ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

Saturday, Apr 02, 2022 - 07:02 PM (IST)

ਮੋਗਾ (ਗੋਪੀ ਰਾਊਂਕੇ) : ਮੋਗਾ ਜ਼ਿਲ੍ਹੇ ਦੇ ਪਿੰਡ ਮੰਗੇਵਾਲਾ ਦੇ ਕਿਸਾਨ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਮੋਨੋਸੈਲ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਆਖਿਆ ਕਿ ਅਵਤਾਰ ਸਿੰਘ ਦੋ ਏਕੜ ਜ਼ਮੀਨ ਦਾ ਮਾਲਕ ਸੀ। ਅਵਤਾਰ ਸਿੰਘ ਨੇ ਬੈਂਕ ਆਫ ਇੰਡੀਆ ਤੋਂ ਤਿੰਨ ਲੱਖ ਦਾ ਕਰਜ਼ਾ ਲਿਆ ਹੋਇਆ ਸੀ, ਜਿਸ ਨੂੰ ਮੋੜਨ ਤੋਂ ਉਹ ਅਸਮਰੱਥ ਸੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ

ਇਕ ਲੜਕੀ ਤੇ ਇਕ ਲੜਕੇ ਦਾ ਪਿਓ ਸੀ ਅਵਤਾਰ ਸਿੰਘ। ਲੜਕੀ ਦਾ ਵਿਆਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਕਰ ਦਿੱਤਾ ਪਰ ਲੜਕੇ ਕੋਲ ਕੋਈ ਰੋਜ਼ਗਾਰ ਨਾ ਹੋਣ ਅਤੇ ਜ਼ਮੀਨ ਥੋੜ੍ਹੀ ਹੋਣ ਕਾਰਨ ਅਜੇ ਵਿਆਹ ਨਹੀਂ ਹੋਇਆ ਸੀ। ਇਨ੍ਹਾਂ ਗੱਲਾਂ ਕਰਕੇ ਅਵਤਾਰ ਸਿੰਘ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਸੀ। ਉਸ ਨੇ ਪ੍ਰੇਸ਼ਾਨੀ ਦੀ ਹਾਲਤ ’ਚ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਜਨਰਲ ਸਕੱਤਰ ਨੇ ਆਖਿਆ ਕਿ ਕਰਜ਼ੇ ਦੀ ਮਾਰੀ ਕਿਸਾਨੀ ਦਿਨੋ-ਦਿਨ ਟੁੱਟ ਰਹੀ ਹੈ। ਅਵਤਾਰ ਸਿੰਘ ਦੇ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੈ। ਅਵਤਾਰ ਸਿੰਘ ਪਰਿਵਾਰ ਪਾਲਣ ਦੇ ਨਾਲ-ਨਾਲ ਕਿਸਾਨੀ ਮੋਰਚੇ ’ਤੇ ਵੀ ਲਗਾਤਾਰ ਡਟਿਆ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਅਵਤਾਰ ਸਿੰਘ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ, ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਅਵਤਾਰ ਸਿੰਘ ਦੇ ਲੜਕੇ ਨੂੰ ਉਸ ਦੀ ਯੋਗਤਾ ਦੇ ਹਿਸਾਬ ਨਾਲ ਨੌਕਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ : ਹਰਪਾਲ ਚੀਮਾ ਵੱਲੋਂ ਦੁੱਧ ਦੀਆਂ ਖਰੀਦ ਕੀਮਤਾਂ ’ਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧੇ ਦਾ ਐਲਾਨ 


Manoj

Content Editor

Related News