ਕੌਣ ਹੋਵੇਗਾ ਛੱਤੀਸਗੜ੍ਹ ਦਾ CM, ਅੱਜ ਹੋਵੇਗਾ ਐਲਾਨ (ਪੜ੍ਹੋ15 ਦਸੰਬਰ ਦੀਆਂ ਖਾਸ ਖਬਰਾਂ)
Saturday, Dec 15, 2018 - 02:59 AM (IST)
ਨਵੀਂ ਦਿੱਲੀ/ਜਲੰਧਰ—ਛੱਤੀਸਗੜ੍ਹ 'ਚ ਕਾਂਗਰਸ ਨੇ ਇਤਿਹਾਸਿਕ ਜਨਾਦੇਸ਼ ਨਾਲ ਨਵੀਂ ਸਰਕਾਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਦਾ ਨਾਮ ਤੈਅ ਕਰਨ ਦੀ ਪ੍ਰਕਿਰਿਆ ਵੀ ਲਗਭਗ ਪੂਰੀ ਹੋ ਚੁੱਕੀ ਹੈ। ਬਸ ਨਾਲ ਐਲਾਨਣ ਦੀ ਰਸਮੀ ਕਾਰਵਾਈ ਬਾਕੀ ਹੈ, ਜਿਸ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਜਲਦ ਹੀ ਪੂਰੀ ਕਰਨ ਵਾਲੇ ਹਨ।
ਅੱਜ ਤੋਂ ਦਾਖਲ ਕਰਵਾਏ ਜਾ ਸਕਣਗੇ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ

ਸੂਬੇ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ਨੀਵਾਰ ਤੋਂ ਸ਼ੁਰੂ ਹੋ ਜਾਵੇਗੀ। ਪੰਚਾਇਤੀ ਚੋਣਾਂ ਦੇ ਉਮੀਦਵਾਰ ਆਪਣੇ ਆਪਣੇ ਨਾਮਜ਼ਦਗੀ ਪੱਤਰ ਆਪਣੇ ਹਲਕੇ ਦੇ ਚੋਣ ਅਧਿਕਾਰੀ ਪਾਸ ਦਾਖਲ ਕਰਵਾ ਸਕਣਗੇ। ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ 15 ਦਸੰਬਰ ਤੋਂ 19 ਦਸੰਬਰ ਤਕ (ਐਤਵਾਰ ਨੂੰ ਛੱਡ ਕੇ) ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਏ ਜਾਣਗੇ।
ਪ੍ਰਯਾਗਰਾਜ 'ਚ ਇਕੱਠੇ ਹੋਣਗੇ ਦੁਨੀਆ ਦੇ 71 ਦੇਸ਼ਾਂ ਦੇ ਡਿਪਲੋਮੈਟ

ਦੁਨੀਆ ਦੇ ਸਭ ਤੋਂ ਵੱਡੇ ਅਧਿਆਤਮਕ ਅਤੇ ਸੱਭਿਆਚਾਰਕ ਸਮਾਗਮ ਕੁੰਭ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀ. ਕੇ. ਸਿੰਘ 72 ਦੇਸ਼ਾਂ ਦੇ ਡਿਪਲੋਮੈਟਾਂ ਨਾਲ ਸ਼ਨੀਵਾਰ ਇਥੇ ਆਉਣਗੇ।ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਦੱਸਿਆ ਕਿ ਵੀ. ਕੇ. ਸਿੰਘ ਸ਼ਨੀਵਾਰ ਸਵੇਰੇ ਸਥਾਨਕ ਹਵਾਈ ਅੱਡੇ 'ਤੇ ਪੁੱਜਣਗੇ, ਜਿਥੇ ਉਨ੍ਹਾਂ ਦਾ ਸਵਾਗਤ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕਰਨਗੇ। 20 ਸਕੂਲਾਂ ਦੇ 7000 ਬੱਚੇ ਡਿਪਲੋਮੈਟਾਂ 'ਤੇ ਫੁੱਲਾਂ ਦੀ ਵਰਖਾ ਕਰਨਗੇ। ਉਕਤ ਡਿਪਲੋਮੈਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਕੁੰਭ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।
ਸੂਬੇ ਭਰ 'ਚ ਲੱਗਣਗੀਆਂ ਲੋਕ ਅਦਾਲਤਾਂ

