ਇੱਕੋ ਘਰ ਵਿਆਹੇ 2 ਭਰਾਵਾਂ ਦੀ ਸਡ਼ਕ ਹਾਦਸੇ ’ਚ ਮੌਤ
Sunday, Aug 19, 2018 - 03:59 AM (IST)

ਸਮਾਣਾ, (ਦਰਦ)- ਬੀਤੀ ਦੇਰ ਰਾਤ ਭਵਾਨੀਗਡ਼੍ਹ-ਸੁਨਾਮ ਸਡ਼ਕ ’ਤੇ ਪਿੰਡ ਘਰਾਚੋਂ ਨਜ਼ਦੀਕ ਭਿਆਨਕ ਦੁਰਘਟਨਾ ਵਿਚ ਮੋਟਰਸਾਈਕਲ ਸਵਾਰ ਢੇਹਾ ਬਸਤੀ ਸਮਾਣਾ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਚਚੇਰੇ ਭਰਾ ਇਸੇ ਬਸਤੀ ਦੇ ਰਹਿਣ ਵਾਲੇ ਇਕੋ ਪਰਿਵਾਰ ਵਿਚ ਸਕੀਅਾਂ ਭੈਣਾਂ ਨਾਲ ਵਿਆਹੇ ਹੋਏ ਸਨ। ਦੋਵਾਂ ਕੋਲ 2 ਛੋਟੇ-ਛੋਟੇ ਬੱਚੇ ਹਨ। ®ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਬਸਤੀ ਦੀ ਢੇਹਾ ਕਾਲੋਨੀ ਦੇ ਰਾਮ ਕੁਮਾਰ (27) ਪੁੱਤਰ ਕਰਨੈਲ ਰਾਮ ਆਪਣੇ ਚਚੇਰੇ ਭਰਾ ਸੋਨੂੰ (25) ਪੁੱਤਰ ਕੈਲਾ ਰਾਮ ਨਾਲ ਮੋਟਰਸਾਈਕਲ ’ਤੇ ਚੀਮਾ ਮੰਡੀ (ਮਾਨਸਾ) ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਗਏ ਸੀ।
ਦੇਰ ਰਾਤ ਜਦੋਂ ਉਹ ਵਾਪਸ ਆ ਰਹੇ ਸਨ, ਜਦੋਂ ਭਵਾਨੀਗਡ਼੍ਹ ਦੇ ਨਜ਼ਦੀਕ ਪਿੰਡ ਘਰਾਚੋਂ ਵਿਖੇ ਪਹੁੰਚੇ ਤਾਂ ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਦੇਰ ਰਾਤ ਸਮਾਣਾ ਵਿਖੇ ਰਹਿੰਦੇ ਪਰਿਵਾਰ ਨੂੰ ਦੁਰਘਟਨਾ ਦੀ ਸੂਚਨਾ ਮਿਲਣ ’ਤੇ ਢੇਹਾ ਬਰਾਦਰੀ ਦੇ ਲੋਕਾਂ ਵਿਚ ਮਾਤਮ ਛਾ ਗਿਆ।
ਇਸ ਸਬੰਧੀ ਥਾਣਾ ਭਵਾਨੀਗਡ਼੍ਹ ਦੇ ਪੁਲਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀਅਾਂ ਹਨ।