ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਮੌਤ
Monday, Oct 23, 2017 - 06:50 AM (IST)
ਸੰਗਤ ਮੰਡੀ, (ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਸੰਗਤ ਕੈਂਚੀਆਂ ਨਜ਼ਦੀਕ ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਫੋਟੋਗ੍ਰਾਫਰ ਦੀ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਜ਼ੋਰਾਵਰ ਸਿੰਘ (30) ਪੁੱਤਰ ਰਾਜ ਸਿੰਘ ਵਾਸੀ ਭੂਤਾ (ਭਗਤ ਸਿੰਘ ਨਗਰ) ਆਪਣੇ ਚਾਚੇ ਨੂੰ ਮਿਲ ਕੇ ਵਾਪਸ ਪਿੰਡ ਕੰਮ 'ਤੇ ਜਾ ਰਿਹਾ ਸੀ, ਜਦ ਉਹ ਉਕਤ ਸਥਾਨ 'ਤੇ ਪਹੁੰਚਿਆਂ ਤਾਂ ਓਵਰਟੇਕ ਕਰਦੇ ਸਮੇਂ ਅੱਗੇ ਜਾ ਰਹੇ ਕਿਸੇ ਵਾਹਨ ਨਾਲ ਟਕਰਾ ਗਿਆ। ਜ਼ੋਰਾਵਰ ਦੇ ਸਿਰ 'ਚ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਸੰਗਤ ਸਹਾਰਾ ਸੇਵਾ ਸੰਸਥਾ ਦੇ ਵਾਲੰਟੀਅਰ ਚਰਨਜੀਤ ਮਛਾਣਾ ਤੇ ਰਿੰਕਾ ਸਿੰਘ ਮੌਕੇ 'ਤੇ ਐਂਬੂਲੈਂਸ ਲੈ ਕੇ ਪਹੁੰਚੇ। ਉਨ੍ਹਾਂ ਸੰਗਤ ਪੁਲਸ ਦੀ ਸਹਾਇਤਾ ਨਾਲ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜਦ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
