ਮਾਨਸਾ ਜ਼ਿਲ੍ਹੇ 'ਚ 'ਕੋਰੋਨਾ' ਕਾਰਨ ਚੌਥੀ ਮੌਤ, 21 ਨਵੇਂ ਮਾਮਲੇ, ਦਹਿਸ਼ਤ 'ਚ ਲੋਕ

Saturday, Aug 22, 2020 - 08:43 AM (IST)

ਮਾਨਸਾ ਜ਼ਿਲ੍ਹੇ 'ਚ 'ਕੋਰੋਨਾ' ਕਾਰਨ ਚੌਥੀ ਮੌਤ, 21 ਨਵੇਂ ਮਾਮਲੇ, ਦਹਿਸ਼ਤ 'ਚ ਲੋਕ

ਮਾਨਸਾ (ਸੰਦੀਪ ਮਿੱਤਲ, ਬੁਢਲਾਡਾ) : ਦੇਸ਼ 'ਚ ਦਿਨੋਂ-ਦਿਨ ਵਧ ਰਹੀ ਕੋਰੋਨਾ ਮਹਾਮਾਰੀ ਕਾਰਨ ਸਮੁੱਚੇ ਦੇਸ਼ 'ਚ ਕੋਰੋਨਾ ਦੇ ਹਜ਼ਾਰਾਂ ਦੀ ਗਿਣਤੀ 'ਚ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ, ਉਥੇ ਹੀ ਮਾਨਸਾ ਜ਼ਿਲ੍ਹੇ 'ਚ ਰੋਜ਼ਾਨਾ ਆ ਰਹੇ ਕੋਰੋਨਾ ਦੇ ਕੇਸਾਂ ਕਾਰਨ ਲੋਕਾਂ ਦੇ ਸਾਹ ਫੁੱਲਦੇ ਦਿਖਾਈ ਦੇ ਰਹੇ ਹਨ। ਨਵੇਂ ਮਾਮਲੇ 'ਚ ਅੱਜ ਇੱਥੋਂ ਦੇ ਸਿਵਲ ਹਸਪਤਾਲ ਵਿਖੇ ਗੁੜੱਦੀ ਵਾਸੀ ਇਕ ਬਜ਼ੁਰਗ ਅਤੇ ਬਠਿੰਡਾ ਦੇ ਆਦੇਸ਼ ਹਸਪਤਾਲ ਵਿਖੇ ਬੁਢਲਾਡਾ ਵਾਸੀ ਇਕ ਬਜ਼ੁਰਗ ਦੀ ਮੌਤ ਹੋਣ 'ਤੇ ਜ਼ਿਲ੍ਹੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਰਨਣਯੋਗ ਹੈ ਕਿ ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਹੁਣ ਤੱਕ 4 ਮੌਤਾਂ ਹੋ ਚੁੱਕੀਆ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵੱਖ-ਵੱਖ ਥਾਵਾਂ ਤੋਂ ਮਾਨਸਾ ਜ਼ਿਲ੍ਹੇ 'ਚ 21 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਜਿਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਸਿਵਲ ਸਰਜਨ ਡਾ. ਗੁਰਵਿੰਦਰਵੀਰ ਸਿੰਘ ਅਤੇ ਕੋਰੋਨਾ ਸੈਂਪਲਿੰਗ ਦੇ ਜ਼ਿਲ੍ਹਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ ਕਰੀਬ 22,893 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚ 372 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚੋਂ 208 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 4 ਮਰੀਜ਼ਾਂ ਦੀ ਮੌਤ ਹੋਣ ਉਪਰੰਤ ਹੁਣ ਕੁੱਲ 160 ਕੋਰੋਨਾ ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਬੰਦ ਕੀਤੀ 'ਗੇੜੀ', ਹੁਣ ਕਾਰ 'ਚ ਘੁੰਮਣਾ ਹੋਇਆ ਔਖਾ

ਪਾਜ਼ੇਟਿਵ ਵਿਅਕਤੀਆਂ ਦਾ ਮਨੋਬਲ ਵਧਾਉਣ ਲਈ ਪ੍ਰਸ਼ਾਸਨ ਯਤਨਸ਼ੀਲ
ਡਿਪਟੀ ਕਮਿਸ਼ਨਰ ਮਹਿੰਦਰਪਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ। ਅੱਜ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਰੋਕਥਾਮ ਦੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦਾ ਮਨੋਬਲ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਆ ਜਾਂਦਾ ਹੈ ਤਾਂ ਉਸ ਨੂੰ ਗੰਭੀਰ ਲੱਛਣ ਨਾ ਹੋਣ ਦੀ ਸੂਰਤ 'ਚ ਉਸਦੇ ਘਰ 'ਚ ਹੀ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ । ਉਨ੍ਹਾਂ ਕੋਵਿਡ-19 ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਜ਼ਿਲ੍ਹੇ 'ਚ ਰੋਜ਼ਾਨਾ 500 ਤੋਂ ਵਧੇਰੇ ਟੈਸਟ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਹਰ ਕੋਵਿਡ ਮਰੀਜ਼ ਦੇ 10 ਸੰਪਰਕ ਵਾਲੇ ਵਿਅਕਤੀਆਂ ਦੀ ਟੈਸਟਿੰਗ ਦੇ ਨਿਰਦੇਸ਼


author

Anuradha

Content Editor

Related News