15 ਦਸੰਬਰ ਨੂੰ ਪੰਜਾਬ ਦੀਆਂ ਸਾਰੀਆਂ ਅਦਾਲਤਾਂ 'ਚ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ। ਜਿਨ੍ਹਾਂ 'ਚ ਗੰਭੀਰ ਫ਼ੌਜਦਾਰੀ ਮਾਮਲਿਆਂ ਨੂੰ ਛੱਡ ਕੇ ਹੋਰ ਹਰ ਤਰ੍ਹਾਂ ਦੇ ਮਾਮਲੇ ਜੋ ਵੱਖ-ਵੱਖ ਅਦਾਲਤਾਂ 'ਚ ਪੈਂਡਿੰਗ ਪਏ ਹੁੰਦੇ ਹਨ, ਉਨ੍ਹਾਂ ਦਾ ਲੋਕ ਅਦਾਲਤਾਂ 'ਚ ਫ਼ੈਸਲਾ ਕਰਵਾਇਆ ਜਾਂਦਾ ਹੈ। ਇਨ੍ਹਾਂ ਲੋਕ ਅਦਾਲਤਾਂ ਦਾ ਮੁੱਖ ਮੰਤਵ ਸਮਝੌਤੇ, ਰਾਜੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਨਬੇੜਾ ਕਰਵਾਉਣਾ ਹੁੰਦਾ ਹੈ, ਜਿਸਦੇ ਨਾਲ ਦੋਨਾਂ ਧਿਰਾਂ ਦਾ ਪੈਸਾ ਅਤੇ ਸਮੇਂ ਦੀ ਬਚਤ ਦੇ ਨਾਲ-ਨਾਲ ਆਪਸੀ ਦੁਸ਼ਮਣੀ ਘਟਦੀ ਹੈ। ਲੋਕ ਅਦਾਲਤਾਂ 'ਚ ਪਰਿਵਾਰਕ, ਦੀਵਾਨੀ, ਚੈਕ, ਬੈਂਕਿੰਗ ਅਤੇ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਲੈਣ ਦੇਣ ਦੇ ਝਗੜਿਆਂ ਦਾ ਨਬੇੜਾ ਵੀ ਕਰਵਾਇਆ ਜਾਂਦਾ ਹੈ।
ਆਰ. ਐੱਸ. ਐੱਸ. ਮੁੱਖੀ ਕਰਨਗੇ ਸੰਗਠਨ ਵਿਸਥਾਰ ਲਈ ਮੰਥਨ
![]()
ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁੱਖੀ ਮੋਹਨ ਭਾਗਵਤ ਸ਼ਨੀਵਾਰ ਨੂੰ ਓਡੀਸ਼ਾ ਦੇ ਭੁਵਨੇਸ਼ਵਰ ਵਿਚ ਦੱਖਣ ਬੰਗਾਲ ਤੇ ਪੂਰਬੀ ਓਡੀਸ਼ਾ 'ਚ ਆਰ. ਐੱਸ. ਐੱਸ. ਦੇ ਵਿਕਾਸ ਤੇ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਮੰਥਨ ਕਰਨਗੇ। ਭਾਗਵਤ ਇਨੀਂ ਦਿਨੀਂ ਪੱਛਮ ਬੰਗਾਲ ਦੇ ਚਾਰ ਦਿਨਾਂ ਦੌਰੇ 'ਤੇ ਹਨ।
ਦੇਸ਼ ਦੀ ਪਹਿਲੀ ਰੇਲ ਯੂਨੀਵਰਸਿਟੀ ਰਾਸ਼ਟਰ ਨੂੰ ਹੋਵੇਗੀ ਸਮਰਪਤ

