ਟਰੇਨ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ
Thursday, Aug 03, 2017 - 06:23 AM (IST)

ਲਹਿਰਾ ਮੁਹੱਬਤ, (ਮਨੀਸ਼)- ਨੇੜਲੇ ਪਿੰਡ ਲਹਿਰਾ ਧੂਰਕੋਟ ਵਿਖੇ ਸਥਿਤ ਰੇਲਵੇ ਫਾਟਕਾਂ ਦੇ ਵਿਚਕਾਰ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 7 ਵਜੇ ਰੇਲਵੇ ਪੁਲਸ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਦੀ ਲਾਸ਼ ਪਿੰਡ ਲਹਿਰਾ ਧੂਰਕੋਟ ਵਿਖੇ ਰੇਲਵੇ ਫਾਟਕਾਂ ਵਿਚਕਾਰ ਪਈ ਹੈ, ਜਿਸ ਨੂੰ ਸਹਾਰਾ ਵਰਕਰ ਰਾਜੂ ਗਿਰੀ, ਭੁਪਿੰਦਰ ਸਿੰਘ ਭਿੰਦੀ, ਇਕਬਾਲ ਸਿੰਘ ਨੇ ਰੇਲਵੇ ਪੁਲਸ ਦੀ ਮੌਜੂਦਗੀ 'ਚ ਸਿਵਲ ਹਸਪਤਾਲ ਰਾਮਪੁਰਾ ਪਹੁੰਚਾਇਆ। ਮ੍ਰਿਤਕ ਦੀ ਪਛਾਣ ਸ਼ਿੰਗਾਰਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਾਨਸਾ ਵਜੋਂ ਹੋਈ। ਰੇਲਵੇ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਕਾਰਵਾਈ ਕਰ ਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ।