ਦਰਜਾਚਾਰ ਕਰਮਚਾਰੀ ਯੂਨੀਅਨ ਵੱਲੋਂ ਧਰਨਾ ਲਾਉਣ ਦਾ ਐਲਾਨ

Tuesday, May 08, 2018 - 02:19 AM (IST)

ਦਰਜਾਚਾਰ ਕਰਮਚਾਰੀ ਯੂਨੀਅਨ ਵੱਲੋਂ ਧਰਨਾ ਲਾਉਣ ਦਾ ਐਲਾਨ

 ਮੋਗਾ,   (ਸੰਦੀਪ)-  ਜ਼ਿਲਾ ਪੱਧਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਤਾਇਨਾਤ ਬੱਚਿਆਂ ਦੇ ਮਾਹਿਰ ਡਾਕਟਰ ’ਤੇ ਇਸੇ ਵਾਰਡ ’ਚ ਤਾਇਨਾਤ ਦਰਜਾਚਾਰ ਕਰਮਚਾਰੀ ਨੇ ਕਥਿਤ ਤੌਰ ’ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਾਇਆ ਸੀ।  ਇਸ  ਸਬੰਧੀ ਉਸ ਵੱਲੋਂ  ਦਿ ਕਲਾਸ ਫੋਰ ਇੰਪਲਾਈਜ਼ ਯੂਨੀਅਨ ਸਿਹਤ ਵਿਭਾਗ ਜ਼ਿਲਾ ਮੋਗਾ ਦੇ ਪ੍ਰਧਾਨ ਚਮਨ ਲਾਲ ਸੰਗੇਲੀਆ ਨੂੰ ਲਿਖਤੀ ਤੌਰ ’ਤੇ ਜਾਣਕਾਰੀ ਦਿੱਤੀ  ਗਈ ਸੀ, ਜਿਸ ’ਤੇ ਯੂਨੀਅਨ ਵੱਲੋਂ ਸਿਵਲ ਹਸਪਤਾਲ ਦੇ ਐੱਸ. ਐੱਮ.  ਓ. ਡਾ. ਰਾਜੇਸ਼ ਅੱਤਰੀ ਨੂੰ ਵੀ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ  ਗਈ ਸੀ ਪਰ ਉਨ੍ਹਾਂ ਨੇ ਅਾਪਣੇ ਦਫਤਰ ਇਸ ਸ਼ਿਕਾਇਤ ਬਾਰੇ ਸੱਚਾਈ ਜਾਣਨ ਲਈ ਬੁਲਾਉਣ ’ਤੇ ਉਨ੍ਹਾਂ ਦੇ ਦਫਤਰ ਆਉਣ ਦੀ ਬਜਾਏ ਸਬੰਧਤ ਡਾਕਟਰ ਵੱਲੋਂ ਲਿਖਤੀ ਤੌਰ ’ਤੇ ਪੱਤਰ ਰਾਹੀਂ ਅਾਪਣੇ ’ਤੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਗਲਤ ਦੱਸਿਆ ਸੀ। 
ਯੂਨੀਅਨ ਵੱਲੋਂ ਇਸ  ਸਬੰਧੀ ਐੱਸ. ਐੱਮ. ਓ. ਨੂੰ ਕਹਿਣ ’ਤੇ ਉਨ੍ਹਾਂ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਬਾਰੇ ਲਿਖਤੀ ਤੌਰ ’ਤੇ ਸਿਵਲ ਸਰਜਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਸਬੰਧਤ ਡਾਕਟਰ ਨੇ ਉਸ ’ਤੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਬੇਬੁਨਿਆਦ ਦੱਸਿਆ ਹੈ। ਇਸ ਮਾਮਲੇ ਵਿਚ ਠੋਸ ਕਾਰਵਾਈ ਦੀ ਮੰਗ ਨੂੰ ਲੈ ਕੇ ਦਰਜਾਚਾਰ ਕਰਮਚਾਰੀ ਯੂਨੀਅਨ ਸਿਹਤ ਵਿਭਾਗ ਨੇ ਇਕ ਅਹਿਮ ਮੀਟਿੰਗ ਦੌਰਾਨ ਮੰਗਲਵਾਰ ਨੂੰ ਹਸਪਤਾਲ ਵਿਖੇ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ, ਜਿਸ ਦੀ ਜਾਣਕਾਰੀ ਪ੍ਰਧਾਨ ਚਮਨ ਲਾਲ ਸੰਗੇਲੀਆ ਨੇ ਦਿੱਤੀ ਹੈ। ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਹਨ ਪਰ ਇਸ ਵਿਚ ਸਬੰਧਤ ਡਾਕਟਰ ਦੇ ਸਹਿਯੋਗ ਦੀ ਲੋਡ਼ ਹੈ। ਇਸ ਮੌਕੇ ਯੂਨੀਅਨ ਦੇ ਜ਼ਿਲਾ ਪੱਧਰੀ ਅਹੁਦੇਦਾਰ ਪ੍ਰਕਾਸ਼ ਚੰਦ ਦੌਲਤਪੁਰਾ, ਅਸ਼ੋਕ ਗਿੱਲ, ਕਾਲਾ ਸਿੰਘ, ਹਰਪ੍ਰੀਤ ਸਿੰਘ, ਮਨੀਸ਼ ਕੁਮਾਰ, ਗੁਰਮੀਤ ਸਿੰਘ, ਸੋਨੂ, ਮੀਨੂ ਤੇ ਸ਼ਿੰਦਰ ਕੌਰ ਆਦਿ ਹਾਜ਼ਰ ਸਨ।
 


Related News