ਰੇਲ ਮੰਤਰੀ ਪਿਊਸ਼ ਗੋਇਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਰੇਲ ਯੂਨੀਵਰਸਿਟੀ ਰਾਸ਼ਟਰ ਨੂੰ ਸਮਰਪਤ ਕਰਨਗੇ। ਰੂਸ ਅਤੇ ਚੀਨ ਪਿੱਛੋਂ ਦੁਨੀਆ ਦੀ ਇਹ ਤੀਜੀ ਅਜਿਹੀ ਯੂਨੀਵਰਸਿਟੀ ਹੋਵੇਗੀ ਜੋ ਰੇਲਵੇ ਦੇ ਕੰਮ ਨਾਲ ਜੁੜੇ ਅਧਿਐਨ 'ਚ ਸਰਗਰਮ ਹੈ। ਗੁਜਰਾਤ ਦੇ ਵਡੋਦਰਾ ਵਿਖੇ ਬਣੇ ਰਾਸ਼ਟਰੀ ਰੇਲ ਅਤੇ ਟਰਾਂਸਪੋਰਟ ਅਦਾਰੇ ਨੇ ਇਸ ਸਾਲ ਸਤੰਬਰ 'ਚ ਦੋ ਪੂਰਨ ਰਿਹਾਇਸ਼ੀ ਗ੍ਰੈਜੂਏਸ਼ਨ ਪ੍ਰੋਗਰਾਮਾਂ 'ਚ 20 ਸੂਬਿਆਂ ਦੇ 103 ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਦਾਖਲਾ ਦਿੱਤਾ ਸੀ। ਰੇਲ ਮੰਤਰਾਲਾ ਨੇ ਅਗਲੇ 5 ਸਾਲ ਲਈ ਇਸ ਯੂਨੀਵਰਸਿਟੀ ਨੂੰ 421 ਕਰੋੜ ਰੁਪਏ ਦੇਣ ਦੀ ਗੱਲ ਕਹੀ ਹੈ।
ਦਿੱਲੀ ਵਿਧਾਨਸਭਾ ਦੀ ਸਿਲਵਰ ਜੁਬਲੀ

ਭਾਜਪਾ ਦੇ ਸੀਨੀਅਰ ਨੇਤਾ ਅਤੇ ਦਿੱਲੀ ਮੇਟ੍ਰੋਪੋਲਿਟਨ ਕਾਓਂਸਿਲ ਦੇ ਪਹਿਲੇ ਚੇਅਰਮੈਨ ਲਾਲ ਕ੍ਰਿਸ਼ਨ ਆਡਵਾਨੀ 15 ਦਸੰਬਰ ਨੂੰ ਆਮ ਆਦਮੀ ਪਾਰਟੀ ਸਮੇਤ ਸਾਰੇ ਵਿਧਾਇਕ, ਸਾਬਕਾ ਵਿਧਾਇਕ, ਸਾਬਕਾ ਮੇਟ੍ਰੋਪੋਲਿਟਨ ਕਾਓਂਸਿਲਰਸ ਨਾਲ ਅਨੁਭਵ ਸਾਂਝੇ ਕਰਨਗੇ। ਦਿੱਲੀ ਵਿਧਾਨਸਭਾ ਦੀ ਸਿਲਵਰ ਜੁਬਲੀ ਦੇ ਮੌਕੇ 'ਤੇ ਆਡਵਾਨੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ।
ਰਾਸ਼ਟਰਪਤੀ ਰੱਖਣਗੇ ਰੇਲਵੇ ਸਟੇਸ਼ਨ ਦਾ ਨੀਂਹ ਪੱਥਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਗੁਜਰਾਤ ਦੇ ਨਰਮਦਾ ਜ਼ਿਲੇ ਦੇ ਕੇਵੜੀਆ 'ਚ ਅੱਜ ਇਕ ਰੇਲਵੇ ਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ। ਰੇਲ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਦੂਜਾ ਟੈਸਟ, ਦੂਜਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਹਾਕੀ : ਇੰਗਲੈਂਡ ਬਨਾਮ ਬੈਲਜੀਅਮ (ਹਾਕੀ ਵਿਸ਼ਵ ਕੱਪ)
