ਦਿੱਲੀ ਮੋਰਚੇ ਤੋਂ ਵਾਪਸ ਪਰਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ
Tuesday, May 04, 2021 - 01:33 AM (IST)
ਭਾਦਸੋਂ, (ਅਵਤਾਰ)- ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਵਾਪਸ ਪਰਤ ਮੇਘ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਕਾਲਸਨਾਂ ਦਾ ਦਿਹਾਂਤ ਹੋ ਗਿਆ । ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੇਘ ਸਿੰਘ ਬੀਤੀ ਕੱਲ ਦਿੱਲੀ ਤੋਂ ਬਿਮਾਰ ਹੋਣ ਕਰਕੇ ਵਾਪਸ ਪਿੰਡ ਪਰਤੇ ਸਨ ਅਤੇ ਕੱਲ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮੇਘ ਸਿੰਘ ਦਾ ਅੱਜ ਪਿੰਡ ਕਾਲਸਨਾਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।
ਜ਼ਿਕਰਯੋਗ ਹੈ ਕਿ 5 ਮਹੀਨੇ ਤੋਂ ਵੱਧ ਚੱਲ ਰਹੇ ਦਿੱਲੀ ਧਰਨੇ ’ਚ ਕਈ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ। ਜਿੱਥੇ ਇਕ ਪਾਸੇ ਕਿਸਾਨ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿੱਦ 'ਤੇ ਹਨ, ਉੱਥੇ ਹੀ ਕੇਂਦਰ ਸਰਕਾਰ ਵੀ ਆਪਣੀ ਤਜਵੀਜ਼ ’ਤੇ ਅੜੀ ਹੋਈ ਹੈ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਅੜ੍ਹੇ ਹੋਏ ਹਨ ਅਤੇ ਕੇਂਦਰ ਸਰਕਾਰ ਡੇਢ ਸਾਲ ਲਈ ਕਾਨੂੰਨ ’ਤੇ ਰੋਕ ਲਾਉਣ ਦੀ ਤਜਵੀਜ਼ ’ਤੇ ਵਿਚਾਰ ਕਰਨ ਲਈ ਆਖ ਰਹੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਲਾਕਡਾਊਨ ਵਧਾਇਆ ਗਿਆ ਹੈ। ਲਾਕਡਾਊਨ ਇਕ ਹਫ਼ਤੇ ਲਈ ਹੋਰ ਵਧਾਇਆ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿੱਤੀ।