ਨਗਰ ਕੀਰਤਨ ਦੀ ਤਰੀਕ ਬਦਲਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚਾਲੇ ਬਹਿਸਬਾਜ਼ੀ

Friday, Dec 22, 2017 - 06:46 AM (IST)

ਨਗਰ ਕੀਰਤਨ ਦੀ ਤਰੀਕ ਬਦਲਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚਾਲੇ ਬਹਿਸਬਾਜ਼ੀ

ਜਲੰਧਰ, (ਚਾਵਲਾ)— ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਦੀ ਤਰੀਕ ਬਦਲੇ ਜਾਣ ਨੂੰ ਲੈ ਕੇ ਅੱਜ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਿੱਖ ਜਥੇਬੰਦੀਆਂ ਅਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ। ਇਸ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਦੀ ਤਰੀਕ ਬਦਲੇ ਜਾਣ ਨੂੰ ਲੈ ਕੇ ਤਿੱਖੀ ਬਹਿਸਬਾਜ਼ੀ ਹੋਈ। ਇਸ ਦੌਰਾਨ ਤਲਖੀ ਵਾਲਾ ਮਾਹੌਲ ਵੀ ਪੈਦਾ ਹੋ ਗਿਆ। ਜਦ ਕੁਝ ਜੱਥੇਬੰਦੀਆਂ ਦੇ ਆਗੂ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਕ 5 ਜਨਵਰੀ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਕਹਿ ਰਹੇ ਸਨ। ਕਈਆਂ ਨੇ ਮੀਟਿੰਗ ਦਾ ਬਾਈਕਾਟ ਕਰਨਾ ਹੀ ਠੀਕ ਸਮਝਿਆ।
ਜ਼ਿਕਰਯੋਗ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ  ਪ੍ਰਬੰਧਕ ਕਮੇਟੀ ਵਲੋਂ ਜਲੰਧਰ ਵਿਚ ਮੁੱਖ ਨਗਰ ਕੀਰਤਨ 23 ਦਸੰਬਰ ਨੂੰ ਸਜਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਪ੍ਰਬੰਧਕ ਕਮੇਟੀ ਵਲੋਂ ਇਹ ਹਵਾਲਾ ਦਿੱਤਾ ਗਿਆ ਸੀ ਕਿ ਇਸੇ ਦਿਨ ਸਾਹਿਬਜ਼ਾਦਿਆਂ ਦੇ ਸ਼ਹਾਦਤ ਸਬੰਧੀ ਹੋਣ ਵਾਲੇ ਸਮਾਗਮਾਂ ਨੂੰ ਵੇਖਦਿਆਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ 23 ਦਸੰਬਰ ਦੀ ਤਰੀਕ ਨੂੰ ਰੱਦ ਕਰਕੇ 2 ਜਨਵਰੀ ਨੂੰ ਨਗਰ ਕੀਰਤਨ ਸਜਾਉਣ ਦਾ ਐਲਾਨ ਬੀਤੇ ਦਿਨੀਂ ਕਰ ਦਿੱਤਾ ਗਿਆ, ਜਿਸ ਸਬੰਧੀ ਅੱਜ ਗੁਰਦੁਆਰਾ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਗਈ ਸੀ। ਇਸ ਮੌਕੇ ਇਕੱਤਰ ਹੋਏ ਨੁਮਾਇੰਦਿਆਂ ਨੇ ਨਗਰ ਕੀਰਤਨ ਦੀ ਤਰੀਕ ਨੂੰ ਇਕ ਦਿਨ ਪਹਿਲਾਂ ਬਦਲੇ ਜਾਣ ਨੂੰ ਲੈ ਕੇ ਇਤਰਾਜ਼ ਜਤਾਇਆ ਤੇ ਇਸ ਮੌਕੇ ਗੁਰਦੁਆਰਾ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਦੋਂ ਉਹ ਨਗਰ ਕੀਰਤਨ ਸਬੰਧੀ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਸਨ ਤਾਂ ਸੰਗਤਾਂ ਨੇ ਉਨ੍ਹਾਂ 'ਤੇ ਦਬਾਅ ਪਾਇਆ ਕਿ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਵਿਚ ਨਗਰ ਕੀਰਤਨ ਨਾ ਸਜਾਉਣ ਦੀ ਤਰੀਕ ਅੱਗੇ ਪਾਉਣ, ਜਿਸਦੇ ਮੱਦੇਨਜ਼ਰ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ 2 ਜਨਵਰੀ ਨੂੰ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਗਿਆ।  ਇਸ ਦੌਰਾਨ ਪ੍ਰਬੰਧਕਾਂ ਨੇ ਤਰੀਕ ਬਦਲੇ ਜਾਣ 'ਤੇ ਇਤਰਾਜ਼ ਕਰਦਿਆਂ ਕਿਹਾ ਕਿ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦੇਖਣਾ ਚਾਹੀਦਾ ਸੀ ਕਿ ਸ਼ਹਾਦਤ ਅਤੇ ਪ੍ਰਕਾਸ਼ ਪੁਰਬ ਇਕੋ ਸਮੇਂ ਆ ਰਹੇ ਹਨ ਤੇ ਉਸ ਮੁਤਾਬਕ ਹੀ ਤਰੀਕ ਮੁਕੱਰਰ ਕਰਨੀ ਚਾਹੀਦੀ ਸੀ। ਜੇਕਰ ਨਗਰ ਕੀਰਤਨ ਦੀ ਤਰੀਕ ਬਦਲਣੀ ਸੀ ਤਾਂ ਇਸ ਬਾਰੇ ਫੈਸਲਾ 2 ਮਹੀਨੇ ਪਹਿਲਾਂ ਲਿਆ ਜਾਣਾ ਚਾਹੀਦਾ ਸੀ। ਨਗਰ ਕੀਰਤਨ ਸਜਾਉਣ ਤੋਂ ਇਕ ਦਿਨ ਪਹਿਲਾਂ ਤਰੀਕ ਬਦਲਣਾ ਸਿੱਖ ਸੰਗਤਾਂ ਦੀ ਸ਼ਰਧਾ 'ਤੇ ਸੱਟ ਮਾਰਨਾ ਹੈ ਕਿਉਂਕਿ ਵੱਖ-ਵੱਖ ਸਭਾ ਸੁਸਾਇਟੀਆਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ  ਵੱਡੇ ਪੱਧਰ 'ਤੇ ਇਤਜ਼ਾਮ ਕੀਤੇ ਹੋਏ ਹਨ।

