾੜਾਂ 'ਚ ਪਈ ਬਰਫਬਾਰੀ ਨੇ ਤਾਪਮਾਨ 'ਚ ਵੀ ਕਾਫੀ ਗਿਰਾਵਟ ਲਿਆਂਦੀ। ਸਵੇਰ ਤੋਂ ਹੀ ਰੁਕ-ਰੁਕ ਕੇ ਪਏ ਮੀਂਹ ਨੇ ਜਨ ਜੀਵਨ ਵੀ ਅਸਤ ਵਿਅਸਤ ਕਰ ਦਿੱਤਾ। ਸਵੇਰੇ ਸਕੂਲ ਜਾਣ ਸਮੇਂ ਤੇ ਛੁੱਟੀ ਸਮੇਂ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਾਹਨਾਂ ਵਾਲੇ ਵੀ ਮੀਂਹ ਤੋਂ ਬਚਾਓ ਲਈ ਹੈੱਡ ਲਾਈਟਾਂ ਜਗਾ ਕੇ ਵਾਈਪਰ ਚਲਾਉਂਦੇ ਹੋਏ ਹੌਲੀ-ਹੌਲੀ ਆਪਣੀ ਮੰਜ਼ਿਲ ਵੱਲ ਵਧਦੇ ਨਜ਼ਰ ਆਏ। ਦੁਪਹੀਆ ਵਾਹਨਾਂ ਖਾਸ ਤੌਰ 'ਤੇ ਮੋਟਰਸਾਈਕਲ ਤੇ ਸਕੂਟਰੀ ਵਾਲਿਆਂ ਨੂੰ ਵਾਹਨ ਚਲਾਉਣ ਸਮੇਂ ਬਹੁਤ ਮੁਸ਼ਕਿਲ ਪੇਸ਼ ਆਈ। 
ਕਣਕ ਦੀ ਫਸਲ ਲਈ ਲਾਹੇਵੰਦ ਮੀਂਹ
ਖੇਤੀਬਾੜੀ ਮਾਹਿਰਾ ਅਨੁਸਾਰ ਅੱਜ ਪਿਆ ਮੀਂਹ ਕਣਕ ਦੀ ਫਸਲ ਲਈ ਵੀ ਲਾਹੇਵੰਦ ਹੈ। ਕਣਕ ਨੂੰ ਪਾਣੀ ਮਿਲ ਗਿਆ ਹੈ ਤੇ ਜ਼ਮੀਨ ਵੀ ਨਰਮ ਹੋ ਗਈ ਜਿਸ ਨਾਲ ਹੁਣ ਕਣਕ ਦੀ ਫਸਲ ਜਲਦੀ ਹੀ ਪੁੰਗਰ ਜਾਵੇਗੀ।
ਸੁੱਕੀ ਪੈ ਰਹੀ ਠੰਡ ਤੋਂ ਹੋਵੇਗਾ ਬਚਾਓ 
ਕਾਫੀ ਦਿਨਾਂ ਤੋਂ ਸਵੇਰੇ ਤੇ ਸ਼ਾਮ ਨੂੰ ਲੈ ਪੈ ਰਹੀ ਸੁੱਕੀ ਠੰਡ ਕਾਰਨ ਕਾਫੀ ਬੀਮਾਰੀਆਂ ਖਾਂਸੀ, ਜੁਕਾਮ, ਗਲਾ ਦਰਦ, ਪੇਟ ਦਰਦ ਆਦਿ ਲੱਗ ਰਹੀਆਂ ਹਨ। ਹੁਣ ਮੀਂਹ ਨਾਲ ਜਿਥੇ ਲੋਕਾਂ ਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲੇਗਾ ਉਥੇ ਹੁਣ ਹਸਪਤਾਲਾਂ ਦੇ ਚੱਕਰ ਵੀ ਨਹੀਂ ਲਗਾਉਣੇ ਪੈਣਗੇ।
ਹੌਜ਼ਰੀ ਤੇ ਮੂੰਗਫਲੀ ਵਿਕਰੇਤਾ 'ਚ ਛਾਈ ਖੁਸ਼ੀ 
ਮੀਂਹ ਪੈਣ ਦੇ ਨਾਲ ਠੰਡ 'ਚ ਇਜ਼ਾਫਾ ਹੋਣ 'ਤੇ ਜਿਥੇ ਹੌਜ਼ਰੀ ਨਿਰਮਾਤਾ ਤੇ ਗਾਰਮੈਂਟਸ ਵਪਾਰੀਆਂ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਦੌੜ ਗਈ ਉਥੇ ਸਰਦੀਆਂ 'ਚ ਗਰੀਬਾਂ ਦੇ ਲਈ ਬਦਾਮ ਦੇ ਨਾਂ ਨਾਲ ਮਸ਼ਹੂਰ ਮੂੰਗਫਲੀ ਵਿਕਰੇਤਾ ਦੇ ਚਿਹਰੇ 'ਤੇ ਵੀ ਰੌਣਕ ਪਰਤ ਆਈ। ਕਾਫੀ ਦਿਨਾਂ ਤੋਂ ਠੰਡ 'ਚ ਇਜ਼ਾਫਾ ਨਾ ਹੋਣ ਕਾਰਨ ਗਰਮ ਕੱਪੜਾ ਵਿਕਰੇਤਾ ਗਾਰਮੈਂਟਸ ਵਾਲਿਆਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਸਰਦੀ ਦੇ ਲਈ ਜਮ੍ਹਾ ਕੀਤੇ ਸਟਾਕ ਦੀ ਵਿਕਰੀ ਨਹੀਂ ਹੋ ਰਹੀ ਸੀ। ਹੁਣ ਮੀਂਹ ਦੇ ਨਾਲ ਠੰਡ 'ਚ ਇਜ਼ਾਫਾ ਹੋਣ 'ਤ ਸ਼ਾਲ, ਲੋਈ, ਜੈਕਟ, ਮਫਲਰ, ਦਸਤਾਨੇ ਦੀ ਮੰਗ 'ਚ ਵੀ ਵਾਧਾ ਹੋਵੇਗਾ। ਠੰਡ 'ਚ ਮੂੰਗਫਲੀ ਦੇ ਸੀਜ਼ਨ 'ਚ ਫਾਇਦਾ ਲੈਣ ਦੀ ਇੱਛਾ ਰੱਖਣ ਵਾਲੇ ਵਿਕਰੇਤਾ ਯਸ਼ ਸੇਠੀ ਨੇ ਦੱੱੱੱਸਿਆ ਕਿ ਜ਼ਿਆਦਾ ਸਰਦੀ ਪੈਣ 'ਤੇ ਹੀ ਮੂੰਗਫਲੀ ਦੀ ਡਿਮਾਂਡ ਵਧਦੀ ਹੈ ਪਰ ਦਿਨ ਵੇਲੇ ਤਾਪਮਾਨ ਠੀਕ ਹੋਣ ਕਾਰਨ ਧੰਦਾ ਕਾਫੀ ਮੰਦਾ ਪੈ ਗਿਆ ਸੀ ਹੁਣ ਮੀਂਹ ਦੇ ਨਾਲ ਠੰਡ ਵਧੇਗੀ ਤੇ ਮੂੰਗਫਲੀ ਦੀ ਜ਼ਿਆਦਾ ਵਿਕਰੀ ਦੀ ਆਸ ਹੋਵੇਗੀ।


Related News