5 ਵਾਰ ਤਮਗਾ ਜੇਤੂ ਰਾਸ਼ਟਰੀ ਬਾਕਸਿੰਗ ਖਿਡਾਰੀ ਚੜ੍ਹਿਆ ''ਚਿੱਟੇ'' ਦੀ ਭੇਟ
Thursday, Jul 28, 2022 - 03:05 AM (IST)
ਤਲਵੰਡੀ ਸਾਬੋ (ਮਨੀਸ਼) : ਕੁਲਦੀਪ ਸਿੰਘ (22) ਪੁੱਤਰ ਪ੍ਰੀਤਮ ਸਿੰਘ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਹੁਣ ਤੱਕ ਹੋਏ ਕੌਮੀ ਬਾਕਸਿੰਗ ਮੁਕਾਬਲਿਆਂ 'ਚ ਜਿੱਥੇ ਉਸ ਨੇ 5 ਤਮਗੇ ਆਪਣੇ ਨਾਂ ਕੀਤੇ ਸਨ, ਉੱਥੇ ਉਹ 2 ਵਾਰ ਗੋਲਡ ਮੈਡਲ ਵੀ ਜਿੱਤ ਚੁੱਕਾ ਸੀ। ਬਾਕਸਿੰਗ ਕੋਚ ਹਰਦੀਪ ਸਿੰਘ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਕਰੀਬ 11 ਵਜੇ ਕੁਲਦੀਪ ਘਰੋਂ ਨਿਕਲਿਆ ਪਰ ਸ਼ਾਮ ਤੱਕ ਉਸ ਨਾਲ ਸੰਪਰਕ ਨਾ ਹੋਣ 'ਤੇ ਉਸ ਦੀ ਭਾਲ ਕੀਤੀ ਗਈ ਤਾਂ ਰਾਮਾਂ ਰੋਡ 'ਤੇ ਪੈਂਦੇ ਰਜਬਾਹੇ ਦੇ ਇਕ ਕਿਨਾਰੇ ਖੇਤਾਂ 'ਚੋਂ ਉਸ ਦੀ ਲਾਸ਼ ਬਰਾਮਦ ਹੋਈ। ਅੱਖੀਂ ਦੇਖਣ ਵਾਲਿਆਂ ਅਨੁਸਾਰ ਉਸ ਕੋਲੋਂ ਇਕ ਸਰਿੰਜ ਵੀ ਮਿਲੀ ਹੈ, ਜਿਸ ਤੋਂ ਲੱਗਦਾ ਹੈ ਕਿ ਉਸ ਦੀ ਮੌਤ ‘ਚਿੱਟੇ’ ਦੀ ਓਵਰਡੋਜ਼ ਨਾਲ ਹੋਈ ਹੈ।
ਖ਼ਬਰ ਇਹ ਵੀ : ਪੰਜਾਬ ਸਰਕਾਰ ਖਤਮ ਕਰੇਗੀ ਇਹ ਪੋਸਟ ਤਾਂ ਉਥੇ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪੜ੍ਹੋ TOP 10
ਹਾਲਾਂਕਿ ਮ੍ਰਿਤਕ ਦੇ ਵਾਰਿਸਾਂ ਨੇ ਉਸ ਨੂੰ ਕਿਸੇ ਵੱਲੋਂ ਉਕਤ ਟੀਕਾ ਲਗਾਏ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਕਿਉਂਕਿ ਉਨ੍ਹਾਂ ਮੁਤਾਬਕ ਉਹ ‘ਚਿੱਟੇ’ ਦਾ ਆਦੀ ਨਹੀਂ ਸੀ। ਉੱਧਰ ਖਿਡਾਰੀ ਦੀ ਲਾਸ਼ ਨੂੰ ਤੁਰੰਤ ਐਂਬੂਲੈਂਸ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਖਿਡਾਰੀਆਂ ਵਿੱਚ ਫੈਲ ਗਈ। ਸਿਵਲ ਹਸਪਤਾਲ ਸ਼ਾਮ ਸਮੇਂ ਵੱਡੀ ਗਿਣਤੀ 'ਚ ਇਕੱਤਰ ਹੋਏ ਖਿਡਾਰੀਆਂ ਨੇ ਕਥਿਤ ਦੋਸ਼ ਲਾਏ ਕਿ ਇਤਿਹਾਸਕ ਨਗਰ ਤਲਵੰਡੀ ਸਾਬੋ 'ਚ ‘ਚਿੱਟਾ’ ਜ਼ੋਰ-ਸ਼ੋਰ ਨਾਲ ਵਿਕ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ। ਕਈ ਖਿਡਾਰੀ ਇਸ ਮੌਕੇ ਭੁੱਬਾਂ ਮਾਰ ਰੋਂਦੇ ਦਿਖਾਈ ਦਿੱਤੇ। ਉੱਧਰ ਧਰਮਵੀਰ ਸਿੰਘ ਐੱਸ.ਆਈ. ਦੀ ਅਗਵਾਈ 'ਚ ਪੁੱਜੀ ਪੁਲਸ ਟੀਮ ਨੇ ਮੁੱਢਲੀ ਪ੍ਰਕਿਰਿਆ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਚੌਕ 'ਚੋਂ ਰੇਹੜੀਆਂ ਹਟਾਉਣ ਤੋਂ ਭੜਕੇ ਫਲਾਂ-ਸਬਜ਼ੀ ਵਾਲਿਆਂ ਨੇ ਰੇਹੜੀਆਂ ਪਲਟ ਕੇ ਕੀਤੀ ਨਾਅਰੇਬਾਜ਼ੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।