PunjabKesari
ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਕਾਫੀ ਰੌਲੇ ਰੱਪੇ ਬਾਅਦ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਐਤਕਾਂ ਨਗਰ ਕੀਰਤਨ 23 ਦਸੰਬਰ ਨੂੰ ਹੀ ਸਜਾਇਆ ਜਾਏਗਾ। ਸਾਲ 2019 ਵਿਚ ਆ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ 5 ਜਨਵਰੀ ਨੂੰ ਹੀ ਮਨਾਉਣ ਸਬੰਧੀ ਸਮੂਹ ਸਿੰਘ ਸਭਾਵਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਦੇਣਗੀਆਂ ਅਤੇ ਮੰਗ ਕਰਨਗੀਆਂ ਕਿ ਸਿੱਖਾਂ ਵਿਚ ਪ੍ਰਕਾਸ਼ ਪੁਰਬ ਦੀਆਂ ਤਰੀਕਾਂ ਨੂੰ ਲੈ ਕੇ ਸਮੂਹ ਸਿੱਖ ਸੰਗਤਾਂ ਵਿਚ ਪੈਦਾ ਹੋਈ ਦੁਚਿੱਤੀ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਜਾਵੇ। 
ਇਸ ਮੌਕੇ ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਬਲਜੀਤ ਸਿੰਘ ਨੀਲਾਮਹਿਲ, ਸਰਬਜੀਤ ਸਿੰਘ ਮੱਕੜ, ਗੁਰਚਰਨ ਸਿੰਘ ਚੰਨੀ, ਸੁਰਜੀਤ ਸਿੰਘ ਚੀਮਾ, ਸ਼ੈਰੀ ਚੱਢਾ ਕੌਂਸਲਰ, ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਗੁਰਮੀਤ ਸਿੰਘ ਬਿੱਟੂ, ਸਤਪਾਲ ਸਿੰਘ ਸਿਦਕੀ, ਛਨਬੀਰ ਸਿੰਘ, ਕੰਵਲਜੀਤ ਸਿੰਘ ਟੋਨੀ, ਮਨਜੀਤ ਸਿੰਘ ਠੁਕਰਾਲ, ਈਸ਼ਰ ਸਿੰਘ, ਅਮਰਪ੍ਰੀਤ ਸਿੰਘ ਮੋਂਟੀ, ਰਾਜਿੰਦਰ ਸਿੰਘ ਮਿਗਲਾਨੀ, ਹਰਭਜਨ ਸਿੰਘ ਸੈਣੀ, ਅਮਰਜੀਤ ਸਿੰਘ ਬਿੱਟੂ ਕਿਸ਼ਨਪੁਰਾ, ਹਰਸੁਰਿੰਦਰ ਸਿੰਘ ਲੰਮਾ ਪਿੰਡ, ਹਰਭਜਨ ਸਿੰਘ ਸੈਣੀ, ਦਲਜੀਤ ਸਿੰਘ ਬੇਦੀ, ਪ੍ਰੋ. ਬਲਵਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ ਗੋਲਡੀ, ਭੁਪਿੰਦਰਪਾਲ ਸਿੰਘ ਖਾਲਸਾ, ਹਰਜੋਤ ਸਿੰਘ ਲੱਕੀ, ਮਨਦੀਪ ਸਿੰਘ ਬੱਲੂ, ਨਿਰਮਲ ਸਿੰਘ ਬੇਦੀ, ਅਜੀਤ ਸਿੰਘ ਸੇਠੀ, ਮਹਿੰਦਰਜੀਤ ਸਿੰਘ, ਅਮਰਜੀਤ ਸਿੰਘ ਮਿੱਠਾ, ਬਲਵੰਤ ਸਿੰਘ ਸ਼ੇਰਗਿਲ, ਸਾਹਿਬ ਸਿੰਘ ਢਿੱਲੋਂ, ਰਣਜੀਤ ਸਿੰਘ ਰਾਣਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਮਨਜੀਤ ਸਿੰਘ ਟਰਾਂਸਪੋਰਟਰ, ਜਸਵੀਰ ਸਿੰਘ ਦਕੋਹਾ, ਰਜਿੰਦਰ ਸਿੰਘ ਸਭਰਵਾਲ, ਮਹੇਸ਼ ਇੰਦਰ ਸਿੰਘ ਧਾਮੀ, ਗੁਰਪ੍ਰੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ। 


Related News